Ferozepur News

ਸਰਹੱਦ ਤੇ ਵੱਸਦੇ ਲੋਕ ਬਹਾਦਰ ਅਤੇ ਦੇਸ਼ ਭਗਤ ਹਨ: ਸੇਖੋਂ

ਸਰਹੱਦ ਤੇ ਵੱਸਦੇ ਲੋਕ ਬਹਾਦਰ ਅਤੇ ਦੇਸ਼ ਭਗਤ ਹਨ: ਸੇਖੋਂ
ਮੁੱਖ ਮੰਤਰੀ ਕੱਲ ਸਰਹੱਦੀ ਪਿੰਡਾਂ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ
ਪੰਜਾਬ ਸਰਕਾਰ ਹਰ ਮੁਸ਼ਕਲ ਦੀ ਘੜੀ ਵਿਚ ਸਰਹੱਦੀ ਲੋਕਾਂ ਦੇ ਨਾਲ ਖੜੀ ਹੈ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਕੀਤੀ ਜਾਵੇਗੀ।
ਕਿਸਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਜਾਣ ਤੇ ਕੋਈ ਪਾਬੰਦੀ ਨਹੀਂ : ਡਿਪਟੀ ਕਮਿਸ਼ਨਰ
Sekhon in Ferozepur
ਫ਼ਿਰੋਜ਼ਪੁਰ 2 ਅਕਤੂਬਰ 2016( ) ਸਰਹੱਦੀ ਖੇਤਰ ਤੇ ਬਣੇ ਤਣਾਅ ਪੂਰਵਕ ਮਾਹੌਲ ਦੀ ਸਥਿਤੀ ਅਤੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਲੋਕਾਂ ਦੀ ਸੁਰੱਖਿਆ , ਰਾਹਤ ਕੈਂਪਾਂ ਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਸ.ਜਨਮੇਜਾ ਸਿੰਘ ਸੇਖੋਂ ਵੱਲੋਂ ਪਿੰਡ ਹਬੀਬ ਵਾਲਾ, ਰੁਹੇਲਾ ਹਾਜੀ, ਕਾਮਲ ਵਾਲਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਲਕਾ ਦਿਹਾਤੀ ਸ.ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ ਖਰਬੰਦਾ ਵੀ ਹਜ਼ਾਰ ਸਨ।
ਕੈਬਨਿਟ ਮੰਤਰੀ ਸ.ਜਨਮੇਜਾ ਸਿੰਘ ਸੇਖੋਂ ਨੇ ਅੰਤਰ-ਰਾਸ਼ਟਰੀ ਭਾਰਤ ਪਾਕਿ ਸਰਹੱਦਾਂ ਤੇ ਰਹਿੰਦੇ ਲੋਕਾਂ ਨੂੰ ਸੱਚੇ ਦੇਸ਼ ਭਗਤ ਕਹਿੰਦਿਆਂ ਕਿਹਾ ਕਿ ਇਹ ਧਰਤੀ ਦੇ ਉਹ ਪੁੱਤਰ ਹਨ ਜਿੰਨਾ ਨੂੰ ਹਰ ਰੋਜ਼ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੰਨਾ ਮੁਸ਼ਕਲਾਂ ਦੇ ਬਾਵਜੂਦ ਇਨਾਂ ਬਹਾਦਰ ਅਤੇ ਮਿਹਨਤੀ ਲੋਕਾਂ ਨੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਬਹਾਦਰ ਲੋਕਾਂ ਨੇ 1965 ਅਤੇ 1971 ਦੀ ਜੰਗ ਸਮੇਂ ਦੁਸ਼ਮਣ ਦੀਆਂ ਚੁਨੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਮਾਤਰ ਭੂਮੀ ਦੀ ਸੱਚੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ, ਜੋ ਕਿ ਭਾਰਤ ਪਾਕਿਸਤਾਨ ਦਰਮਿਆਨ ਬਣੇ ਤਣਾਅ ਤੋਂ ਬਾਅਦ  ਆਪਣੇ ਘਰ ਬਾਹਰ ਛੱਡ ਰਹੇ ਹਨ।
ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਰਹੱਦੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਰਾਹਤ ਕੈਂਪਾਂ ਵਿੱਚ ਪੁੱਜਣ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ, ਖਾਣ ਪੀਣ, ਪਸ਼ੂਆਂ ਲਈ ਚਾਰੇ ਅਤੇ ਰਹਿਣ ਸਮੇਤ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਰਹੱਦੀ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਘਬਰਾਉਣ ਨਾ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਪੰਜਾਬ ਪੱਧਰ ਸਿਵਲ ਸਕੱਤਰ ਪੰਜਾਬ ਚੰਡੀਗੜ੍ਹ ਵਿਖੇ  ਹੈਲਪ ਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਸ ਕੰਮ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਘਟਨਾ ਹੁੰਦੀ ਹੈ ਤਾਂ ਤੁਸੀਂ ਹੈਲਪ ਲਾਈਨ ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਸਰਹੱਦੀ ਲੋਕਾਂ ਨੂੰ ਦੱਸਿਆ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਜਿਵੇਂ ਬੱਸਾਂ, ਟਰੱਕਾਂ ਆਦਿ ਦੀ ਲੋੜ ਹੋਵੇ ਤਾਂ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਰ ਤਰ੍ਹਾਂ ਦੀ ਮੱਦਦ ਲੈ ਸਕਦੇ ਹੋ।
