'ਜਲਵਾਯੂ ਤਬਦੀਲੀ ਅਤੇ ਬਾਇa-ਵਿਭਿੰਨਤਾ' ਵਿਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੰਸਥਾ ਦੇ ਈਕੋ ਫਰੈਂਡਲੀ ਗਰੁੱਪ ਵੱਲੋਂ 'ਜਲਵਾਯੂ ਤਬਦੀਲੀ ਅਤੇ ਬਾਇa-ਵਿਭਿੰਨਤਾ' ਵਿਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਤਰਾਖੰਡ ਦੇ ਗਰੀਨ ਅੰਬੈਸਡਰ ਅਤੇ ਉੱਘੇ ਵਾਤਾਵਰਣ ਮਾਹਿਰ ਜਗਤ ਸਿੰਘ ਚੌਧਰੀ ਜੰਗਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਸ਼ੁੱਧ ਵਾਤਾਵਰਨ ਅਤੇ ਹਰਿਆਵਲ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਰੌਸ਼ਨੀ ਪਾਈ।ਈਕੋ ਫਰੈਂਡਲੀ ਗਰੁੱਪ ਦੇ ਇੰਚਾਰਜ ਯਸ਼ਪਾਲ ਨੇ ਜਗਤ ਸਿੰਘ ਜੰਗਲੀ ਦੇ ਜੀਵਨ , ਉਹਨਾਂ ਦੀਆਂ ਪ੍ਰਾਪਤੀਆਂ ਅਤੇ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਸੰਬੰਧਿਤ ਵਿਸ਼ੇ ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਜਲਵਾਯੂ ਅਤੇ ਵਾਤਾਵਰਣ ਵਿੱਚ ਆ ਰਹੇ ਵਿਗਾੜਾਂ ਕਰਕੇ ਮਨੁੱਖ ਅਤੇ ਵੱਖ ਵੱਖ ਪ੍ਰਜਾਤੀਆਂ ਦੇ ਜੀਵ ਜੰਤੂਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਉਹਨਾਂ ਸੰਸਥਾ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੈਂਪਸ ਨੂੰ ਹਰਾ ਭਰਾ ਅਤੇ ਖੂਬਸੂਰਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਐਵਾਰਡ ਦਿੱਤੇ ਜਾਣ ਤੇ ਡਾ. ਸਿੱਧੂ, ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਸੈਮੀਨਾਰ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰ੍ਹਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਪੌਲੀਵਿੰਗ ਅਤੇ 'ਡੀਨ ਸਪੋਰਟਸ ਐਂਡ ਕਲਚਰਲ ਐਕਟੀਵਿਟੀਜ਼' ਪ੍ਰੋ. ਗਜ਼ਲਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਈਕੋ ਫਰੈਂਡਲੀ ਗਰੁੱਪ ਦੇ ਇੰਚਾਰਜ ਯਸ਼ਪਾਲ ਅਤੇ ਗਰੁੱਪ ਦੇ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਦੇ ਸਫਲ ਆਯੋਜਨ ਲਈ ਮੁਬਾਰਕਬਾਦ ਦਿੱਤੀ।ਇਸ ਮੌਕੇ ਸਮੂਹ ਵਿਭਾਗੀ ਮੁਖੀ, ਡਾ. ਅਜੇ ਕੁਮਾਰ , ਡਾ. ਤੇਜੀਤ ਸਿੰਘ, ਡਾ. ਨੀਲ ਕੰਠ ਗਰੋਵਰ, ਡਾ. ਕੁਲਭੂਸ਼ਨ ਅਗਨੀਹੋਤਰੀ, ਪ੍ਰੋ. ਸੁਖਵੰਤ ਸਿੰਘ, ਗੌਰਵ ਕੁਮਾਰ, ਮੈਡਮ ਨਵਦੀਪ ਕੌਰ, ਅਮਰਜੀਤ, ਰਾਜਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਮੰਚ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਅਤੇ ਪੀਆਰa ਬਲਵਿੰਦਰ ਸਿੰਘ ਮੋਹੀ ਨੇ ਨਿਭਾਈ।