Ferozepur News
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਪੈਡਲਰਸ ਕਲੱਬ ਵੱਲੋਂ ਵਿਸ਼ਾਲ ਸਾਈਕਲ ਰੈਲੀ ਆਯੋਜਿਤ
ਸਿਹਤ ਅਤੇ ਵਾਤਾਵਰਨ ਸੰਭਾਲ ਲਈ ਨੌਜਵਾਨ ਅੱਗੇ ਆਉਣ:—- ਐਸ. ਐਸ. ਪੀ. ਮਾਨ
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਪੈਡਲਰਸ ਕਲੱਬ ਵੱਲੋਂ ਵਿਸ਼ਾਲ ਸਾਈਕਲ ਰੈਲੀ ਆਯੋਜਿਤ
ਫਿਰੋਜ਼ਪੁਰ 28 ਸਤੰਬਰ ( Harish Monga): ਸ਼ਹੀਦੇ ਆਜ਼ਮ ਸ. ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ ਤੇ ਚੱਲ ਕੇ ਅੱਜ ਦਾ ਨੌਜਵਾਨ ਖੂਨ ਦਾਨ ਦੀ ਥਾਂ ਸਮਾਜ ਵਿਚ ਫੈਲੀਆਂ ਨਸ਼ਾਖੋਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਪਣਾ ਪਸੀਨਾ ਵਹਾਏ। ਇਸ ਗੱਲ ਦਾ ਪ੍ਰਗਟਾਵਾ ਹਰਦਿਆਲ ਸਿੰਘ ਮਾਨ ਐਸ. ਐਸ. ਪੀ. ਫਿਰੋਜਪੁਰ ਨੇ ਪੈਡਲਰਸ ਕਲੱਬ ਫਿਰੋਜ਼ਪੁਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਨੂੰ ਹਰੀ ਝੰਡੀ ਦੇਣ ਤੋਂ ਪਹਿਲਾ ਮੋਹਨ ਲਾਲ ਭਾਸਕਰ ਚੌਂਕ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਏ ਅਤੇ ਮਹਿੰਗੀਆਂ ਕਾਰ ਅਤੇ ਮੋਟਰ ਬਾਈਕ ਦੀ ਥਾਂ ਸਾਈਕਲ ਦੀ ਵਰਤੋਂ ਨੂੰ ਵੀ ਬਣਦਾ ਸਥਾਨ ਦੇਵੇ। ਫਿਰੋਜਪੁਰ ਦੇ ਵੱਖ ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀ, ਪੁਲਸ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਬੀ. ਐਸ. ਐਫ. ਦੇ ਅਫ਼ਸਰ, ਆਰਮੀ ਅਧਿਕਾਰੀ, ਅਧਿਆਪਕਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਰੈਲੀ ਵਿਚ ਸ਼ਾਮਲ ਹੋਏ। ਰੈਲੀ ਦਾ ਹੁਸੈਨੀਵਾਲਾ ਪਹੁੰਚਣ ਤੇ ਬੀ. ਐਸ. ਐਫ. ਅਤੇ ਆਰਮੀ ਜਵਾਨਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸਮਾਧੀ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਯੋਜਿਤ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼੍ਰੀ ਕੇ. ਬੀ. ਪਾਟਿਲ ਐਸ. ਪੀ. (ਐਚ) ਆਈ. ਪੀ. ਐਸ., ਜਤਿੰਦਰ ਜੋਰਵਾਲ ਆਈ. ਏ. ਐਸ., ਸਹਾਇਕ ਕਮਿਸ਼ਨਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਨ੍ਹਾਂ ਨੇ ਆਪਣੇ ਸੰਬੋਧਨ ਵਿਚ ਪੈਡਰਲਸ ਕਲੱਬ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਨੇ ਨੌਜਵਾਨਾਂ ਨੂੰ ਸਿਹਤ ਸੰਭਾਲ ਲਈ ਅਤੇ ਆਰਥਿਕ ਤੌਰ ਤੇ ਬੱਚਤ ਕਰਨ ਲਈ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾਉਣ ਦੀ ਗੱਲ ਕੀਤੀ।
ਇਸ ਤੋਂ ਪਹਿਲਾ ਪੈਡਲਰਜ ਕਲੱਬ ਵੱਲੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਰਸਮੀ ਤੌਰ ਤੇ ਸਵਾਗਤ ਕਰਦਿਆਂ ਅਨਿਰੁਧ ਗੁਪਤਾ ਨੇ ਪੈਡਲਰਜ਼ ਕਲੱਬ ਦੇ ਉਦੇਸ਼ ਅਤੇ ਅੱਜ ਦੀ ਆਯੋਜਿਤ ਰੈਲੀ ਅਤੇ ਸਮਾਗਮ ਸਬੰਧੀ ਵਿਸਥਾਰ ਸਿਹਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਰੈਲੀ ਹਰ ਸਾਲ 28 ਸਤੰਬਰ ਨੂੰ ਕੱਢੀ ਜਾਵੇਗੀ।
ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਉਪਰ ਚਾਨਣਾ ਪਾਉਂਦੇ, ਉਨ੍ਹਾਂ ਨੂੰ ਨੌਜਵਾਨਾਂ ਲਈ ਸਭ ਤੋਂ ਵੱਡਾ ਹੀਰੋ ਅਤੇ ਰੋਲ ਮਾਡਲ ਦੱਸਿਆ। ਕਲੱਬ ਦੇ ਮੈਂਬਰ ਅਮਰਜੀਤ ਸਿੰਘ ਭੋਗਲ ਨੇ ਸਾਈਕਲ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਅੱਜ ਅਸੀਂ ਪ੍ਰਣ ਕਰੀਏ ਕਿ ਇਸ ਨੂੰ ਘੱਟ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ। ਸਮਾਗਮ ਦੀ ਸਮਾਪਤੀ ਮੌਕੇ ਗੌਰਵ ਸਾਗਰ ਭਾਸਕਰ ਨੇ ਸਮੂਹ ਮਹਿਮਾਨਾਂ ਦਾ ਅਤੇ ਰੈਲੀ ਵਿਚ ਭਾਗ ਲੈਣ ਵਾਲੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰੀਸ਼ ਮੋਂਗਾ ਨੇ ਬਾਖ਼ੂਬੀ ਨਿਭਾਈ ਅਤੇ ਸ਼੍ਰੀਮਤੀ ਸ਼ਿਵਾਨੀ ਨੇ ਦੇਸ਼ ਭਗਤੀ ਦੀ ਕਵਿਤਾ ਸੁਣਾ ਕੇ ਮਾਹੌਲ ਨੂੰ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗਿਆ। ਸਮਾਗਮ ਉਪਰੰਤ ਰੈਲੀ ਵਾਪਸੀ ਸਾਰਾਗੜ੍ਹੀ ਗੁਰਦੁਆਰੇ ਲਈ ਰਵਾਨਾ ਹੋਈ। ਜਿਸ ਦੇ ਰਸਤੇ ਵਿਚ ਦਾਸ ਐਂਡ ਬਰਾਊਨ ਸਕੂਲ ਵੱਲੋਂ ਮਿੱਠੇ ਜਲ ਦੀ ਛਬੀਲ ਲਗਾ ਕੇ ਰੈਲੀ ਦਾ ਸਵਾਗਤ ਕੀਤਾ। ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਦੁੱਧ ਦਾ ਲੰਗਰ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ। ਰੈਲੀ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ, ਬੀ. ਐਸ. ਐਫ. ਤੋਂ ਇਲਾਵਾ ਡੀ. ਸੀ. ਮਾਡਲ ਸੀਨੀ. ਸੈਕੰ. ਸਕੂਲ, ਡੀ. ਸੀ. ਮਾਡਲ ਇੰਟਰਨੈਸ਼ਨਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਦੇ ਐਨ. ਸੀ. ਸੀ. ਵਿੰਗ, ਮਾਨਵ ਮੰਦਰ ਸੀਨੀ. ਸੈਕੰ. ਸਕੂਲ, ਸਾਈਂ ਪਬਲਿਕ ਸਕੂਲ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸਾਈਕਲ ਰੈਲੀ ਨੂੰ ਸਫਲ ਬਣਾਉਣ ਵਿਚ ਅਨੀਰੁੱਧ ਗੁਪਤਾ, ਗੌਰਵ ਭਾਸਕਰ, ਰੈਡ ਕਰਾਸ, ਸੁਨੀਲ ਮੋਂਗਾ, ਰਮੇਸ਼ ਕਸ਼ਅੱਪ, ਸੋਹਨ ਸਿੰਘ ਸੋਢੀ, ਵਿਕਰਮ ਦਿੱਤਿਆ ਸ਼ਰਮਾ, ਵਿਪਨ ਸ਼ਰਮਾ, ਮੇਹਰ ਸਿੰਘ ਮੱਲ, ਸ਼੍ਰੀ ਸੋਈ, ਡਾ. ਸਤਿੰਦਰ ਸਿੰਘ, ਹਰੀਸ਼ ਮੋਂਗਾ, ਦਰਸ਼ਨ ਸਿੰਘ ਗਿੱਲ, ਇੰਦਰਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਰੈਲੀ ਵਿਚ ਡੀ. ਐਸ. ਪੀ. ਵਿਭੋਰ ਸ਼ਰਮਾ, ਡੀ. ਐਸ. ਪੀ. ਗੁਰਦੀਪ ਸਿੰਘ, ਬਲਦੇਵ ਸਿੰਘ ਭੁੱਲਰ ਜ਼ਿਲ੍ਹਾ ਬੱਚਤ ਅਫਸਰ, ਗੁਰਚਰਨ ਸਿੰਘ ਪ੍ਰਿੰਸੀਪਲ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਸਨਮਾਨਿਤ ਸਖਸ਼ੀਅਤਾਂ ਹਾਜ਼ਰ ਸਨ।