ਸਿਹਤ ਸੇਵਾਵਾਂ ਪੱਖੋ ਸਿਵਲ ਹਸਪਤਾਲ ਫਿਰੋਜਪੁਰ -ਚ ਫਿਰ ਹੋਈ ਇਨਸਾਨੀਅਤ ਸ਼ਰਮਸ਼ਾਰ।
ਸਿਹਤ ਸੇਵਾਵਾਂ ਪੱਖੋ ਸਿਵਲ ਹਸਪਤਾਲ ਫਿਰੋਜਪੁਰ -ਚ ਫਿਰ ਹੋਈ ਇਨਸਾਨੀਅਤ ਸ਼ਰਮਸ਼ਾਰ।
ਡਲਿਵਰੀ ਮੌਕੇ ਦਰਦਾਂ ਨਾਲ ਕੁਰਲਾਂਉਦੀ ਗਰੀਬ ਔਰਤ ਨੂੰ ਦਿੱਤਾ ਜਵਾਬ , ਕਿਹਾ ਜਿੱਥੇ ਮਰਜੀ ਲੈ ਜਾਵੋ ਪਰ ਇਥੋ ਜਾਵੋ।
ਵਿਕਾਸ ਦੇ ਦਾਅਵੇ ਕਰਨ ਵਾਲੇ ਸਾਰੇ ਆਗੂਆਂ ਲਈ ਸ਼ਰਮ ਨਾਲ ਡੁੱਬ ਮਰਨ ਦੀ ਗੱਲ।
ਸਾਡੇ ਕੋਲ ਇਕ ਹੀ ਗਾਇਨਾਕਾਲੋਜਿਸਟ ਹੈ ਜਿਸ ਤੋ 24 ਘੰਟੇ ਡਿਊਟੀ ਨਹੀ ਲਈ ਜਾ ਸਕਦੀ— ਅਗਰਵਾਲ (ਐਸ ਐਮ ਓ ਫਿਰੋਜਪੁਰ )
ਮਮਦੋਟ, 10 ਫਰਵਰੀ ( ਜਸਬੀਰ ਸਿੰਘ ਕੰਬੋਜ) ਸਿਹਤ ਸੇਵਾਵਾਂ ਦੇਣ ਅਤੇ ਕਾਗਜੀ ਪੱਤਰੀ ਜੱਚਾ ਬੱਚਾ ਦੀ ਭਲਾਈ ਲਈ ਕਰੋੜਾਂ ਦੀਆਂ ਸਕੀਮਾ ਚਲਾ ਕੇ ਤੇ ਕਰੋੜਾਂ ਰੁਪੈ ਇਸ਼ਤਿਹਾਰਬਾਜੀ ਤੇ ਖਰਚ ਕਰਨ ਵਾਲੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਈ ਜਦ ਬੀਤੀ ਕੱਲ ਰਾਤ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਕਮਿਊਨਟੀ ਹੈਲਥ ਸੈਟਰ ਮਮਦੋਟ ਤੋ ਰੈਫਰ ਕੀਤੀ ਇਕ ਗਰੀਬ ਪ੍ਰੀਵਾਰ ਦੀ ਔਰਤ ਨੂੰ ਡਲਿਵਰੀ ਸਮੇ ਦਰਦਾਂ ਨਾਲ ਕੁਰਲਾਂਉਦੀ ਨੂੰ ਜਵਾਬ ਦੇ ਕੇ ਹਸਪਤਾਲ ਤੋ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਕਿਹਾ ਕਿ ਕੇਸ ਜਿੱਥੋ ਮਰਜੀ ਕਰਵਾਓ ਪਰ ਪਲੀਜ ਇਥੋ ਜਾਵੋ। ਇਸ ਸੰਬੰਧੀ ਆਪਣੀ ਵਿਥਿਆ ਸੁਣਾਉਦੇ ਹੋਏ ਸੁਰਜਨ ਪੁੱਤਰ ਪੱਲਾ ਵਾਸੀ ਪਿੰਡ ਜੋਧਪੁਰ ਨੇ ਦੱਸਿਆ ਕਿ ਉਹ ਇਕ ਗਰੀਬ ਆਦਮੀ ਹੈ ਤੇ ਉਸ ਨੇ ਆਪਣੀ ਗਰਭਵਤੀ ਪਤਨੀ ਨੂੰ ਪਿੰਡ ਜੋਧਪੁਰ ਦੀ ਆਸ਼ਾ ਵਰਕਰ ਰਾਂਹੀ ਸਿਵਲ ਹਸਪਤਾਲ ਮਮਦੋਟ ਵਿਖੇ ਰਜਿਸਟਰ ਕਰਵਾ ਕੇ ਟੀਕਾਕਰਨ ਵਗੈਰਾ ਕਰਵਾਇਆ ਸੀ ਤੇ ਜਰੂਰਤ ਸਮੇ ਚੱਕ ਅੱਪ ਵੀ ਕਰਵਾਈ ਜਾਂਦੀ ਰਹੀ। ਉਸਨੇ ਦੱਸਿਆ ਕਿ ਕੱਲ ਜਦ ਦਿਨ ਸਮੇ ਉਹ ਆਪਣੀ ਪਤਨੀ ਨੀਤੂ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਲੈ ਕੇ ਆਇਆ ਤਾਂ ਹਾਜਰ ਲੇਡੀ ਡਾਕਟਰ ਨੇ ਚੈਕਅੱਪ ਕਰਕੇ ਬਿਲਕੁਲ ਨਾਰਮਲ ਕੇਸ ਦੱਸਿਆ ਤੇ ਕਿਹਾ ਕਿ ਅਜੇ ਕੁਝ ਟਾਈਮ ਬਾਕੀ ਹੈ ਜਦ ਜਰੂਰਤ ਹੋਵੇ ਤਾਂ ਇਥੇ ਲੈ ਆਉਣਾ। ਉਸਨੇ ਦੱਸਿਆ ਕਿ ਦਰਦਾਂ ਸ਼ੁਰੂ ਹੋਣ ਤੇ ਜਦ ਉਹ ਕਰੀਬ 7-30 ਵਜੇ ਰਾਤ ਆਪਣੀ ਪਤਨੀ ਨੂੰ ਮਮਦੋਟ ਸਿਵਲ ਹਸਪਤਾਲ ਲੈ ਕੇ ਦੁਬਾਰਾ ਗਿਆ ਤਾਂ ਮੌਜੂਦ ਲੇਡੀ ਡਾਕਟਰ ਨੇ ਦੇਖ ਕੇ ਕੇਸ ਫਿਰੋਜਪੁਰ ਸਿਵਲ ਹਸਪਤਾਲ ਰੈਫਰ ਕਰ ਦਿਤਾ । ਉਸਨੇ ਦੱਸਿਆ ਕਿ 108 ਐਬੂਲੈਸ ਰਾਂਹੀ ਫਿਰੋਜਪੁਰ ਸਿਵਲ ਹਸਪਤਾਲ ਆਉਣ ਤੋ ਬਾਦ ਜਦ ਡਲਿਵਰੀ ਸ਼ੁਰੂ ਹੋਈ ਤਾਂ ਕੇਸ ਫਸ ਗਿਆ ਤੇ ਮੇਰੀ ਪਤਨੀ ਜਿਆਦਾ ਕੁਰਲਾਉਣ ਲੱਗੀ ਤਾਂ ਮੌਜੂਦ ਸਟਾਫ ਨਰਸਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਲੇਡੀ ਡਾਕਟਰ ਨਹੀ ਹੈ ਤੁਸੀ ਇਸਨੂੰ ਫਰੀਦਕੋਟ ਮੈਡੀਕਲ ਲੈ ਜਾਵੋ ਜਾਂ ਪ੍ਰਾਈਵੇਟ ਕਿਸੇ ਹਸਪਤਾਲ ਵਿਚ ਕੇਸ ਕਰਵਾ ਲਵੋ ਪਰ ਪਲੀਜ ਇਥੋ ਜਾਵੋ। ਉਸਨੇ ਦੱਸਿਆ ਕਿ ਇਸ ਹਾਲਤ ਵਿਚ ਮੇਰੀ ਪਤਨੀ ਜੇ ਕੁਝ ਦੇਰ ਹੋਰ ਰਹਿੰਦੀ ਤਾਂ ਕੋਈ ਵੀ ਅਣਸੁਖਾਂਵੀ ਘਟਨਾ ਵਾਪਰ ਸਕਦੀ ਸੀ ਕਿਉਕਿ ਉਸ ਪਾਸ ਇਤਨੇ ਪੈਸੇ ਵੀ ਨਹੀ ਸਨ ਕਿ ਉਹ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਕੇਸ ਕਰਵਾ ਸਕਦੇ। ਕੋਈ ਵੀ ਵਸ ਚਾਰਾ ਨਾ ਚਲਦਾ ਦੇਖ ਕੇ ਉਸਨੇ ਆਪਣੇ ਕਿਸੇ ਰਿਸ਼ਤੇਦਾਰ ਰਾਂਹੀ ਮਿੰਨਤ ਤਰਲਾ ਕਰਕੇ ਸਿਵਲ ਹਸਪਤਾਲ ਦੇ ਬਿਲਕੁਲ ਨਜਦੀਕ ਕੇ ਡੀ ਹਸਪਤਾਲ ਵਿਚ ਆਪਣੀ ਪਤਨੀ ਦਾ ਕੇਸ ਕਰਾਇਆ ਜਿਥੇ ਵੱਡੇ ਅਪਰੇਸ਼ਨ ਨਾਲ ਲੜਕੀ ਪੈਦਾ ਹੋਈ। ਉਸਨੇ ਇਕ ਪਾਸੇ ਤਾਂ ਖੁਸ਼ੀ ਜਾਹਰ ਕੀਤੀ ਕਿ ਉਸਦੀ ਪਤਨੀ ਤੇ ਬੱਚੀ ਬਿਲਕੁਲ ਠੀਕ ਹਨ ਦੂਜੇ ਪਾਸੇ ਰੋਸ ਜਾਹਰ ਕਰਦਿਆਂ ਕਿਹਾ ਕਿ ਇਤਨੇ ਵੱਡੇ ਵੱਡੇ ਹਸਪਤਾਲ ਬਨਾਉਣ ਵਾਲੀ ਸਰਕਾਰ ਨੂੰ ਤੇ ਫਿਰੋਜਪੁਰ -ਚ ਵਿਕਾਸ ਦੀਆਂ ਟਾਂਹਰਾਂ ਮਾਰਨ ਵਾਲੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਡਾਕਟਰ ਹੀ ਨਹੀ ਹਨ ਤੇ ਇਹਨਾ ਹਸਪਤਾਲਾਂ ਦਾ ਕੀ ਕਰਨਾ। ਉਸਨੇ ਕੇ ਡੀ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੌਕੇ ਤੇ ਉਸ ਕੌਲ ਪੈਸੇ ਮੌਜੂਦ ਨਾ ਹੋਣ ਤੇ ਵੀ ਜਿਹਨਾ ਇਨਸਾਨੀਆਤ ਨਾਤੇ ਉਸ ਤੇ ਰਹਿਮ ਕੀਤਾ ਤੇ ਇਹਨਾਂ ਦੀ ਬਦੌਲਤ ਉਹ ਆਪਣੇ ਪ੍ਰੀਵਾਰ ਵਿਚ ਖੁਸ਼ ਹੈ ਜਦ ਕਿ ਸਰਕਾਰੀ ਹਸਪਤਾਲ ਵਾਲਿਆਂ ਤਾ ਉਸਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀ ਛੱਡੀ ।ਇਸ ਸੰਬਧੀ ਜਦ ਸਿਵਲ ਹਸਪਤਾਲ ਫਿਰੋਜਪੁਰ ਦੇ ਐਸ ਐਮ ਓ ਡਾਕਟਰ ਪਰਦੀਪ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਸਾਡੇ ਕੋਲ ਇਕ ਹੀ ਗਾਇਨਾਕਾਲੋਜਿਸਟ ਹੈ ਜਿਸ ਤੋ 24 ਘੰਟੇ ਕੰਮ ਨਹੀ ਲਿਆ ਜਾ ਸਕਦਾ। ਇਸ ਸੰਬਧੀ ਅਸੀ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਹੋਇਆ ਹੈ।
ਕੀ ਕਹਿੰਦੇ ਹਨ ਸਿਵਲ ਸਰਜਨ ਫਿਰੋਜਪੁਰ :-ਜੱਚਾ ਬੱਚਾ ਦੀ ਭਲਾਈ ਲਈ ਕਰੋੜਾਂ ਰੁਪੈ ਖਰਚਣ ਦੇ ਬਾਵਜੂਦ ਅਜਿਹੇ ਕੇਸ ਬਾਰੇ ਪੱਛੇ ਜਾਣ ਤੇ ਉਹਨਾ ਦੱਸਿਆ ਕਿ ਉਹ ਚੰਡੀਗੜ ਮੀਟਿੰਗ ਵਿਚ ਹਨ ਤੇ ਫਿਰੋਜਪੁਰ ਆ ਕੇ ਹੀ ਪਤਾ ਕਰਕੇ ਦੱਸ ਸਕਦੇ ਹਨ ਕਿ ਕੀ ਕਾਰਨ ਸਨ ਕਿ ਹਸਪਤਾਲ ਵਿਚ ਡਲਿਵਰੀ ਨਹੀ ਕੀਤੀ ਗਈ ।
ਫੋਟੋ ਫਾਈਲ 10 ਐਮਡੀਟੀ01ਕੰਬੋਜ- ਕੈਪਸ਼ਨ:- ਕੇ ਡੀ ਹਸਪਤਾਲ ਫਿਰੋਜਪੁਰ ਵਿਖੇ ਆਪਣੀ ਵਿਥਿਆ ਸੁਣਾਉਦਾ ਹੋਇਆ ਸੁਰਜਨ ਤੇ ਨਾਲ ਜੇਰੇ ਇਲਾਜ ਉਸਦੀ ਪਤਨੀ ਨੀਤੂ ਤੇ ਸੀਜੇਰੀਅਨ ਅਪਰੇਸ਼ਨ ਨਾਲ ਹੋਈ ਲੜਕੀ ।