ਸਰਹੱਦੀ ਪਿੰਡਾਂ ਦੇ ਬੇਘਰੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਵਿਧਾਇਕ ਪਿੰਕੀ ਨੇ ਵੰਡੇ ਗ੍ਰਾਂਟ ਮੰਜੂਰੀ ਪੱਤਰ
ਫਿਰੋਜ਼ਪੁਰ, 26 ਫਰਵਰੀ, ਸਰਹੱਦੀ ਪਿੰਡਾਂ ਦੇ ਸੈਂਕੜੇ ਬੇਘਰ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਸਰਕਾਰ ਦੁਆਰਾ ਸਰਹੱਦੀ ਪਿੰਡਾਂ ਦੇ 125 ਪਰਿਵਾਰਾਂ ਨੁੰ ਪੱਕੇ ਮਕਾਨ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਹੈ ਤੇ ਹਰੇਕ ਪਰਿਵਾਰ ਨੂੰ ਮਿਲੀ ਗ੍ਰਾਂਟ ਦੀ ਮੰਜੂਰੀ ਦੇ ਪੱਤਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਬੰਧਤ ਪਰਿਵਾਰਾਂ ਨੂੰ ਵੰਡੇ। ਇਸ ਮੌਕੇ ਪਿੰਕੀ ਨੇ ਕਿਹਾ ਕਿ ਕਈ ਸਰਹੱਦੀ ਪਿੰਡਾਂ ਦੇ ਲੋਕਾਂ ਕੋਲ ਰਹਿਣ ਲਈ ਪੱਕੇ ਮਕਾਨ ਨਹੀਂ ਹਨ। ਕੱਚੇ ਘਰਾਂ ਵਿਚ ਉਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਵਰਖਾ ਦੇ ਦਿਨਾਂ ਵਿਚ ਹਾਦਸੇ ਹੋਣ ਦਾ ਡਰ ਰਹਿੰਦਾ ਹੈ ਤੇ ਲੋਕ ਬਾਰਸ਼ਾਂ ਦੇ ਦਿਨਾਂ ਵਿਚ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਖੁੱਲੇ ਆਸਮਾਨ ਥੱਲੇ ਸੌਣ ਲਈ ਮਜ਼ਬੂਰ ਹਨ। ਸਰਕਾਰ ਦੁਆਰਾ ਜਾਰੀ ਕੀਤੀ ਇਸ ਗ੍ਰਾਂਟ ਨਾਲ ਹਰੇਕ ਪਰਿਵਾਰ ਨੂੰ 1.30 ਲੱਖ ਰੁਪਏ ਦਿੱਤੇ ਜਾਣਗੇ ਤਾਂ ਕਿ ਇਹ ਲੋਕ ਪੱਕੇ ਮਕਾਨ ਬਣਾ ਕੇ ਚੈਨ ਦੀ ਨੀਂਦ ਸੋ ਸਕਣ। ਇਸ ਮੌਕੇ ਉਨਾਂ ਪਿੰਡ ਦੁਲਚੀਕੇ, ਛੋਟਾ ਬਾਰੇਕੇ, ਗੱਟੀ ਰਾਜੋਕੇ, ਸੈਦੇ ਕੇ, ਕਾਮਲਵਾਲਾ ਸਹਿਤ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਮੰਜੂਰੀ ਪੱਤਰ ਜਾਰੀ ਕੀਤੇ।
ਉਕਤ ਪਿੰਡਾਂ ਦੇ ਵਾਸੀਆਂ ਰਾਜ ਰਾਣੀ, ਕੁਲਵਿੰਦਰ ਕੌਰ, ਪਿਆਰੋ, ਜਾਨੋ ਬਾਈ ਸਹਿਤ ਅਨੇਕਾਂ ਔਰਤਾਂ ਨੇ ਕਿਹਾ ਕਿ ਅਜਾਦੀ ਤੋਂ ਲੈ ਕੇ ਅੱਜ ਤੱਕ ਉਨਾਂ ਦੇ ਪਰਿਵਾਰ ਬਾਰਡਰ ਏਰੀਏ ਵਿਚ ਬੈਠੇ ਹਨ, ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਉਨਾਂ ਦੇ ਬੇਘਰ ਹੋਣ ਦਾ ਦੁੱਖ ਦੂਰ ਕਰਨ ਦਾ ਯਤਨ ਕੀਤਾ ਹੈ। ਸਰਕਾਰ ਦੁਆਰਾ ਉਨਾਂ ਨੂੰ ਪੱਕੇ ਘਰ ਬਣਾਉਣ ਲਈ ਜੋ ਪੈਸੇ ਦਿੱਤੇ ਜਾ ਰਹੇ ਹਨ, ਉਸ ਨਾਲ ਉਨਾਂ ਦਾ ਤੇ ਉਨਾਂ ਦੀਆਂ ਆਉਣ ਵਾਲੀਆਂ ਪੀੜ•ੀਆਂ ਦਾ ਜੀਵਨ ਪੱਧਰ ਉਚਾ ਉਠਣਾ ਯਕੀਨੀ ਹੈ।