ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਜੀਵਨ ਸਿੰਘ ਜੀ ਦਾ 360ਵਾਂ ਜਨਮ ਦਿਹਾੜਾ
ਬਸਪਾ - ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਇੱਕ ਇਤਿਹਾਸਿਕ ਗੱਠਜੋੜ ਹੈ - ਚੌਹਾਨ, ਭੈਣੀ, ਮਾਨ, ਵੋਹਰਾ
ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਜੀਵਨ ਸਿੰਘ ਜੀ ਦਾ 360ਵਾਂ ਜਨਮ ਦਿਹਾੜਾ
– ਬਸਪਾ – ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਇੱਕ ਇਤਿਹਾਸਿਕ ਗੱਠਜੋੜ ਹੈ : ਚੌਹਾਨ, ਭੈਣੀ, ਮਾਨ, ਵੋਹਰਾ
ਫਿਰੋਜ਼ਪੁਰ, 25 ਸਤੰਬਰ। ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 360ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਹਜ਼ਾਰਾਂ ਲੋਕ ਢੋਲ ਨਗਾਰਿਆ ਦੇ ਨਾਲ ਉਤਸ਼ਾਹ ਪੂਰਨ ਬਸਪਾ – ਸ਼੍ਰੋਮਣੀ ਅਕਾਲੀ ਦਲ ਗਠਜੋੜ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਮਾਗਮ ਵਿਚ ਪਹੁੰਚੇ । ਇਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਭਗਵਾਨ ਸਿੰਘ ਚੌਹਾਨ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ , ਅਜੀਤ ਸਿੰਘ ਭੈਣੀ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਮੋਂਟੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾਂ ਜੱਥੇਦਾਰ ਵਰਦੇਵ ਸਿੰਘ ਨੋਨੀ ਮਾਨ, ਸੁਰਿੰਦਰ ਸਿੰਘ ਬੱਬੂ ਜ਼ਿਲ੍ਹਾਂ ਪ੍ਰਧਾਨ ਯੂਥ ਅਕਾਲੀ ਦਲ , ਮਾਸਟਰ ਗੁਰਨਾਮ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਅਜੀਤ ਸਿੰਘ ਭੈਣੀ ਤੇ ਭਗਵਾਨ ਸਿੰਘ ਚੌਹਾਨ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੈਂਕੜੇ ਸਾਲਾਂ ਤੋਂ ਸਾਡੇ ਦੱਬੇ ਕੁਚਲੇ ਬਹੁਜਨ ਸਮਾਜ ਦੇ ਰਹਿਬਰਾਂ ਤੇ ਯੋਧਿਆਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਅਣਗੌਲਿਆਂ ਤੇ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ ਪਰ ਬਹੁਜਨ ਸਮਾਜ ਪਾਰਟੀ ਨੇ ਆਪਣੇ ਰਹਿਬਰਾਂ ਤੇ ਯੋਧਿਆਂ ਨੂੰ ਆਪਣੇ ਸਿਰ ਦਾ ਤਾਜ ਸਮਝਦਿਆਂ ਉਹਨਾਂ ਦੇ ਜਨਮ ਦਿਹਾੜੇ ਮਨਾਉਣਾ ਆਪਣਾ ਫਰਜ਼ ਸਮਝਿਆ ਅਤੇ ਸਤੰਬਰ ਮਹੀਨਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 360ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮਹੀਨੇ ਪੰਜਾਬ ਦੇ ਵੱਖ-ਵੱਖ ਥਾਂਵਾਂ ਤੋਂ ਉਹਨਾਂ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਲੜੀ ਤਹਿਤ ਫਿਰੋਜ਼ਪੁਰ ਵਿਖੇ ਅੱਜ ਦਾ ਸਮਾਗਮ ਕੀਤਾ ਗਿਆ ਹੈ। ਬਾਬਾ ਜੀਵਨ ਸਿੰਘ ਜੀ ਨੇ ਜਿਹੜਾ ਕੰਮ ਖਾਲਸਾ ਇਤਿਹਾਸ ਵਿੱਚ ਕੀਤਾ ਉਸ ਦਾ ਕੋਈ ਵੀ ਸਾਨੀ ਨਹੀਂ ਹੈ। ਉਸ ਸਮੇਂ ਦੀ ਮੁਗਲ ਸਲਤਨਤ ਨਾਲ ਮੱਥਾ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਣਾ ਕਿਸੇ ਆਦੂਤੀ ਕਾਰਨਾਮੇ ਤੋਂ ਘੱਟ ਨਹੀਂ ਸੀ, ਜਿਸ ਕਾਰਨ ਗੁਰੂ ਸਾਹਿਬ ਨੇ ਉਹਨਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੇ ਕੇ ਨਿਵਾਜਿਆ।
ਬਹੁਜਨ ਸਮਾਜ ਪਾਰਟੀ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ, ਸੰਘਰਸ਼ ਤੇ ਕੁਰਬਾਨੀਆਂ ਤੋਂ ਸਮਾਜ ਨੂੰ ਜਾਣੂ ਕਰਵਾ ਰਹੇ ਹਾਂ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰੋਹਿਤ ਵੋਹਰਾ ਅਤੇ ਵਰਦੇਵ ਮਾਨ ਨੇ ਕਿਹਾ ਕਿ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਇੱਕ ਇਤਿਹਾਸਿਕ ਗੱਠਜੋੜ ਹੈ ਕਿਉਂਕਿ ਦੋਵਾਂ ਪਾਰਟੀਆਂ ਦਾ ਮਕਸਦ ਮਾਨਵਤਾ ਦਾ ਭਲਾ ਕਰਨਾ ਹੈ। ਉਹਨਾਂ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਦਾ ਗੱਠਜੋੜ ਦੇਖ ਕੇ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਬੁਖਲਾਹਟ ਵਿਚ ਆ ਗਈਆਂ ਹਨ ਅਤੇ ਹੁਣ ਫਿਰ ਪੰਜਾਬ ਦੇ ਲੋਕਾਂ ਨੂੰ ਝੂਠ ਫਰੇਬ ਮਾਰ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਲੋਕ ਹੁਣ ਕਾਂਗਰਸ ਪਾਰਟੀ ਤੋਂ ਕਿਨਾਰਾ ਕਰਕੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਪਾਰਟੀ ਦੇ ਉਮੀਦਵਾਰਾਂ ਨੂੰ ਜਤਾਉਣ ਦਾ ਹੁੰਗਾਰਾ ਦੇ ਰਹੇ ਹਨ। ਇਸ ਮੌਕੇ ਵੋਹਰਾ ਅਤੇ ਮਾਨ ਨੇ ਕਿਹਾ ਕਿ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਆਉਂਦਾ ਲੋਕਾਂ ਦਾ ਹੜ੍ਹ ਵੇਖ ਕੇ ਕਾਂਗਰਸ ਪਾਰਟੀ ਨੇ ਬਖਲਾਹਟ ਵਿਚ ਮੁੱਖ ਮੰਤਰੀ ਨੂੰ ਹੀ ਬਦਲ ਦਿੱਤਾ ਹੈ ਅਤੇ ਲੋਕਾਂ ਨੂੰ ਨਵੇਂ ਝੂਠ ਫਰੇਬ ਮਾਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਸਤ੍ਹਾ ਹਾਸਲ ਕੀਤੀ ਜਾ ਸਕੇ ਪਰ ਪੰਜਾਬ ਦੇ ਲੋਕ ਹੁਣ ਕਾਂਗਰਸ ਦੀਆਂ ਝੂਠੀਆਂ ਗੱਲਾਂ ਵਿਚ ਨਹੀਂ ਆਉਣਗੇ। ਇਸ ਮੌਕੇ ਦੂਹਰੀ ਅਵਾਜ਼ ਦੀ ਮਲਿਕਾ ਮਨਜੀਤ ਮਣੀ, ਹਾਕਮ ਸਿੰਘ ਪੰਛੀ ਤੇ ਹੋਰ ਕਈ ਮਿਸ਼ਨਰੀ ਕਲਾਕਾਰਾਂ ਨੇ ਸੰਗਤਾਂ ਦਾ ਮਨੋਰੰਜਨ ਕੀਤਾ।
ਸਮਾਗਮ ਵਿੱਚ ਜਰਨੈਲ ਸਿੰਘ ਪ੍ਰਧਾਨ ਐਸ.ਸੀ ਵਿੰਗ ਫਿਰੋਜ਼ਪੁਰ, ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐਸ.ਜੀ.ਪੀ.ਸੀ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਐਸ.ਜੀ.ਪੀ.ਸੀ , ਬਲਵਿੰਦਰ ਸਿੰਘ ਰਾਮਲਾਲ ਸੀ: ਮੀਤ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਸੀ: ਮੀਤ ਪ੍ਰਧਾਨ, ਲਵਜੀਤ ਸਿੰਘ ਜ਼ਿਲ੍ਹਾਂ ਯੂਥ ਪ੍ਰਧਾਨ, ਨਵਨੀਤ ਸਿੰਘ ਗੋਰਾ ਮੈਂਬਰ ਪੀਏਸੀ, ਜਤਿੰਦਰ ਸ਼ਿਵਾ, ਗੁਰਨੈਬ ਸਿੰਘ ਸਰਕਲ ਪ੍ਰਧਾਨ, ਜੁਗਰਾਜ ਸਿੰਘ ਸਰਕਲ ਪ੍ਰਧਾਨ, ਬਸਪਾ ਦੇ ਆਗੂ ਸੁਖਦੇਵ ਸਿੰਘ ਸ਼ੀਰਾ ਸੂਬਾ ਸਕੱਤਰ, ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾ ਪ੍ਰਧਾਨ, ਪੂਰਨ ਭੱਟੀ ਜ਼ਿਲ੍ਹਾ ਇੰਚਾਰਜ, ਨੱਥਾ ਸਿੰਘ ਜ਼ਿਲ੍ਹਾ ਇੰਚਾਰਜ, ਦਰਸ਼ਨ ਸਿੰਘ ਮੰਡ ਮੀਤ ਪ੍ਰਧਾਨ, ਪ੍ਰੇਮ ਪ੍ਰਮਾਰਥੀ ਜਨਰਲ ਸਕੱਤਰ, ਅਸ਼ੋਕ ਕਪਤਾਨ ਸਕੱਤਰ, ਜਿਊਣ ਸਿੰਘ , ਤਾਰਾ ਸਿੰਘ ਮਾਰਸ਼ਲ ਸਕੱਤਰ, ਮੁਖਤਿਆਰ ਸਿੰਘ ਹਲਕਾ ਪ੍ਰਧਾਨ ਜ਼ੀਰਾ, ਬਲਦੇਵ ਸਿੰਘ ਜ਼ਿਲਾ ਇੰਚਾਰਜ, ਰਜਿੰਦਰ ਭੱਟੀ ਜਿਲਾ ਇੰਚਾਰਜ, ਹਦੈਤ ਪ੍ਰਧਾਨ ਫਿਰੋਜ਼ਪੁਰ, ਬਾਬਾ ਬਲਦੇਵ ਸਿੰਘ ਲਵ-ਕੁਸ਼ ਦਲ ਪੰਜਾਬ ਤੇ ਬਾਬਾ ਪ੍ਰਗਟ ਸਿੰਘ , ਸੇਵਾ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ ਬਿੱਟੂ ਗੁਰੂ ਹਰ ਸਹਾਏ ਪ੍ਰਧਾਨ, ਆਦਿ ਨੇ ਵੀ ਵਿਸ਼ੇਸ ਤੌਰ ‘ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ।