’ਆਪ’ ਪਾਰਟੀ ਤੋਂ ਖਫ਼ਾ ਵਲੰਟੀਅਰਾਂ ਨੇ ਟੋਪੀਆਂ, ਝੰਡੇ ਫੂਕ ਕੇ ਪ੍ਰਗਟਾਇਆ ਆਪਣਾ ਰੋਸ
ਗੁਰੂਹਰਸਹਾਏ, 10 ਦਸੰਬਰ (ਪਰਮਪਾਲ ਗੁਲਾਟੀ)- ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰਾਂ ਨੇ ਪਾਰਟੀ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਪਾਰਟੀ ਦੇ ਝੰਡੇ, ਟੋਪੀਆਂ ਸਮੇਤ ਹੋਰ ਨਿਸ਼ਾਨ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ। ਅੱਜ ਆਪ ਪਾਰਟੀ ਵਲੋਂ ਸਾਂਸਦ ਭਗਵੰਤ ਮਾਨ ਇੱਥੇ ਰਾਮ ਚੌਂਕ ਵਿਖੇ ਪਾਰਟੀ ਉਮੀਦਵਾਰ ਡਾ. ਮਲਕੀਤ ਥਿੰਦ ਦੇ ਹੱਕ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਸਨ ਪਰੰਤੂ ਉਸ ਤੋਂ ਪਹਿਲਾ ਹੀ ਕੁਝ ਪਾਰਟੀ ਵਲੰਟੀਅਰਾਂ ਨੇ ਇਹ ਰੋਸ ਜਤਾਇਆ। ਪਾਰਟੀ ਦੇ ਸਾਬਕਾ ਮਹਿਲਾ ਕੋਆਰਡੀਨੇਟਰ ਫਿਰੋਜ਼ਪੁਰ ਅਮਨਦੀਪ ਕੌਰ ਦੀ ਅਗਵਾਈ ਹੇਠ ਇਕੱਤਰ ਹੋਏ ਕੁਲਦੀਪ ਸਵਾਇਆ ਰਾਏ, ਕੁਲਵੰਤ ਨਿਧਾਨਾ, ਸੋਨਾ ਬਾਂਡੀਆਂ, ਰਾਜ ਕੁਮਾਰ ਦੁੱਲੇ ਕੇ, ਸੁਰਿੰਦਰ ਧਵਨ ਸਮੇਤ ਦਰਜਨ ਵਰਕਰਾਂ ਨੇ ਪਾਰਟੀ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆ ਆਪਣੀ ਭੜਾਸ ਕੱਢੀ। ਉਧਰ ਇਸ ਇਹ ਰੋਸ ਪ੍ਰਗਟ ਕਰ ਰਹੇ ਇਨ•ਾਂ ਵਲੰਟੀਅਰਾਂ ਨੂੰ ਵੇਖ ਕੇ ਰੈਲੀ ਵਿਚ ਪਹੁੰਚੇ ਕੁਝ ਸਰਗਰਮ ਵਲੰਟੀਅਰ ਮੌਕੇ ‘ਤੇ ਆ ਪੁੱਜੇ ਅਤੇ ਰੋਸ ਪ੍ਰਗਟ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ ਬਿੱਤਰ ਕਰ ਦਿੱਤਾ।
ਸਾਬਕਾ ਕੋਆਰਡੀਨੇਟਰ ਅਮਨਦੀਪ ਕੌਰ ਨੇ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਵਲੰਟੀਅਰਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਜਿਸ ਤੋਂ ਪਤਾ ਚਲਦਾ ਹੈ ਕਿ ਪਾਰਟੀ ਵਿਚ ਔਰਤਾਂ ਦਾ ਕਿੰਨਾ ਸਨਮਾਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ 6 ਮਈ ਨੂੰ ਮੋਹਾਲੀ ਵਿਖੇ ਪਾਰਟੀ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਖੁਦ ਕੋਆਰਡੀਨੇਟਰ ਬਣਨ ਦੇ ਚਾਹਵਾਨ ਆਪ ਪਾਰਟੀ ਦੇ ਕੁਝ ਵਲੰਟੀਅਰਾਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਪਰੰਤੂ ਮੀਟਿੰਗ ਦੌਰਾਨ ਮੌਕੇ ‘ਤੇ ਮੋਜੂਦ ਪਾਰਟੀ ਆਗੂ ਸੰਜੇ ਸਿੰਘ ਸਮੇਤ ਹੋਰ ਸੀਨੀਅਰ ਆਗੂਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਉਸਨੇ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਵੀ ਲਿਖਿਆ ਪਰੰਤੂ ਉਹਨਾਂ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸਨੇ ਨਿਰਾਸ਼ ਹੋ ਕੇ ਸਤੰਬਰ ਵਿਚ ਪਾਰਟੀ ਛੱਡ ਦਿੱਤੀ।
ਅਮਨਦੀਪ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੁਪਰੀਮ ਕੋਰਟ ਵਿਚ ਕਿਹਾ ਕਿ ਐਸ.ਵਾਈ.ਐਲ ਦਾ ਪਾਣੀ ਹਰਿਆਣਾ ਨੂੰ ਮਿਲਣਾ ਚਾਹੀਦਾ ਹੈ ਅਤੇ ਜੋ ਵਿਅਕਤੀ ਪੰਜਾਬ ਦੇ ਖੇਤਾਂ ਦਾ ਪਾਣੀ ਖੋਹਣਾ ਚਾਹੁੰਦਾ ਹੈ ਉਸਨੂੰ ਪੰਜਾਬ ਵਿਚ ਵੜਨ ਦਾ ਕੋਈ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਸਰਕਾਰ ਬਣਨ ‘ਤੇ ਅਰਵਿੰਦ ਕੇਜਰੀਵਾਲ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਔਰਤਾਂ ਲਈ ਕਮਾਂਡੋ ਫੋਰਸ ਬਣਾਈ ਜਾਵੇਗੀ ਪਰੰਤੂ ਦਿੱਲੀ ਵਿਚ ਔਰਤਾਂ ‘ਤੇ ਅੱਤਿਆਚਾਰ ਵਧਿਆ ਹੈ ਜਦਕਿ ਦਿੱਲੀ ‘ਚ ਆਪ ਆਗੂਆਂ ਵਲੋਂ ਹੀ ਔਰਤਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਵਿਚ ਪੁਰਾਣੇ ਵਰਕਰਾਂ ਨੂੰ ਕੋਈ ਇੱਜਤ ਨਹੀਂ ਦਿੱਤੀ ਜਾ ਰਹੀ ਅਤੇ ਪਾਰਟੀ ਆਗੂਆਂ ਵਲੋਂ ਪੈਸੇ ਲੈ ਕੇ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ।