ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੁਝ ਮੰਗਾਂ ਮੰਨਣ ਤੇ ਕੁਝ ਮੰਗਾਂ ਉੱਤੇ ਭਰੋਸਾ ਮਿਲਣ ਕਰਕੇ ਰੇਲ ਰੋਕੋ ਅੰਦੋਲਨ ਕੀਤਾ ਮੁਲਤਵੀ
ਜੇਕਰ 20 ਦਿਨ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਅਕਤੂਬਰ ਦੇ ਅਖੀਰਲੇ ਹਫ਼ਤੇ ਰੇਲ ਰੋਕੋ ਅੰਦੋਲਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੁਝ ਮੰਗਾਂ ਮੰਨਣ ਤੇ ਕੁਝ ਮੰਗਾਂ ਉੱਤੇ ਭਰੋਸਾ ਮਿਲਣ ਕਰਕੇ ਰੇਲ ਰੋਕੋ ਅੰਦੋਲਨ ਕੀਤਾ ਮੁਲਤਵੀ
ਜੇਕਰ 20 ਦਿਨ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਅਕਤੂਬਰ ਦੇ ਅਖੀਰਲੇ ਹਫ਼ਤੇ ਰੇਲ ਰੋਕੋ ਅੰਦੋਲਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ
ਫਿਰੋਜ਼ਪੁਰ , 30.9.2021: ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ D.C. ਦਫ਼ਤਰ ਫਿਰੋਜ਼ਪੁਰ ਅੱਗੇ ਚੱਲ ਰਹੇ ਅੰਦੋਲਨ ਬਾਰੇ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪੰਜਾਬ ਸਰਕਾਰ ਨਾਲ ਮੀਟਿੰਗ ਵਿੱਚ ਕੁਝ ਮੰਗਾਂ ਮੰਨਣ ਤੇ ਕੁੱਝ ਮੰਗਾਂ ਉੱਤੇ ਭਰੋਸਾ ਮਿਲਣ ਮਗਰੋਂ ਅੰਦੋਲਨਕਾਰੀ ਕਿਸਾਨਾਂ ਵੱਲੋਂ ਅੱਜ ਤੋਂ ਸ਼ੁਰੂ ਹੋਣ ਵਾਲਾ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਹੈ।
ਪੰਜਾਬ ਸਰਕਾਰ ਦੇ ਡਿਪਟੀ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ 20 ਦਿਨ ਵਿੱਚ ਮਸਲੇ ਹੱਲ ਹੋਣਗੇ ਤੇ ਮੁੱਖ ਮੰਤਰੀ ਪੰਜਾਬ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ 20 ਦਿਨ ਵਿੱਚ ਮਸਲੇ ਹੱਲ ਨਾਂਹ ਹੋਏ ਤਾਂ ਅਕਤੂਬਰ ਦੇ ਅਖੀਰਲੇ ਹਫ਼ਤੇ ਰੇਲ ਰੋਕੋ ਅੰਦੋਲਨ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੁਝ ਮੰਗਾਂ ਮੰਨੀਆਂ ਹਨ, ਜਿਵੇਂ ਬਿਜਲੀ ਦੇ ਸਾਰੇ ਖਪਤਕਾਰਾਂ ਦੇ ਬਿੱਲ ਬਕਾਏ ਖਤਮ ਕੀਤੇ ਗਏ ਹਨ ਤੇ ਅੱਗੇ ਤੋਂ 300 ਯੂਨਿਟ ਦੀ ਮੁਆਫ਼ੀ ਦੀ ਸ਼ਰਤ 1 ਕਿਲੋਵਾਟ ਤੋਂ 2 ਕਿਲੋਵਾਟ ਕਰ ਦਿੱਤੀ ਗਈ ਹੈ, ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਇੱਕ ਹਫ਼ਤੇ ਵਿੱਚ ਦੇ ਦਿੱਤੀ ਜਾਵੇਗੀ, ਕਿਸਾਨਾਂ ਮਜ਼ਦੂਰਾਂ ਸਿਰ ਕਿਸਾਨ ਅੰਦੋਲਨਾਂ ਦੌਰਾਨ ਸਾਰੇ ਪੁਲਿਸ ਕੇਸ ਤੇ ਰੇਲਵੇ ਦੇ ਕੇਸ ਰੱਦ ਕੀਤੇ ਜਾਣਗੇ ਤੇ ਕੇਂਦਰੀ ਰੇਲਵੇ ਮੰਤਰੀ ਨਾਲ ਮੀਟਿੰਗ ਕਰਕੇ ਹੱਲ ਕੱਢਿਆ ਜਾਵੇਗਾ, ਗੰਨੇ ਦੇ ਬਕਾਏ 10 ਦਿਨਾਂ ਅੰਦਰ ਦੇ ਦਿੱਤੇ ਜਾਣਗੇ ਤੇ ਗੰਨੇ ਦੇ 360 ਰੁਪਏ ਦਾ ਨੋਟੀਫਿਕੇਸ਼ਨ ਕਰ ਦਿੱਤਾ ਜਾਵੇਗਾ, ਵਿਧਾਨ ਸਭਾ ਵਿੱਚ ਜਲਦ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ ਤੇ ਸਸਤੀ ਬਿਜਲੀ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਹੋਰ ਕਈ ਮੰਗਾਂ ਤੇ ਭਰੋਸਾ ਦਿੱਤਾ ਗਿਆ, ਜਿਵੇਂ ਤਾਰ ਪਾਰਲੀਆਂ ਜ਼ਮੀਨਾਂ ਦਾ ਮੁਆਵਜ਼ਾ ਤੇ ਗੇਟ ਕਾਨੂੰਨ ਅਨੁਸਾਰ ਖੋਹਲਣ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਤੇ ਝੋਨੇ ਦੀ ਸਰਕਾਰੀ ਖਰੀਦ ਪਿਛਲੇ ਸਾਲ ਦੀ ਤਰ੍ਹਾਂ ਹੀ ਹੋਵੇਗੀ, ਨਵੀਂਆਂ ਸ਼ਰਤਾਂ ਨਹੀਂ ਲਗਾਈਆਂ ਜਾਣਗੀਆਂ, ਸਾਰੇ ਜ਼ਿਲ੍ਹਿਆਂ ਦੇ D.C. ਤੇ S.S.P. ਲੋਕ ਮਸਲੇ ਹੱਲ ਕਰਨਗੇ।
ਇਸ ਮੌਕੇ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸਾਹਿਬ ਸਿੰਘ ਦੀਨੇਕੇ, ਹਰਫੂਲ ਸਿੰਘ, ਬਚਿੱਤਰ ਸਿੰਘ ਦੂਲੇਵਾਲਾ, ਅਮਨਦੀਪ ਸਿੰਘ ਕੰਚਰਭੰਨ, ਸੁਖਵੰਤ ਸਿੰਘ ਲੋਹੁਕਾਂ,ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ਪੰਜਗਰਾਈਂ,ਮੰਗਲ ਸਿੰਘ ਗੁੱਦੜਢੰਡੀ, ਗੁਰਮੇਲ ਸਿੰਘ ਫੱਤੇਵਾਲਾ,ਮੱਸਾ ਸਿੰਘ, ਬਲਰਾਜ ਸਿੰਘ ਫੇਰੋਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।