ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕਤੰਤਰ ਦੇ ਪਹਿਰੇਦਾਰ, ਚੋਣ ਪਾਠਸ਼ਾਲਾ ਅਤੇ ਚੋਣ ਸਾਖਰਤਾ ਕਲੱਬ ਸਮੇਤ 17 ਕਿਤਾਬਾਂ ਦਾ ਸੈੱਟ ਰਿਲੀਜ਼
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕਤੰਤਰ ਦੇ ਪਹਿਰੇਦਾਰ, ਚੋਣ ਪਾਠਸ਼ਾਲਾ ਅਤੇ ਚੋਣ ਸਾਖਰਤਾ ਕਲੱਬ ਸਮੇਤ 17 ਕਿਤਾਬਾਂ ਦਾ ਸੈੱਟ ਰਿਲੀਜ਼
ਨੌਜਵਾਨ ਵੋਟਰਾਂ ਨੂੰ ਵੋਟ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਵੋਟ ਪ੍ਰਤੀਸ਼ਸਤਾ ਵਧਾਉਣ ਲਈ ਕਿਤਾਬਾਂ ਕਰਨਗੀਆਂ ਜਾਗਰੂਕ
ਸਮੂਹ ਵੋਟਰ ਬਿਨਾਂ ਕਿਸੇ ਲਾਲਚ, ਡਰ, ਧਰਮ, ਜਾਤੀ, ਭਾਸ਼ਾ ਜਾਂ ਕਿਸੇ ਹੋਰ ਪ੍ਰਭਾਵ ਤੋਂ ਆਪਣੀ ਵੋਟ ਦਾ ਕਰਨ ਇਸਤੇਮਾਲ
ਸਮੂਹ ਨੌਜਵਾਨ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਕਰਨ ਇਸਤੇਮਾਲ
ਫਿਰੋਜ਼ਪੁਰ 9 ਅਪ੍ਰੈਲ 2019 ( ) ਚੋਣ ਕਮਿਸ਼ਨ ਆਫ਼ ਇੰਡੀਆ ਵੱਲੋਂ 17ਵੀਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਹ ਚੋਣਾਂ 19 ਮਈ ਨੂੰ ਪੈਣਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਆਈ.ਏ.ਐੱਸ. ਨੇ ਆਪਣੇ ਦਫ਼ਤਰ ਵਿਖੇ ਲੋਕਤੰਤਰ ਦੇ ਪਹਿਰੇਦਾਰ, ਚੋਣ ਪਾਠਸ਼ਾਲਾ ਅਤੇ ਚੋਣ ਸਾਖਰਤਾ ਕਲੱਬ ਸਮੇਤ 17 ਕਿਤਾਬਾਂ ਦਾ ਸੈੱਟ ਰਿਲੀਜ਼ ਕਰਦਿਆਂ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨੌਜਵਾਨ ਵੋਟਰਾਂ ਨੂੰ ਵੋਟ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਵੋਟ ਪ੍ਰਤੀਸ਼ਸਤਾ ਵਧਾਉਣ ਲਈ ਜ਼ਿਲ੍ਹੇ ਵਿੱਚ 14 ਹਜ਼ਾਰ ਕਿਤਾਬਾਂ ਆਈਆਂ ਹਨ। ਜਿਨ੍ਹਾਂ ਵਿਚੋਂ ਇੱਕ ਸੈੱਟ ਨੌਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਬੱਚਿਆਂ ਨੂੰ ਅਤੇ ਦੂਜਾ ਸੈੱਟ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਉਹ ਵੋਟ ਦੀ ਪ੍ਰਤੀਸ਼ਸ਼ਤਾ ਵੱਧ ਸਕੇ। ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਚੋਣ ਪਾਠਸ਼ਾਲਾ, ਚੋਣ ਸ਼ਾਖਰਤਾ ਕਲੱਬਾਂ ਅਤੇ ਸਕੂਲਾਂ ਕਾਲਜਾਂ ਦੇ ਮੈਂਬਰਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੇ ਇਸ ਮਹਾਂਉਤਸਵ ਨੂੰ ਸਫਲ ਬਣਾਉਣ ਲਈ ਲੋਕ ਸਭਾ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਬਿਨਾਂ ਕਿਸੇ ਲਾਲਚ, ਡਰ, ਧਰਮ, ਜਾਤੀ, ਭਾਸ਼ਾ ਜਾਂ ਕਿਸੇ ਹੋਰ ਪ੍ਰਭਾਵ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਵੋਟ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ। ਉਨ੍ਹਾਂ 18 ਸਾਲ ਤੱਕ ਦੀ ਉਮਰ ਦੇ ਸਮੂਹ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਸਵੀਪ ਕੁਆਰਡੀਨੇਟਰ ਡਾ. ਸਤਿੰਦਰ ਸਿੰਘ, ਕਾਰਜਕਾਰੀ ਅਫ਼ਸਰ ਡੇਅਰੀ ਸ੍ਰ. ਬੀਰਪ੍ਰਤਾਪ ਸਿੰਘ ਗਿੱਲ, ਤਹਿਸੀਲਦਾਰ ਚੋਣਾਂ ਸ੍ਰੀ. ਚਾਂਦ ਪ੍ਰਕਾਸ਼, ਹਲਕਾ ਸਵੀਪ ਕੁਆਰਡੀਨੇਟਰ ਲਖਵਿੰਦਰ ਸਿੰਘ, ਗਾਈਡੈਂਸ ਕੌਂਸਲਰ ਸੰਦੀਪ ਕੁਮਾਰ, ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ, ਪ੍ਰੋਗਰਾਮਰ ਤਰਲੋਚਨ ਸਿੰਘ ਆਦਿ ਵੀ ਹਾਜ਼ਰ ਸਨ।