ਸ਼ਰਾਬ ਦੇ ਨਸ਼ੇ 'ਚ ਟੱਲੀ ਹੋਏ ਐਸ.ਐਮ.ਓ ਨੇ ਹਸਪਤਾਲ 'ਚ ਬਣਾਇਆ ਰੱਖਿਆ ਤਮਾਸ਼ਾ
ਗੁਰੂਹਰਸਹਾਏ, 24 ਮਾਰਚ (ਪਰਮਪਾਲ ਗੁਲਾਟੀ)- ਸਿਹਤ ਵਿਭਾਗ ਵਲੋਂ ਲੋਕਾਂ ਦੀਆਂ ਸਿਹਤ ਸੇਵਾਵਾਂ ਵਿਚ 24 ਘੰਟੇ ਤਤਪਰ ਰਹਿਣ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਲੋਕ ਹਮੇਸ਼ਾ ਹੀ ਸਰਕਾਰੀ ਵਿਭਾਗ ਵਲੋਂ ਮਿਲਣ ਵਾਲੀਆਂ ਸੇਵਾਵਾਂ ਨੂੰ ਲੈ ਕੇ ਅਸੰਤੁਸ਼ਟ ਰਹਿੰਦੇ ਹਨ। ਉਧਰ ਜਦੋਂ ਸਰਕਾਰੀ ਹਸਪਤਾਲ ਦਾ ਮੁੱਖ ਅਫ਼ਸਰ ਹੀ ਆਪਣੀ ਜਿੰਮੇਵਾਰੀ 'ਚ ਕੁਤਾਹੀ ਵਰਤੇ ਤਾਂ ਫਿਰ ਹਸਪਤਾਲਾਂ ਦਾ ਵਿਚ ਆਏ ਮਰੀਜ਼ਾਂ ਦਾ ਰੱਬ ਹੀ ਰਾਖਾ ਹੋਵੇਗਾ ਅਤੇ ਸਟਾਫ਼ ਨੂੰ ਆਪਣੀ ਡਿਊਟੀ ਪ੍ਰਤੀ ਕੀ ਸੇਧ ਮਿਲੇਗੀ ਇਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਬੀਤੀ ਰਾਤ ਵੇਖਣ ਨੂੰ ਮਿਲਿਆ ਜਦੋਂ ਹਸਪਤਾਲ ਦਾ ਐਸ.ਐਮ.ਓ ਰਜੇਸ਼ ਕੁਮਾਰ ਖੁਦ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਸਟਾਫ਼ ਅਤੇ ਮਰੀਜ਼ਾਂ ਨੂੰ ਅਪਸ਼ਬਦ ਬੋਲ ਰਿਹਾ ਸੀ ਅਤੇ ਨਸ਼ੇ ਵਿਚ ਆਪੇ ਤੋਂ ਬਾਹਰ ਹੋਇਆ ਐਸ.ਐਮ.ਓ ਹਸਪਤਾਲ ਵਿਚ ਪਈਆਂ ਕੁਰਸੀਆਂ ਵੀ ਵਗਾਹ-ਵਗਾਹ ਮਾਰ ਰਿਹਾ ਸੀ। ਇਸ ਮਾਮਲੇ ਸਬੰਧੀ ਰਾਤ ਕਰੀਬ 9 ਵਜੇ ਜਦੋਂ ਹਸਪਤਾਲ ਵਿਖੇ ਮੋਜੂਦ ਮਰੀਜ਼ਾਂ ਨੇ ਪੱਤਰਕਾਰਾਂ ਅਤੇ ਸ਼ਹਿਰ ਦੇ ਕੁਝ ਸਮਾਜਸੇਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਇਹ ਹਸਪਤਾਲ ਅੰਦਰ ਐਸ.ਐਮ.ਓ ਦਾ ਇਹ ਵੱਖਰਾ ਅੰਦਾਜ਼ ਵੇਖ ਕੇ ਸਾਰੇ ਦੰਗ ਰਹਿ ਗਏ। ਮੌਕੇ 'ਤੇ ਵੱਧਦੇ ਇਕੱਠ ਨੂੰ ਵੇਖ ਕੇ ਐਸ.