Ferozepur News
ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਫੈਕਟਰੀ ਏਰੀਏ ਤੋਂ 300 ਮੀਟਰ ਦੀ ਦੂਰੀ ਵਿਚ ਧਰਨਾ ਨਾ ਲਗਾਇਆ ਜਾਵੇ-ਡੀਐਸਪੀ
ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਫੈਕਟਰੀ ਏਰੀਏ ਤੋਂ 300 ਮੀਟਰ ਦੀ ਦੂਰੀ ਵਿਚ ਧਰਨਾ ਨਾ ਲਗਾਇਆ ਜਾਵੇ-ਡੀਐਸਪੀ
•ਫੈਕਟਰੀ ਦੇ ਅੰਦਰ ਵਰਕਰਾਂ ਲਈ ਰਾਸ਼ਨ-ਪਾਣੀ ਅੰਦਰ ਆਉਣ ਤੋਂ ਨਾ ਰੋਕਿਆ ਜਾਵੇ
ਜ਼ੀਰਾ/ਫਿਰੋਜ਼ਪੁਰ 30 ਜੁਲਾਈ, 2022: ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿਖੇ ਸਥਿਤ ਫੈਕਟਰੀ ਅੱਗੇ ਬੈਠੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜ਼ੀਰਾ ਪਲਵਿੰਦਰ ਸਿੰਘ ਸੰਧੂ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਆਰਡਰ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਧਰਨਕਾਰੀ ਫੈਕਟਰੀ ਏਰੀਏ ਦੇ 300 ਮੀਟਰ ਦਾਇਰੇ ਵਿਚ ਧਰਨਾ ਨਾ ਲਗਾਵੇ। ਜੇਕਰ ਫੈਕਟਰੀ ਨੂੰ ਲੈ ਕੇ ਕੋਈ ਰੋਸ਼ ਹੈ ਤਾਂ ਧਰਨਾਕਾਰੀ ਫੈਕਟਰੀ ਤੋਂ 300 ਮੀਟਰ ਦੂਰ ਸ਼ਾਂਤੀਪੂਰਵਕ ਧਰਨਾ ਲਗਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫੈਕਟਰੀ ਅੰਦਰ ਵਰਕਰਾਂ ਲਈ ਜੋ ਰਾਸ਼ਨ ਪਾਣੀ ਭੇਜਿਆ ਜਾਵੇਗਾ ਉਸ ਨੂੰ ਵੀ ਅੰਦਰ ਜਾਣ ਤੋਂ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਪਾਬੰਦ ਕੀਤਾ ਗਿਆ ਹੈ ਅਤੇ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਸਾਰੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਡੀ ਡਿਊਟੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਲਗਾਈ ਗਈ ਹੈ ਇਸ ਲਈ ਉਹ ਅਪੀਲ ਕਰਦੇ ਹਨ ਕਿ ਕੋਈ ਵੀ ਧਰਨਾਕਾਰੀ ਇਹੋ ਜਿਹਾ ਕੰਮ ਨਾ ਕਰੇ ਜਿਸ ਨਾਲ ਕਾਨੂੰਨ ਵਿਵਸਥਾ ਭੰਗ ਹੋਵੇ, ਉਹ ਕਾਨੂੰਨ ਵਿਵਸਥਾ ਨੂੰ ਬਣਾਏ ਰੱਖ ਕੇ ਹਦਾਇਤਾਂ ਅਨੁਸਾਰ ਸ਼ਾਂਤੀਪੂਰਵਕ ਆਪਣਾ ਧਰਨਾ ਲਗਾ ਸਕਦੇ ਹਨ।
ਇਸ ਤੋਂ ਇਲਾਵਾ ਫੈਕਟਰੀ ਵਿਚ ਕੰਮ ਕਰ ਦੇ ਵਰਕਰਾਂ ਨੇ ਧਰਨਾਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਫੈਕਟਰੀ ਵਿਚ ਹਜ਼ਾਰਾ ਵਰਕਰ ਕੰਮ ਕਰਦੇ ਹਨ ਅਤੇ ਫੈਕਟਰੀ ਵਿਚ ਕੰਮ ਕਰ ਕੇ ਉਨ੍ਹਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਇਸ ਲਈ ਧਰਨਾਕਾਰੀ ਆਪਣਾ ਧਰਨਾ ਖਤਮ ਕਰ ਲੈਣ ਅਤੇ ਜੋ ਵੀ ਕੋਈ ਮਸਲਾ ਹੈ ਉਸ ਨੂੰ ਕਾਨੂੰਨ ਮੁਤਾਬਿਕ ਪ੍ਰਸ਼ਾਸਨ ਵੱਲੋਂ ਹਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਫੈਕਟਰੀ ਨਾਲ ਜੁੜੇ ਹੋਏ ਹਨ ਅਤੇ ਇਸ ਫੈਕਟਰੀ ਤੋਂ ਜੋ ਤਨਖਾਹ ਮਿਲਦੀ ਹੈ ਉਹ ਇਸ ਤੇ ਹੀ ਨਿਰਭਰ ਹਨ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ, ਇਸ ਲਈ ਧਰਨਾਕਾਰੀ ਆਪਣਾ ਧਰਨ ਖਤਮ ਕਰਨ ਤਾਂ ਜੋ ਉਹ ਫੈਕਟਰੀ ਵਿਚ ਆਪਣਾ ਕੰਮ ਕਰ ਸਕਨ ਅਤੇ ਆਪਣੀ ਰੋਜੀ ਰੋਟੀ ਕਮਾ ਸਕਣ।