ਕਿਸਾਨਾਂ ਵੱਲੋਂ ਮੋਰਚੇ ਦੇ 27 ਦਿਨ ਪੂਰੇ, ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ, ਅਗਲੇ ਸੰਘਰਸ਼ ਦਾ ਐਲਾਨ 22 ਅਕਤੂਬਰ ਨੂੰ
ਕਿਸਾਨਾਂ ਵੱਲੋਂ ਮੋਰਚੇ ਦੇ 27 ਦਿਨ ਪੂਰੇ, ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ, ਅਗਲੇ ਸੰਘਰਸ਼ ਦਾ ਐਲਾਨ 22 ਅਕਤੂਬਰ ਨੂੰ
ਫਿਰੋਜ਼ਪੁਰ, 20.10.2020: ਖੇਤੀ ਸੁਧਾਰਾਂ ਦੇ ਨਾਮ ਉੱਤੇ ਕੀਤੇ ਤਿੰਨੇ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020 ਤੇ ਸੰਘੀ ਢਾਂਚੇ ਦਾ ਕੇਂਦਰੀਕਰਨ ਕਰਨ ਵਿਰੁੱਧ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਟਰੈਕ ਬਸਤੀ ਟੈਂਕਾਂ ਵਾਲ਼ੀ (ਫਿਰੋਜ਼ਪੁਰ) ਉਤੇ ਲੱਗੇ ਪੱਕੇ ਮੋਰਚੇ ਦੇ 27ਵੇਂ ਦਿਨ ਸ਼ਾਮਲ ਹੋ ਕੇ ਕਾਰਪੋਰੇਟ ਜਗਤ ਦੇ ਏਜੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਵਿਚ ਜੁੜੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਇੰਦਰਜੀਤ ਸਿੰਘ ਬਾਠ, ਰਣਧੀਰ ਸਿੰਘ ਠੱਠਾ, ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਕੋਰ ਕਮੇਟੀ ਪੰਜਾਬ ਦੀ ਮੀਟਿੰਗ ਹੁਣ 21 ਅਕਤੂਬਰ ਨੂੰ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ 22 ਅਕਤੂਬਰ ਨੂੰ ਕੀਤਾ ਜਾਵੇਗਾ।
ਕਿਸਾਨ ਆਗੂਆਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਵਿਧਾਨ ਸਭਾ ਦੇ ਇਜਲਾਸ ਵਿਚ ਤਿੰਨੇ ਖੇਤੀ ਕਨੂੰਨਾਂ ਨੂੰ ਬੇਅਸਰ ਕਰਨ ਦੇ ਨਾਲ-ਨਾਲ A.P.M.C. ਐਕਟ 1961 ਵਿੱਚ 2005, 2013 ਤੇ 2017 ਵਿਚ ਨਿੱਜੀ ਮੰਡੀਆਂ ਬਣਾਉਣ ਦੀ ਖੁੱਲ੍ਹ ਦੇਣ ਲਈ ਕੀਤੀਆਂ ਸੋਧਾਂ ਵੀ ਰੱਦ ਕੀਤੀਆਂ ਜਾਣ ਤੇ ਕੇਂਦਰ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨ,4 ਵਿਭਾਗ ਕੇਂਦਰ ਪਾਸ ਛੱਡ ਕੇ ਬਾਕੀ ਮਹਿਕਮੇ ਰਾਜਾਂ ਨੂੰ ਦੇਣ, ਰਾਜਾਂ ਦੇ ਟੈਕਸ ਵਿੱਚੋਂ 95% ਹਿੱਸਾ ਰਾਜਾਂ ਨੂੰ ਦੇਣ, M.S.P. ਨੂੰ ਸੰਵਿਧਾਨਕ ਦਰਜਾ ਦੇ ਕੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰਨ ਦੇ ਮਤੇ ਵੀ ਪਾਸ ਕੀਤੇ ਜਾਣ ਤੇ ਬਿਜਲੀ ਸੋਧ ਬਿਲ 2020 ਦੇ ਖਰੜੇ ਨੂੰ ਰੱਦ ਕਰਨ ਦਾ ਮਤਾ ਵੀ ਪਾਸ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਮੋਦੀ ਸਰਕਾਰ ਤਿੰਨੇ ਖੇਤੀ ਆਰਡੀਨੈਂਸ ਰੱਦ ਕਰੇ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰਨ ਰੂਪ ਵਿਚ ਲਾਗੂ ਕਰਕੇ 23 ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿੱਚ 50% ਮੁਨਾਫਾ ਜੋੜ ਕੇ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਤਿੰਨ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਪੰਜਾਬ ਮਾਰੂ ਸਮਝੌਤੇ ਰੱਦ ਕੀਤੇ ਜਾਣ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕੀਤੀ ਜਾਵੇ,ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਲ ਕੌਮਾਂਤਰੀ ਰਿਪੇਰੀਅਨ ਕਾਨੂੰਨ ਮੁਤਾਬਕ ਕੀਤਾ ਜਾਵੇ।
ਇਸ ਮੌਕੇ ਸਰਵਣ ਸਿੰਘ ਬਾਉਪੁਰ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਗੁਰਮੇਲ ਸਿੰਘ ਰੇੜਵਾਂ, ਜਰਨੈਲ ਸਿੰਘ ਰਾਮੇ, ਸਵਰਨ ਸਿੰਘ ਸਾਦਿਕ, ਮੋਹਨ ਸਿੰਘ ਜਲਾਲਪੁਰ, ਸੁਖਪ੍ਰੀਤ ਸਿੰਘ ਪੱਤਣ ਨਦੀਮ, ਪਰਮਜੀਤ ਸਿੰਘ ਜੱਬੋਵਾਲ, ਸੁਖਪ੍ਰੀਤ ਰਾਮੇ, ਮੁਖ਼ਤਾਰ ਸਿੰਘ ਚੰਦੀ ਮੁੰਡੀਛੰਨਾ,ਖਿਲਾਰਾ ਸਿੰਘ ਪੰਨੂ ਆਦਿ ਨੇ ਵੀ ਸੰਬੋਧਨ ਕੀਤਾ।-