ਐਮ.ਓ ਹਸਪਤਾਲ ਵਿਚ ਹੀ ਸਥਿਤ ਆਪਣੀ ਰਿਹਾਇਸ਼ ਵਿਚ ਚਲਾ ਗਿਆ। ਇਹ ਪੂਰਾ ਮਸਲਾ ਤੁਰੰਤ ਸਿਵਲ ਸਰਜਨ ਫਿਰੋਜ਼ਪੁਰ ਅਤੇ ਐਸ.ਡੀ.ਐਮ ਗੁਰੂਹਰਸਹਾਏ ਦੇ ਧਿਆਨ ਵਿਚ ਲਿਆਂਦਾ ਗਿਆ। ਹਸਪਤਾਲ ਅੰਦਰ ਪੁੱਜੇ ਸਮਾਜਸੇਵੀ ਅਤੇ ਹੋਰ ਲੋਕਾਂ ਵਲੋਂ ਐਸ.ਐਮ.ਓ ਰਜੇਸ਼ ਕੁਮਾਰ ਦਾ ਡਾਕਟਰੀ ਮੁਲਾਜ਼ਾ ਕਰਵਾਉਣ ਦੀ ਮੰਗ ਅਨੁਸਾਰ ਮੌਕੇ 'ਤੇ ਹੀ ਸਿਵਲ ਸਰਜਨ ਨੇ ਫੋਨ ਰਾਹੀਂ ਹਸਪਤਾਲ ਦੇ ਦੋ ਮੈਡੀਕਲ ਅਫ਼ਸਰਾਂ ਨੂੰ ਇਸ ਸਬੰਧੀ ਹਦਾਇਤ ਕੀਤੀ ਕਿ ਐਸ.ਐਮ.ਓ ਦਾ ਬਲੱਡ ਸੈਂਪਲ ਲਿਆ ਜਾਵੇ। ਇਸ ਦੌਰਾਨ ਜਦੋਂ ਦੋਵੇਂ ਮੈਡੀਕਲ ਅਫ਼ਸਰਾਂ, ਸਮਾਜਸੇਵੀ ਲੋਕਾਂ ਅਤੇ ਪੱਤਰਕਾਰਾਂ ਦੀ ਹਾਜ਼ਰੀ ਵਿਚ ਬਲੱਡ ਸੈਂਪਲ ਲੈਣ ਲਈ ਐਸ.ਐਮ.ਓ ਕੋਲ ਗਏ ਤਾਂ ਉਹ ਅੱਗੋਂ ਨੋਟੰਕੀ ਕਰਦੇ ਹੋਏ ਮੁਆਫ਼ੀ ਮੰਗਣ ਲੱਗ ਪੈਂਦਾ ਅਤੇ ਆਪਣੇ ਆਪ ਨੂੰ ਗਾਲਾਂ ਕੱਢਣ ਲੱਗ ਪਿਆ। ਵਾਰ-ਵਾਰ ਮੈਡੀਕਲਾਂ ਅਫ਼ਸਰਾਂ ਦੇ ਕਹਿਣ 'ਤੇ ਵੀ ਐਸ.ਐਮ.ਓ ਬਲੱਡ ਸੈਂਪਲ ਦੇਣ ਤੋਂ ਨਾਂਹ ਕਰਦਾ ਰਿਹਾ ਅਤੇ ਆਪਣੇ-ਆਪ ਨੂੰ ਕਿਸੇ ਮੰਤਰੀ ਦਾ ਨਜ਼ਦੀਕੀ ਦੱਸਣ ਲੱਗਾ। ਮੌਕੇ 'ਤੇ ਮੋਜੂਦ ਸਮਾਜਸੇਵੀ ਲੋਕਾਂ, ਮੈਡੀਕਲ ਅਫ਼ਸਰਾਂ ਨੇ ਜਦੋਂ ਉਹਨਾਂ ਕਿਹਾ ਕਿ ਸਿਵਲ ਸਰਜਨ ਅਤੇ ਐਸ.ਡੀ.ਐਮ ਸਾਹਿਬ ਦੇ ਧਿਆਨ ਵਿਚ ਇਹ ਮਾਮਲਾ ਪਹੁੰਚ ਚੁੱਕਿਆ ਹੈ ਅਤੇ ਸਿਵਲ ਸਰਜਨ ਦੇ ਅਦੇਸ਼ਾਂ ਅਨੁਸਾਰ ਹੀ ਬਲੱਡ ਸੈਂਪਲ ਲਿਆ ਜਾ ਰਿਹਾ ਹੈ ਤਾਂ ਐਸ.ਐਮ.ਓ ਅੱਗੋਂ ਧੌਂਸ ਵਖਾਉਂਦੇ ਹੋਏ ਸਿਵਲ ਸਰਜਨ ਅਤੇ ਐਸ.ਡੀ.ਐਮ ਨੂੰ ਵੀ ਅਪਸ਼ਬਦ ਬੋਲਣ ਲੱਗ ਪਿਆ। ਹਸਪਤਾਲ ਦੇ ਹਾਲ ਵਿਚ ਮੋਜੂਦ ਸਮੂਹ ਇਕੱਤਰ ਲੋਕਾਂ ਅਤੇ ਮਰੀਜ਼ਾਂ ਨੂੰ ਉਚੀ ਉਚੱੀ ਗਾਲਮੰਦਾਂ ਬੋਲਣ ਲੱਗਾ। ਵਧਦੇ ਹਲਾਤ ਨੂੰ ਵੇਖਦੇ ਹੋਏ ਰਾਤ ਕਰੀਬ ਪੌਣੇ ਬਾਰਾਂ ਵਜੇ ਐਸ.ਐਚ.ਓ ਗੁਰੂਹਰਸਹਾਏ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਗੁਰੂਹਰਸਹਾਏ ਦੇ ਐਸ.ਐਚ.ਓ ਜਸਪਾਲ ਸਿੰਘ ਭੱਟੀ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। ਪੁਲਸ ਦੇ ਆਉਣ ਦੀ ਭਿਣਕ ਮਿਲਦਿਆ ਹੀ ਐਸ.ਐਮ.ਓ ਪੈਦਲ ਹੀ ਹਸਪਤਾਲ ਤੋਂ ਰਫੂ ਚੱਕਰ ਹੋ ਗਿਆ। ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਦੀ ਮੋਜੂਦਗੀ ਵਿਚ ਮੈਡੀਕਲਾਂ ਅਫ਼ਸਰਾਂ ਵਲੋਂ ਕਾਗਜ਼ੀ ਕਾਰਵਾਈ ਕੀਤੀ ਗਈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਅਜਿਹੇ ਸਿਹਤ ਅਧਿਕਾਰੀਆਂ ਵਿਰੁੱਧ ਕੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਧਰ ਜਦੋਂ ਇਸ ਸਬੰਧੀ ਐਸ.ਐਮ.ਓ ਨਾਲ ਵਾਰ-ਵਾਰ ਫੋਨ 'ਤੇ ਸੰਪਰਕ ਕੀਤਾ ਤਾਂ ਉਨ•ਾਂ ਨੇ ਫੋਨ ਨਹੀਂ ਚੁੱਕਿਆ ਅਤੇ ਇਸ ਸਬੰਧੀ ਜਦੋਂ ਦਫ਼ਤਰ ਦੇ ਹੋਰ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਐਸ.ਐਮ.ਓ ਸਾਹਿਬ ਨੇ ਤਿੰਨ ਦਿਨ ਦੀ ਛੁੱਟੀ ਲੈ ਲਈ ਹੈ। ਐਸ.ਐਮ.ਓ ਵਲੋਂ ਵਿਖਾਏ ਗਏ ਇਸ ਵਤੀਰੇ ਦੀ ਵੀਡਿਓ ਵੀ ਕੈਮਰੇ ਵਿਚ ਕੈਦ ਕਰ ਲਈ ਗਈ ਹੈ। ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸ਼ਿਕਾਇਤ ਦੇ ਅਧਾਰ ਤੇ ਸਬੂਤਾਂ ਨੂੰ ਵੇਖਦੇ ਹੋਏ ਇਨਕੁਆਰੀ ਕਰਵਾਈ ਜਾਵੇਗੀ।