Ferozepur News
ਸਰਕਾਰੀ ਸਕੈਂਡਰੀ ਸਕੂਲ ਸਾਂਦੇ ਹਾਸ਼ਮ ਦੇ ਵਿਦਿਆਰਥੀਆਂ ਨੇ ਸਿੱਖਿਆ ਤੇ ਸਹਾਇਕ ਗਤੀਵਿਧੀਆਂ ਵਿਚ ਜ਼ਿਲ੍ਹੇ ਦਾ ਨਾਮ ਚਮਕਾਇਆ
ਲੜਕੀਆਂ ਨੂੰ ਆਤਮ ਰੱਖਿਆ ਸਬੰਧੀ ਆਤਮ ਨਿਰਭਰ ਬਣਾਉਣ ਲਈ ਕਰਾਟੇ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ–ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ 158 ਸਰਕਾਰੀ ਸਕੂਲਾਂ ਵਿਚ ਚੱਲ ਰਹੀ ਹੈ ਵਿਸ਼ੇਸ਼ ਟ੍ਰੇਨਿੰਗ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਲਈ ਸੇਫ਼ ਗਾਰਡਾਂ ਦੀ ਵੰਡ
ਸਰਕਾਰੀ ਸਕੈਂਡਰੀ ਸਕੂਲ ਸਾਂਦੇ ਹਾਸ਼ਮ ਦੇ ਵਿਦਿਆਰਥੀਆਂ ਨੇ ਸਿੱਖਿਆ ਤੇ ਸਹਾਇਕ ਗਤੀਵਿਧੀਆਂ ਵਿਚ ਜ਼ਿਲ੍ਹੇ ਦਾ ਨਾਮ ਚਮਕਾਇਆ
ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨੂੰ ਸਮਰਪਿਤ ਸਮਾਗਮ ਦਾ ਆਯੋਜਨ
ਫਿਰੋਜ਼ਪੁਰ 10 ਫਰਵਰੀ 2016 ( Harish Monga) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਉਦਮ ਸਦਕਾ ਸਰਕਾਰੀ ਸਕੈਂਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਇਸ ਮੁਹਿੰਮ ਤਹਿਤ ਸਕੂਲਾਂ ਵਿਚ ਪੜ੍ਹਦੀਆਂ 6ਵੀਂ ਤੋ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਆਤਮ ਰੱਖਿਆ ਸਬੰਧੀ ਆਤਮ ਨਿਰਭਰ ਬਣਾਉਣ ਅਤੇ ਲੋਕਾਂ ਨੂੰ ਕੰਨਿਆ ਭਰੂਨ ਹੱਤਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਸਟਾਫ਼ ਦੀ ਹੌਸਲਾ ਅਫਜਾਈ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗੁਰੂਆਂ, ਪੀਰਾਂ ਦੀ ਵਰਸੋਈ ਧਰਤੀ ਪੰਜਾਬ ਦੇ ਮੱਥੇ ਤੇ ਕੰਨਿਆ ਭਰੂਨ ਹੱਤਿਆ ਵਰਗਾਂ ਕਲੰਕ ਲੱਗਾ ਹੈ ਜਿਸ ਨੂੰ ਲਾਹੁਣ ਲਈ ਸਮਾਜ ਦੇ ਸਾਰੇ ਵਰਗਾਂ ਖ਼ਾਸ ਕਰਕੇ ਧਾਰਮਿਕ ਆਗੂਆਂ, ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਜਨਮ ਦਰ ਲੜਕਿਆ ਦੇ ਬਰਾਬਰ ਕਰਨ ਦੀ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਜਿਸ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਨਾਲ ਹੀ ਸਕੂਲੀ ਵਿਦਿਆਰਥਣਾਂ ਨੂੰ ਆਤਮ ਰੱਖਿਆ ਲਈ ਕਰਾਟੇ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 158 ਸਰਕਾਰੀ ਸਕੂਲਾਂ ਵਿਚ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪ੍ਰਾਪਤ ਵਿਦਿਆਰਥਣਾਂ ਮਾਸਟਰ ਟਰੇਨਰ ਵਜੋਂ ਅੱਗੇ ਹੋਰ ਵਿਦਿਆਰਥਣਾਂ ਨੂੰ ਟਰੇਂਡ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਕੇ ਆਪਣਾ, ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਦੇ ਵਿਚਾਰ ਸੁਣੇ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਾਟੇ ਟ੍ਰੇਨਿੰਗ ਲਈ ਸੇਫ਼ ਗਾਰਡ ਵੀ ਤਕਸੀਮ ਕੀਤੇ। ਉਨ੍ਹਾਂ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਵਧੀਆਂ ਸੰਸਕਾਰ ਦੇਣ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਭਰਨ ਦੀ ਵੀ ਸ਼ਲਾਘਾ ਕੀਤੀ।
ਇਸ ਸਮਾਗਮ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ.ਜਗਸੀਰ ਸਿੰਘ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਸ੍ਰੀ.ਕੋਮਲ ਅਰੋੜਾ, ਸ੍ਰੀ.ਕਮਲ ਸ਼ਰਮਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ, ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਬਾਬਾ ਬਘੇਲ ਸਿੰਘ, ਸ੍ਰੀਮਤੀ ਗੁਰਮੇਜ ਕੌਰ ਸਰਪੰਚ, ਅਧਿਆਪਕ ਸ੍ਰ.ਗੁਰਬਖ਼ਸ਼ ਸਿੰਘ, ਸ੍ਰ.ਦਲਬੀਰ ਸਿੰਘ, ਸ੍ਰੀ.ਦਵਿੰਦਰ ਨਾਥ, ਰਾਜਿੰਦਰ ਕੌਰ, ਗੀਤ ਸ਼ਰਮਾ, ਇਕਬਾਲ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਵਿਦਿਆਰਥੀ ਤੇ ਇਲਾਕਾ ਨਿਵਾਸੀ ਹਾਜਰ ਸਨ।