Ferozepur News

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਕਹਾਣੀ ਦਰਬਾਰ’

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਕਹਾਣੀ ਦਰਬਾਰ’

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਕਹਾਣੀ ਦਰਬਾਰ’

ਫਿਰੋਜ਼ਪੁਰ, 26 ਮਈ, 2022:

ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ੍ਰੀਮਤੀ ਜਸਪ੍ਰੀਤ ਤਲਵਾੜ ਅਤੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਆਰ. ਐੱਸ. ਡੀ. ਕਾਲਜ, ਫ਼ਿਰੋਜ਼ਪੁਰ ਸ਼ਹਿਰ ਵਿਖੇ ‘ਕਹਾਣੀ ਦਰਬਾਰ’ ਦਾ ਸਮਾਗਮ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਨਾਮਵਰ ਕਹਾਣੀਕਾਰ ਸ੍ਰੀ ਗੁਰਮੀਤ ਕੜਿਆਲਵੀ ਨੇ ‘ਅਲੇਹਾ’, ਸ੍ਰੀ ਸਿਮਰਨ ਧਾਲੀਵਾਲ ਨੇ ‘ਪਰਛਾਵਿਆਂ ਦੀ ਦੌੜ’, ਡਾ. ਅੰਮ੍ਰਿਤਪਾਲ ਕੌਰ ਨੇ ‘ਮੇਰੀ ਗੱਲ ਸੁਣੋ ਬਾਈ ਜੀ…’ ਆਪਣੀਆਂ ਕਹਾਣੀਆਂ ਰੌਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀਆਂ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਕਹਾਣੀਕਾਰ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਇਹ ਤਿੰਨੇ ਕਹਾਣੀਕਾਰ ਸਮਕਾਲ ਦੀਆਂ ਸਥਿਤੀਆਂ ਅਤੇ ਪ੍ਰਸਥਿਤੀਆਂ ਦੇ ਹਾਣ ਦੀ ਕਹਾਣੀ ਲਿਖ ਰਹੇ ਹਨ। ਇਸ ਸਮਾਗਮ ਵਿੱਚ ਪੇਸ਼ ਹੋਈਆਂ ਤਿੰਨੇ ਕਹਾਣੀਆਂ ਹੀ ਅੱਜ-ਕੱਲ੍ਹ ਦੀ ਜ਼ਿੰਦਗੀ ਦੀਆਂ ਗੰਭੀਰ ਵਿਸੰਗਤੀਆਂ ਅਤੇ ਦੁੱਖਾਂ-ਸੁੱਖਾਂ ਨੂੰ ਪੂਰੀ ਸਮਰੱਥਾ ਨਾਲ ਰੂਪ ਮਾਨ ਕਰਦੀਆਂ ਹਨ। ਇਸ ਪ੍ਰਕਾਰ ਭਾਸ਼ਾ ਵਿਭਾਗ ਵੱਲੋਂ ਇਹ ਇੱਕ ਸਾਰਥਿਕ ਸਮਾਗਮ ਉਲੀਕਿਆ ਗਿਆ। ਆਏ ਹੋਏ ਮਹਿਮਾਨਾਂ ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ‘ਜੀ ਆਇਆਂ’ ਆਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਬਹੁਤ ਸਾਰੇ ਸਾਹਿਤਕ ਅਤੇ ਕਲਾਤਮਿਕ ਸਮਾਗਮ ਕਰਵਾਏ ਜਾਂਦੇ ਹਨ ਜਿੰਨਾਂ ਦਾ ਪ੍ਰਮੁੱਖ ਉਦੇਸ਼ ਇਹੀ ਹੈ ਕਿ ਵਿਦਿਆਰਥੀਆਂ ਅਤੇ ਉੱਭਰ ਰਹੇ ਲੇਖਕਾਂ ਨੂੰ ਕੁੱਝ ਸਿੱਖਣ ਲਈ ਮਿਲੇ।  ਉਨ੍ਹਾਂ ਅਪੀਲ ਕੀਤੀ ਕਿ ਸਾਹਿਤਕਾਰ ਅਤੇ ਕਲਾਕਾਰ ਅਜਿਹੇ ਸਮਾਗਮਾਂ ਦਾ ਹਿੱਸਾ ਬਣਿਆ ਕਰਨ।

