ਸਕੂਲੀ ਵਾਹਨਾਂ ਪ੍ਰਤੀ ਬਾਲ ਸੁਰੱਖਿਆ ਦਫਤਰ ਆਇਆ ਹਰਕਤ ਵਿੱਚ ਵੱਖ ਵੱਖ ਸਕੂਲ ਵੈਨਾਂ ਦੀ ਚੈਕਿੰਗ
ਫਿਰੋਜ਼ਪੁਰ 5 ਫਰਵਰੀ (ਏ.ਸੀ.ਚਾਵਲਾ) ਬਾਲ ਸੁਰੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸਕੂਲ ਵੈਨਾਂ ਵਿਚ ਬੱਚਿਆ ਦੀ ਸੁਰੱਖਿਆ ਆਦਿ ਨੂੰ ਲੈ ਕੇ ਸਕੂਲ ਵਾਹਨਾਂ, ਬੱਸਾਂ ਆਦਿ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਸੀਮਾ ਰਾਣੀ ਨੇ ਦੱਸਿਆ ਕਿ ਬਾਲ ਸੁਰੱਖਿਆ ਤੇ ਉਨ•ਾਂ ਦੇ ਅਧਿਕਾਰਾਂ ਨੂੰ ਲੈ ਕਿ ਕੇਂਦਰ 'ਚ ਇੱਕ 'ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਜ' ਨਾਂ ਦਾ ਕਮਿਸ਼ਨ ਬਣਿਆ ਹੋਇਆ ਹੈ ਜੋ ਬਾਲ ਸੁਰੱਖਿਆ ਅਤੇ ਅਧਿਕਾਰਾਂ ਲਈ ਕੰਮ ਕਰਦਾ ਹੈ। ਆਏ ਦਿਨੀਂ ਬੱਸਾਂ 'ਚ ਵਾਪਰ ਰਹੇ ਹਾਦਸਿਆਂ ਤੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਹਾਈਕੋਰਟ ਵੱਲੋਂ ਕਮਿਸ਼ਨ ਨੂੰ ਸਕੂਲੀ ਬੱਸਾਂ 'ਚ ਸੇਫ਼ ਸਕੂਲ ਪਾਲਿਸੀ ਤਹਿਤ ਹਦਾਇਤਾਂ ਯਕੀਨੀ ਬਣਾਉਣ ਲਈ 15 ਫਰਵਰੀ ਤੱਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਕਾਰਵਾਈ ਕਰਦੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਡੀ.ਪੀ.ਐਸ. ਖਰਬੰਦਾ ਜੀ ਦੁਆਰਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਰਾਜ ਵਿੱਚ ਸਕੂਲੀ ਬੱਸਾਂ/ਵਾਹਨਾਂ ਦੀ ਪੰਜਾਬ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਲਈ ਨਿਯੁਕਤ ਕੀਤੀ ਗਈ ਹੈ। ਇਹ ਕਮੇਟੀ ਦੁਆਰਾ ਫਿਰੋਜਪੁਰ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦਾ ਮਕਸਦ ਪ੍ਰਾਈਵੇਟ ਸਕੂਲਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੂਲੀ ਵੈਨਾਂ ਵਿੱਚ ਪਾਈਆਂ ਗਈਆਂ ਕਮੀਆਂ ਦੇ ਬਾਰੇ ਦੱਸ ਕੇ ਇਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਹੈ। ਸ੍ਰੀ ਮਤੀ ਸੀਮਾ ਰਾਣੀ ਨੇ ਦੱਸਿਆ ਕਿ ਭਾਵੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਦੇ ਹਾਲੇ ਤੱਕ ਕੋਈ ਚਲਾਨ ਨਹੀ ਕੱਟੇ ਗਏ,ਪ੍ਰੰਤੂ ਸਕੂਲ ਪ੍ਰਬੰਧਕਾ ਪਾਸੋਂ ਇੱਕ ਮਹੀਨੇ ਦੇ ਅੰਦਰ ਸਾਰੀਆਂ ਸ਼ਰਤਾਂ ਯਕੀਨੀ ਬਣਾਉਣ ਦੇ ਸਮਾਂਬੱਧ ਹਲਫ਼ੀਆ ਬਿਆਨ ਲਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬਾਲ ਸੁਰੱਖਿਆ ਤੇ ਉਨ•ਾਂ ਦੇ ਅਧਿਕਾਰਾਂ ਨੂੰ ਲੈ ਕੇ ਬਣੇ ਇਸ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਸਕੂਲੀ ਬੱਸਾਂ ਚ ਸੀ.ਸੀ.ਟੀ.ਵੀ ਕੈਮਰੇ,ਸਪੀਡ ਗਵਰਨਰ,ਸਕੂਲ ਬੱਸਾਂ ਦੇ ਦਰਵਾਜੇ ਹਾਈਡ੍ਰੋਲਿਕ ਹੋਣ ਦੇ ਨਾਲ ਨਾਲ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਅੱਗ ਬਜਾਉ ਯੰਤਰ,ਬੱਸ ਦਾ ਅਟੈਂਡੈਂਟ,ਫ਼ਸਟ ਏਡ ਬਾਕਸ ਆਦਿ ਸਮੇਤ ਕਈ ਹੋਰ ਸ਼ਰਤਾਂ ਦੀ ਪਾਲਨਾ ਜ਼ਰੂਰੀ ਹੈ। ਇਸ ਚੈਕਿੰਗ ਮੌਕੇ ਬਾਲ ਸੁਰੱਖਿਆ ਯੂਨਿਟ,ਪੁਲਿਸ ਵਿਭਾਗ,ਟਰਾਂਸਪੋਰਟ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਹਾਜਰ ਸਨ।