ਸਰਕਾਰ ਵਿਰੁੱਧ ਸੰਘਰਸ਼ ਦੇ ਰੌਂਅ ਵਿਚ ਆਂਗਨਵਾੜੀ ਵਰਕਰ ਯੂਨੀਅਨ
ਗੁਰੂਹਰਸਹਾਏ, 28 ਸਤੰਬਰ (ਪਰਮਪਾਲ ਗੁਲਾਟੀ)- ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਸਰਕਾਰੀ ਫੈਸਲੇ ਤੋਂ ਨਾ-ਖੁਸ਼ ਸੂਬੇ ਭਰ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਦੂਜੇ ਪੜ੍ਹਾਅ ਵਜੋਂ ਪੰਜਾਬ ਵਿਚ 2 ਵੱਡੀਆਂ ਰੈਲੀਆਂ ਕਰਨ ਦਾ ਐਲਾਨ ਜਥੇਬੰਦੀ ਨੇ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਹਨਾਂ ਦੱਸਿਆ ਕਿ 2 ਅਕਤੂਬਰ ਦਿਨ ਸੋਮਵਾਰ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਦਕਿ 4 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦਾਸਪੁਰ ਵਿਖੇ ਸੂਬਾ ਪੱਧਰੀ ਰੈਲੀ ਹੋਵੇਗੀ ਤੇ ਉਕਤ ਦੋਵਾ ਰੈਲੀਆਂ ਵਿਚ ਹਜਾਰਾਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੀ ਵਿਰੋਧੀ ਤਾਂ ਸੀ ਹੀ ਪਰ ਹੁਣ ਮੁਲਾਜਮ ਮਾਰੂ ਨੀਤੀਆਂ ਤੇ ਵੀ ਉਤਰੀ ਹੋਈ ਹੈ ਅਤੇ ਪਿਛਲੇ 42 ਸਾਲਾਂ ਤੋਂ ਆਈ.ਸੀ.ਡੀ.ਐਸ ਸਕੀਮ ਅਧੀਨ ਕੰਮ ਕਰ ਰਹੀਆਂ ਹਜਾਰਾਂ ਵਰਕਰਾਂ ਤੇ ਹੈਲਪਰਾਂ ਦੇ ਹਿੱਤਾਂ ਖਾਤਰ ਨਹੀਂ ਸੋਚ ਰਹੀ। ਸੂਬਾ ਆਗੂ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਯੂਨੀਅਨ ਵੱਲੋਂ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਤੇ ਪ੍ਰੀ ਨਰਸਰੀ ਕਲਾਸਾਂ ਕਦੇ ਵੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਨਹੀਂ ਖੁੱਲ੍ਹਣ ਦਿੱਤੀਆਂ ਜਾਣਗੀਆਂ। ਇਸ ਸਮੇਂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਹਰਪ੍ਰੀਤ ਕੌਰ ਮੁਕਤਸਰ, ਰਜਿੰਦਰ ਕੌਰ ਤੇ ਸਰਬਜੀਤ ਕੌਰ ਕੌੜਿਆਂਵਾਲੀ ਵੀ ਮੌਜੂਦ ਸਨ।