Ferozepur News

ਟਿੱਡੀ ਦਲ ਤੋਂ ਫ਼ਸਲਾਂ ਨੂੰ ਬਚਾਉਣ ਦੇ ਲਈ ਫ਼ਿਰੋਜ਼ਪੁਰ ਵਿੱਚ ਐਕਸ਼ਨ ਪਲਾਨ ਤਿਆਰ, ਸਾਰੇ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ

ਡਿਪਟੀ ਕਮਿਸ਼ਨਰ ਨੇ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਛਿੜਕਾਅ ਦੇ ਲਈ ਦਵਾਈਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪਾਣੀ ਦੀਆਂ ਟੈਂਕੀਆਂ, ਸਰਚ ਲਾਈਟਾਂ ਸਮੇਤ ਸਾਰਾ ਸਾਜ਼ੋ-ਸਾਮਾਨ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ

ਟਿੱਡੀ ਦਲ ਤੋਂ ਫ਼ਸਲਾਂ ਨੂੰ ਬਚਾਉਣ ਦੇ ਲਈ ਫ਼ਿਰੋਜ਼ਪੁਰ ਵਿੱਚ ਐਕਸ਼ਨ ਪਲਾਨ ਤਿਆਰ, ਸਾਰੇ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ
ਫ਼ਿਰੋਜ਼ਪੁਰ 29 ਮਈ 2020 
ਟਿੱਡੀ ਦਲ ਦੇ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਉਣ ਦੇ ਲਈ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਹੁਣ ਤੱਕ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ ਖੇਤੀਬਾੜੀ ਵਿਭਾਗ, ਲੋਕਲ ਬਾਡੀਜ਼ ਵਿਭਾਗ, ਗ੍ਰਾਮੀਣ ਵਿਕਾਸ ਵਿਭਾਗ, ਸਿਹਤ ਵਿਭਾਗ ਸਮੇਤ ਵੱਖ-ਵੱਖ ਦੇ ਅਧਿਕਾਰੀ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਸ੍ਰੀ. ਕੁਲਵੰਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਵਿੱਚ ਟਿੱਡੀ ਦਲ ਵੱਲੋਂ ਫ਼ਸਲਾਂ ਤੇ ਹਮਲਾ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਦੀ ਆਸ਼ੰਕਾ ਵਿਅਕਤ ਕੀਤੀ ਜਾ ਰਹੀ ਹੈ। ਇਸ ਲਈ ਸਾਨੂੰ ਖ਼ਾਸ ਤੌਰ ਤੇ ਰਾਜਸਥਾਨ ਬਾਰਡਰ ਦੇ ਨਜ਼ਦੀਕ ਇਲਾਕਿਆਂ ਨੂੰ ਮੁਸਤੈਦ ਰਹਿਣ ਅਤੇ 24 ਘੰਟੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਇਸ ਮੁਹਿੰਮ ਵਿੱਚ ਬਤੌਰ ਨੋਡਲ ਅਫ਼ਸਰ ਵਜੋਂ ਕੰਮ ਕਰਨਗੇ ਅਤੇ ਦੂਸਰੇ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਗੇ। ਉਹ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦਾ ਇੱਕ ਵਟਸਐੱਪ ਗਰੁੱਪ ਬਣਾਉਣਗੇ, ਜਿਸ ਵਿੱਚ ਟਿੱਡੀ ਦਲ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਸਾਂਝਾ ਕੀਤਾ ਜਾਵੇਗਾ ਤਾਂਕਿ ਸਾਡੀ ਤਿਆਰੀ ਹੋਰ ਮਜ਼ਬੂਤ ਹੋ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਿੱਡੀ ਦਲ ਦਾ ਹਮਲਾ ਫ਼ਸਲਾਂ ਤੇ ਹੋਣ ਦੀ ਸੂਰਤ ਵਿੱਚ ਖੇਤਾਂ ਵਿੱਚ ਛਿੜਕਣ ਵਾਲੀ ਦਵਾਈ ਦਾ ਭਰਪੂਰ ਸਟਾਕ ਤਿਆਰ ਰੱਖਿਆ ਜਾਵੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮਾਰਕੀਟ ਕਮੇਟੀ ਦੀਆਂ ਗੱਡੀਆਂ, ਸਪਰੇਅ ਪੰਪ, ਰਾਤ ਨੂੰ ਆਪਰੇਸ਼ਨ ਚਲਾਉਣ ਦੇ ਲਈ ਸਰਚ ਲਾਈਟਾਂ ਸਮੇਤ ਸਾਰੇ ਸੰਸਾਧਨੋ ਦੀਆਂ ਸੂਚੀਆਂ ਤਿਆਰ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਸਾਰੀ ਲਿਸਟ ਖੇਤੀਬਾੜੀ ਵਿਭਾਗ ਵੱਲੋਂ ਸਬੰਧਿਤ ਵਿਭਾਗਾਂ ਤੋਂ ਇਕੱਤਰਿਤ ਕਰਕੇ ਤਿਆਰ ਕੀਤੀਆਂ ਜਾਣਗੀਆਂ, ਨਾਲ ਹੀ ਖੇਤੀਬਾੜੀ ਵਿਭਾਗ, ਗ੍ਰਾਮੀਣ ਵਿਕਾਸ ਵਿਭਾਗ, ਬਿਜਲੀ ਵਿਭਾਗ, ਸਿਹਤ ਵਿਭਾਗ, ਪੰਚਾਇਤਾਂ ਦੇ ਵਿੱਚ ਆਪਸੀ ਤਾਲਮੇਲ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤਾ ਕਿ ਜਿੱਥੇ ਵੀ ਇਸ ਤਰ੍ਹਾਂ ਦੇ ਅਟੈਕ ਦੀ ਸੂਚਨਾ ਮਿਲਦੀ ਹੈ, ਉੱਥੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਤਾਂਕਿ ਜ਼ਰੂਰਤ ਪੈਣ ਤੇ ਟਿਊਬਵੈੱਲ ਜਾਂ ਮੋਟਰ ਚਲਾ ਕੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕੇ।
ਖੇਤੀਬਾੜੀ ਅਫ਼ਸਰ ਡਾ. ਮੁਖ਼ਤਿਆਰ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਰੋਜ਼ਾਨਾ ਪਿੰਡਾਂ ਵਿੱਚ ਸਰਵੇ ਕਰ ਰਹੇ ਹਨ, ਕਿਸਾਨਾਂ ਨਾਲ ਬੈਠਕਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਟਿੱਡੀ ਦਲ ਦੇ ਬਾਰੇ ਵਿੱਚ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਲਹਾਲ ਫ਼ਿਰੋਜ਼ਪੁਰ ਵਿੱਚ ਟਿੱਡੀ ਦਲ ਦਾ ਵੀ ਖ਼ਤਰਾ ਨਹੀਂ ਹੈ ਲੇਕਿਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲੜਾਈ ਵਿੱਚ ਕੰਮ ਆਉਣ ਵਾਲੇ ਸਾਰੇ ਸੰਸਾਧਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਸੰਸਾਧਨ ਬਿਲਕੁਲ ਤਿਆਰ ਰੱਖੇ ਗਏ ਹਨ ਤਾਂਕਿ ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਕਦੀ ਵੀ ਇਸਤੇਮਾਲ ਕੀਤਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button