ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਖੇ ਪੋਲੀਥੀਨ ਦੀ ਵਰਤੋਂ ਨਾ ਕਰਨ ਸਬੰਧੀ ਕੀਤਾ ਜਾਗਰੂਕ
ਫਿਰੋਜ਼ਪੁਰ 15 ਦਸੰਬਰ (ਏ.ਸੀ.ਚਾਵਲਾ ) ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਖੇ ਸੰਜੀਵਨੀ ਈਕੋ ਕਲੱਬ ਅਤੇ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਸਾਂਝੇ ਤੌਰ ਤੇ ਪੋਲੀਥੀਨ ਬੈਗ ਦੀ ਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਸਮਾਗਮ ਵਿਚ ਸੀਨੀਅਰ ਲੈਕਚਰਾਰ ਕਮ ਪ੍ਰਿੰਸੀਪਲ ਬਤੌਰ ਮੁੱਖ ਮਹਿਮਾਨ ਅਤੇ ਮੈਡਮ ਸੁਖਦੀਪ ਕੌਰ ਲੈਕਚਰਾਰ ਅਤੇ ਸੋਨੀਆ ਗੁਪਤਾ ਰਿਸੋਰਸ ਪਰਸਨ ਸ਼ਾਮਲ ਹੋਏ। ਇਸ ਮੌਕੇ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਸੰਜੀਵਨੀ ਈਕੋ ਕਲੱਬ ਇੰਚਾਰਜ਼ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਅਯੋਕੇ ਦੌਰ ਵਿਚ ਪੋਲੀਥੀਨ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ, ਇਹ ਨਸ਼ਟ ਨਹੀਂ ਹੋ ਸਕਦਾ। ਇਸ ਨਾਲ ਹਾਈਡਰੋਜ਼ਨ ਸਾਇਆਨਾਈਡ ਗੈਸ ਪੈਦਾ ਹੁੰਦੀ ਹੈ, ਜੋ ਵਾਤਾਵਰਨ ਵਿਚ ਘੁਲ ਕੇ ਕੈਂਸਰ ਦਾ ਕਾਰਨ ਬਣਦੀ ਹੈ। ਪਲਾਸਟਿਕ ਥੈਲੀਆਂ ਦੇ ਕਚਰੇ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਵੇਲ ਮੱਛੀਆਂ ਪੰਛੀ ਸਮੁੰਦਰੀ ਜੀਵ ਆਦਿ ਮਰਦੇ ਹਨ। ਪਲਾਸਟਿਕ ਥੈਲੀਆਂ ਦਾ ਕਚਰਾ ਹਜ਼ਾਰਾ ਸਾਲ ਤੱਕ ਨਸ਼ਟ ਨਹੀਂ ਹੋ ਸਕਦਾ, ਜਦਕਿ ਗੰਡੋਏ ਵਰਗੇ ਜੀਵ ਜੰਤੂ ਵੀ ਧਰਤੀ ਹੇਠ ਪਲਾਸਟਿਕ ਥੈਲੀਆਂ ਦੇ ਕਣ ਖਾ ਕੇ ਮਾਰ ਜਾਂਦੇ ਹਨ। ਸ਼ਹਿਰਾਂ ਵਿਚ ਅਕਸਰ ਗਾਵਾਂ ਤੇ ਹੋਰ ਅਵਾਰਾ ਪਸ਼ੂ ਇਸ ਕੂੜੇ ਵਿਚ ਆਪਣਾ ਭੋਜਨ ਤਲਾਸ਼ਦੇ ਹੋਏ ਮੌਤ ਦਾ ਕਾਰਨ ਇਹ ਬੈਗ ਬਣਦੇ ਹਨ। ਇਸ ਤੋਂ ਇਨਸਾਨ ਵੀ ਬਚ ਨਹੀਂ ਸਕਿਆ, ਉਹ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਉਪਰੰਤ ਇਸ ਦੀ ਵਰਤੋਂ ਨਾ ਕਰਨ ਸਬੰਧੀ ਪ੍ਰਣ ਕਰਵਾਇਆ ਗਿਆ, ਸਮੂਹ ਸਕੂਲ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ। ਲੇਖ ਮੁਕਾਬਲੇ ਵਿਚ 6ਵੀਂ ਤੋਂ 12ਵੀਂ ਕਲਾਸ ਦੇ 58 ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰ ਗਰੁੱਪ ਵਿਚੋਂ ਸੈਂਬਲ, ਦਵਿੰਦਰ ਸਿੰਘ, ਅਨੁਭਵ, ਗੌਰਵ ਪਾਲ, ਜੂਨੀਅਰ ਗਰੁੱਪ ਵਿਚੋਂ ਰਵੀ, ਰੂਬਲ ਅਤੇ ਰਾਹੁਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਡਾ. ਤੇਜਾ ਸਿੰਘ, ਸੋਨੀਆ ਗੁਪਤਾ ਅਤੇ ਜਸਬੀਰ ਕੌਰ ਵਲੋਂ ਨਿਭਾਈ ਗਈ।