                ਆਰ. ਐੱਸ. ਡੀ. ਕਾਲਜ ਕਮੇਟੀ ਦੇ ਨਿਰਦੇਸ਼ਕ ਸ੍ਰੀ ਐੱਸ. ਪੀ. ਆਨੰਦ  ਨੇ ਮਾਤ ਭਾਸ਼ਾ ਪ੍ਰਤੀ ਆਪਣੀ ਭਾਵੁਕ ਪਹੁੰਚ ਪ੍ਰਗਟ ਕੀਤੀ ਅਤੇ ਕਾਲਜ ਦੀ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਮੈਂਬਰ ਪੰਡਿਤ ਸਤੀਸ਼ ਕੁਮਾਰ ਜੀ (ਵਿਸ਼ੇਸ਼ ਮਹਿਮਾਨ) ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਰਾਜੇਸ਼ ਅਗਰਵਾਲ ਵੱਲੋਂ ਭਾਸ਼ਾ ਵਿਭਾਗ ਨੂੰ ਭਰੋਸਾ ਦਿੱਤਾ ਕਿ ਇਹ ਸੰਸਥਾ ਅਜਿਹੇ ਸਾਰਥਕ ਅਤੇ ਸਾਕਾਰਤਮਿਕ ਸਮਾਗਮਾਂ ਲਈ ਸਹਿਯੋਗ ਦੇਣ ਵਾਸਤੇ ਹਮੇਸ਼ਾ ਤਤਪਰ ਰਹੇਗੀ। ਮੰਚ ਸੰਚਾਲਨ ਕਰਦਿਆਂ ਡਾ. ਮਨਜੀਤ ਕੌਰ ਆਜ਼ਾਦ ਨੇ ਜਿੱਥੇ ਕਹਾਣੀਕਾਰਾਂ ਦੀ ਸਾਹਿਤਕ ਦੇਣ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ, ਉੱਥੇ ਉਨ੍ਹਾਂ ਨੇ ਪੰਜਾਬੀ ਕਹਾਣੀ ਪ੍ਰਤੀ ਵੀ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ’ਤੇ ਹੀਰਾ ਸਿੰਘ ਤੂਤ ਦਾ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ‘ਖੰਡਰ’ ਪ੍ਰਧਾਨਗੀ ਮੰਡਲ ਵੱਲੋਂ ਲੋਕ-ਅਰਪਣ ਕੀਤਾ ਗਿਆ। ਆਰ. ਐੱਸ. ਡੀ. ਕਾਲਜ, ਫ਼ਿਰੋਜ਼ਪੁਰ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਭਾਸ਼ਾ ਮੰਚ ਦੇ ਸਰਪ੍ਰਸਤ ਪ੍ਰੋ. ਕੁਲਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਪ੍ਰਤੀ ਹਰ ਤਰ੍ਹਾਂ ਦਾ ਭਵਿੱਖ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਸਮਾਗਮ ਦੇ ਅੰਤ ਤੇ ਸ. ਦਲਜੀਤ ਸਿੰਘ, ਖੋਜ ਅਫ਼ਸਰ ਨੇ ਕਾਲਜ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਨੇ ਸਾਹਿਤਕਾਰਾਂ, ਕਲਾਕਾਰਾਂ ਅਤੇ ਨਵੇਂ ਲੇਖਕਾਂ ਲਈ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਲਈ ਵਚਨ-ਬੱਧ ਹੈ ਅਤੇ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

                ਇਸ ਮੌਕੇ ’ਤੇ ਸਾਹਿਤਕ ਜਗਤ ਤੋਂ ਉੱਘੇ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ, ਪ੍ਰੋ. ਜਸਪਾਲ ਘਈ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਚਮਨ ਅਰੋੜਾ, ਡਾ. ਕੁਲਬੀਰ ਮਲਿਕ, ਸੁਖਜਿੰਦਰ, ਸ੍ਰੀ ਦੀਪ ਜ਼ੀਰਵੀ, ਸ. ਅਮਨਦੀਪ ਜੌਹਲ, ਸ. ਗੁਰਦਿਆਲ ਸਿੰਘ ਵਿਰਕ, ਸ. ਸੁਖਦੇਵ ਸਿੰਘ ਭੱਟੀ, ਸ. ਸੁਰਿੰਦਰ ਕੰਬੋਜ, ਸ੍ਰੀ ਰਮਨ ਕੁਮਾਰ, ਸੀਨੀਅਰ ਸਹਾਇਕ ਅਤੇ ਸ. ਨਵਦੀਪ ਸਿੰਘ, ਜੂਨੀਅਰ ਸਹਾਇਕ, ਪੰਜਾਬੀ ਵਿਭਾਗ ਤੋਂ ਡਾ. ਅਮਨਦੀਪ, ਪ੍ਰੋ. ਯਾਦਵਿੰਦਰ, ਡਾ. ਜੀਤਪਾਲ, ਪ੍ਰੋ. ਬਲਤੇਜ ਸਿੰਘ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button