ਸ. ਸੇਖੋਂ ਨੇ ਸਰਹੱਦੀ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦੇਗੀ। ਇਸ ਲਈ ਉਹ ਕਾਹਲੀ ਵਿੱਚ ਝੋਨੇ ਦੀ ਅਗੇਤੀ ਵਾਢੀ ਨਾ ਕਰਨ ਅਤੇ ਉਹ ਮੰਡੀਆਂ ਵਿੱਚ ਝੋਨੇ ਦੀ ਸੁੱਕੀ ਫ਼ਸਲ ਹੀ ਲੈ ਕੇ ਆਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਆਪਣੀਆਂ ਜ਼ਮੀਨਾਂ ਤੇ ਜਾਣ ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੱਲ੍ਹ ਸਰਹੱਦੀ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।
ਸ. ਜੋਗਿੰਦਰ ਸਿੰਘ ਜਿੰਦੂ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਨੇ ਕਿਹਾ ਕਿ ਸਰਹੱਦ &#39ਤੇ ਰਹਿੰਦੇ ਲੋਕ ਬਹੁਤ ਬਹਾਦਰ ਅਤੇ ਹੌਸਲੇ ਵਾਲੇ ਹਨ ਅਤੇ ਪਿਛਲੀਆਂ ਜੰਗਾਂ ਵਿੱਚ ਫ਼ੌਜ ਨੂੰ ਭੋਜਨ ਤੇ ਹੋਰ ਸਹਾਇਤਾ ਤੱਕ ਦਿੰਦੇ ਰਹੇ ਹਨ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜੋ ਸਰਜੀਕਲ ਅਪਰੇਸ਼ਨ ਜੰਮੂ-ਕਸ਼ਮੀਰ ਖੇਤਰ ਵਿੱਚ ਫ਼ੌਜ ਨੇ ਕੀਤਾ ਸੀ, ਉਸ ਨੂੰ ਵੇਖਦੇ ਹੋਏ ਕਿ ਕਿਧਰੇ ਪਾਕਿਸਤਾਨ ਇਧਰ ਕੋਈ ਸ਼ਰਾਰਤ ਨਾ ਕਰੇ, ਇਸ ਲਈ ਸਰਹੱਦ ਨਾਲ ਲੱਗਦਾ 10 ਕਿੱਲੋਮੀਟਰ ਖੇਤਰ ਦੇ ਲੋਕਾਂ ਨੂੰ ਚੌਕਸ ਰਹਿਣ ਤੇ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਸਥਾਪਿਤ ਰਾਹਤ ਕੇਂਦਰਾਂ ਵਿੱਚ ਪਹੁੰਚਣ। ਉਨ੍ਹਾਂ ਕਿਹਾ ਹਰ ਰਾਹਤ ਕੇਂਦਰ ਦੇ ਵਿੱਚ 8-10 ਪਿੰਡਾਂ ਦੇ ਵਸਨੀਕਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਕਿਸੇ ਇੱਕ ਰਾਹਤ ਕੇਂਦਰ ਵਿੱਚ ਜ਼ਿਆਦਾ ਭੀੜ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਖਾਣ-ਪੀਣ, ਰਹਿਣ, ਪਾਣੀ, ਪਖਾਨੇ, ਰੌਸ਼ਨੀ, ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਹਨ ਤੇ ਇਸ ਕੰਮ ਲਈ ਧਾਰਮਿਕ ਸੰਸਥਾਵਾਂ, ਐਨ.ਜੀ.ਓਜ ਆਦਿ ਦੀ ਮੱਦਦ ਵੀ ਲਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਤੇ ਫੌਗਿੰਗ ਸਪਰੇਅ ਕਰਵਾਈ ਜਾ ਰਹੀ ਹੈ। ਡੀ.ਸੀ. ਦਫ਼ਤਰ ਦਾ ਹੈਲਪ ਲਾਈਨ ਨੰ: 01632-244024 ਹੈ ਜੋ 24 ਘੰਟੇ ਕੰਮ ਕਰ ਰਿਹਾ ਹੈ। ਕਿਸੇ ਵੀ ਜਾਣਕਾਰੀ ਜਾਂ ਸੂਚਨਾ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ: ਪ੍ਰੀਤਮ ਸਿੰਘ ਮਲਸੀਹਾ ਮੈਂਬਰ ਐਸ.ਜੀ.ਪੀ.ਸੀ, ਸ: ਹਰਚਰਨ ਸਿੰਘ ਵੈਰੜ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਸ.ਚਮਕੌਰ ਸਿੰਘ ਟਿੱਬੀ, ਸ. ਜੋਗਾ ਸਿੰਘ ਮੁਰਕਵਾਲਾ, ਸ੍ਰੀ ਅੰਮ੍ਰਿਤ ਲਾਲ ਅਰੋੜਾ ਤਹਿਸੀਲਦਾਰ, ਸ੍ਰੀ ਵਿਜੇ ਬਹਿਲ ਨਾਇਬ ਤਹਿਸੀਲਦਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਅਕਾਲੀ ਆਗੂ ਹਾਜ਼ਰ ਸਨ।

Related Articles

Back to top button