15 ਸਤੰਬਰ ਤੋਂ 24 ਸਤੰਬਰ 2020 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ ਭਾਰਤੀ ਫੌਜ ਦੀ ਭਰਤੀ
10ਵੀਂ ਤੇ 12ਵੀਂ ਪਾਸ ਚਾਹਵਾਨ ਨੌਜਵਾਨ ਵੈਬਸਾਈਟ www.joinindianarmy.nic.in ਉੱਪਰ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ
ਫਿਰੋਜ਼ਪੁਰ 31 ਜੁਲਾਈ 2020
ਸਰਕਾਰ ਵੱਲੋਂ ਘਰ- ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਜਿੱਥੇ ਨੌਜਵਾਨਾਂ ਨੂੰ ਲਗਾਤਾਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ, ਉੱਥੇ ਹੀ ਹੁਣ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਭਰਤੀ ਖੋਲ੍ਹ ਦਿੱਤੀ ਗਈ ਹੈ ਜੋ ਕਿ 15 ਸਤੰਬਰ ਤੋਂ 24 ਸਤੰਬਰ 2020 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ 10ਵੀਂ ਅਤੇ 12ਵੀਂ ਪਾਸ ਚਾਹਵਾਨ ਨੌਜਵਾਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ, ਜੋ ਕਿ ਵੈੱਬਸਾਈਟ www.joinindianarmy.nic.in ਉੱਪਰ ਕੀਤੀ ਜਾ ਸਕਦੀ ਹੈ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ 2020 ਹੈ। ਉਨ੍ਹਾਂ ਦੱਸਿਆ ਕਿ ਭਰਤੀ ਵਿੱਚ ਸੋਲਜਰ ਜਨਰਲ ਡਿਊਟੀ ਲਈ ਉਮਰ ਹੱਦ 17 ਤੋਂ 21 ਸਾਲ ਤੱਕ ਅਤੇ ਸੋਲਜਰ ਟੈਕਨੀਕਲ, ਸੋਲਜਰ ਨਰਸਿੰਗ ਅਸਿਸਟੈਂਟ ਤੇ ਸੋਲਜਰ ਕਲਰਕ ਅਤੇ ਸਟੋਰ ਕੀਪਰ ਲਈ ਉਮਰ ਹੱਦ 17 ਤੋਂ 23 ਸਾਲ ਤੱਕ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੇ ਦੇ ਹੈਲਪ-ਲਾਈਨ ਨੰਬਰ 94654-74122 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।