ਵੱਖ ਵੱਖ ਫੂਡ ਏਜੰਸੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਡੀ. ਸੀ. ਦਫਤਰ ਸਾਹਮਣੇ ਦਿੱਤਾ ਧਰਨਾ
ਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) : ਪੰਜਾਬ ਦੀਆਂ ਫੂਡ ਸਟੇਟ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ, ਪੰਜਾਬ ਰਾਜ ਗੋਦਾਮ ਨਿਗਮ, ਪੰਜਾਬ ਫੂਡ ਐਗਰੋ ਅਤੇ ਪੀ. ਈ. ਜੀ. ਗੁਦਾਮਾਂ ਵਿਚ ਲੋਡਿੰਗ ਅਣਲੋਡਿੰਗ ਦਾ ਕੰਮ ਕਰਦੇ ਮਜ਼ਦੂਰਾਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਡੀ. ਸੀ. ਦਫਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ। ਇਸ ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਸੁਖਦੇਵ ਸਿੰਘ ਕਰ ਰਹੇ ਸਨ। ਉਨ•ਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਲੋਡਿੰਗ ਅਣਲੋਡਿੰਗ ਦਾ ਕੰਮ ਆੜ•ਤੀਆਂ ਨੂੰ ਨਾ ਦਿੱਤਾ ਜਾਵੇ, ਕਿਉਂਕਿ ਇਸ ਨਾਲ ਮੰਡੀਆਂ ਵਿਚ ਸਾਲਾਂ ਤੋਂ ਕੰਮ ਕਰਦੇ ਹਜ਼ਾਰਾਂ ਮਜ਼ਦੂਰ ਵਿਹਲੇ ਹੋ ਜਾਣਗੇ, ਪੰਜਾਬ ਦੀਆਂ ਉਪਰੋਕਤ ਫੂਡ ਏਜੰਸੀਆਂ ਅਤੇ ਪੀ. ਈ. ਜੀ. ਗੋਦਾਮਾਂ ਵਿਚ ਕੰਮ ਕਰਦੇ ਮਜ਼ਦੂਰਾਂ ਤੇ ਜੋ ਸਰਵਿਸ ਟੈਕਸ ਲਾਇਆ ਗਿਆ ਹੈ ਉਹ ਬੰਦ ਕੀਤਾ ਜਾਵੇ। ਉਨ•ਾਂ ਨੇ ਕਿਹਾ ਕਿ ਮਜ਼ਦੂਰ ਨੂੰ ਮਜ਼ਦੂਰੀ ਤਾਂ ਪਹਿਲਾ ਹੀ ਬਹੁਤ ਘੱਟ ਮਿਲਦੀ ਹੈ ਸਰਵਿਸ ਟੈਕਸ ਲੱਗਣ ਨਾਲ ਮਜ਼ਦੂਰੀ ਹੋਰ ਘਟੇਗੀ। ਸੂਬਾ ਪ੍ਰਧਾਨ ਨੇ ਆਖਿਆ ਕਿ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਵਿਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਮਜ਼ਦੂਰੀ ਦਾ ਸਿੱਧਾ ਭੁਗਤਾਨ ਕੀਤਾ ਜਾਵੇ, ਪੰਜਾਬ ਦੀਆਂ ਫੂਡ ਏਜੰਸੀਆਂ ਅਤੇ ਪੀ. ਈ. ਸੀ. ਗੋਦਾਮਾਂ ਵਿਚ ਠੇਕੇਦਾਰੀ ਰਜਿਸਟਰੇਸ਼ਨ ਲਾਜ਼ਮੀ ਕੀਤੀ ਜਾਵੇ ਅਤੇ ਠੇਕੇਦਾਰ ਕੋਲ ਲੇਬਰ ਲਾਇਸੰਸ ਵੀ ਜ਼ਰੂਰੀ ਹੋਣਾ ਚਾਹੀਦਾ ਹੈ। ਫੂਡ ਏਜੰਸੀਆਂ ਦਾ ਠੇਕਾ ਦੇਣ ਵਾਲੇ ਠੇਕੇਦਾਰ ਦੀ ਪੂਰੀ ਤਫਤੀਸ਼ ਕੀਤੀ ਜਾਵੇ ਜਿਵੇਂ ਕਿ ਉਸ ਦੇ ਘਰ ਦਾ ਪਤਾ, ਠੇਕੇਦਾਰ ਵਲੋਂ ਦਿੱਤੇ ਈ. ਪੀ. ਐਫ. ਨੰਬਰ ਦੀ ਸਹੀ ਜਾਣਕਾਰੀ, ਬੈਂਕ ਖਾਤੇ ਦੀ ਸਹੀ ਜਾਣਕਾਰੀ, ਕਿਸੇ ਸੈਂਟਰ ਤੇ ਠੇਕੇਦਾਰ ਮਜ਼ਦੂਰੀ ਨਹੀਂ ਦਿੰਦਾ ਤਾਂ ਉਸ ਹਾਲਤ ਵਿਚ ਮਹਿਕਮੇ ਦੀ ਜ਼ਿੰਮੇਵਾਰੀ ਲਾਈ ਜਾਵੇ ਕਿ ਉਹ ਮਜ਼ਦੂਰੀ ਦੀ ਬਣਦੀ ਪੇਮੈਂਟ ਮਜ਼ਦੂਰਾਂ ਨੂੰ ਦੇਵੇ ਕਿਉਂਕਿ ਠੇਕੇਦਾਰ ਨੂੰੰ ਠੇਕਾ ਤਾਂ ਮਹਿਕਮਾ ਹੀ ਦਿੰਦਾ ਹੈ। ਭਾਰਤੀ ਖੁਰਾਕ ਨਿਗਮ ਵਲੋਂ ਹਰ ਛੇ ਮਹੀਨੇ ਬਾਅਦ ਆਪਣੇ ਮਜ਼ਦੂਰਾਂ ਦੀ ਮਜ਼ਦੂਰੀ ਵਿਚ ਵਾਧਾ ਕੀਤਾ ਜਾਂਦਾ ਹੈ ਅਤੇ ਪੰਜਾਬ ਮੰਡੀ ਬੋਰਡ ਵਲੋਂ ਵੀ ਭਰਾਈ ਛਣਾਈ ਕਰਦੇ ਮਜ਼ਦੂਰਾਂ ਦਾ ਰੇਟ ਵੀ ਪ੍ਰਾਈਸ ਇੰਡੈਕਸ ਦੇ ਮੁਤਾਬਕ ਹਰ 6 ਮਹੀਨੇ ਬਾਅਦ ਵਧਾਇਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਵਲੋਂ ਵੀ ਹਰ 6 ਮਹੀਨੇ ਬਾਅਦ ਇਨ•ਾਂ ਮਜ਼ਦੂਰਾਂ ਦੀ ਮਜ਼ਦੂਰੀ ਦੇ ਬੇਸਿਕ ਰੇਟਾਂ ਵਿਚ ਵਾਧਾ ਕੀਤਾ ਜਾਵੇ। ਸੂਬਾ ਪ੍ਰਧਾਨ ਨੇ ਦੱਸਿਆ ਕਿ ਜੇਕਰ 31 ਮਾਰਚ 2015 ਤੱਕ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਮਜ਼ਬੂਰਨ 1 ਅਪ੍ਰੈਲ 2015 ਨੂੰ ਪੂਰੇ ਪੰਜਾਬ ਵਿਚ ਮਜ਼ਦੂਰਾਂ ਵਲੋਂ ਹੜਤਾਲ ਕੀਤੀ ਜਾਵੇਗੀ। ਇਸ ਧਰਨੇ ਨੂੰ ਖੁਸ਼ੀ ਰਾਮ, ਗੋਗੀ ਸਿੰਘ, ਗੁਰਜੀਤ ਸਿੰਘ, ਪਿਆਰੇ ਲਾਲ, ਕਰਨਦੀਪ, ਬਲਵੀਰ ਮੱਖੂ, ਪਰਮਜੀਤ ਤਲਵੰਡੀ ਭਾਈ, ਦੀਸ਼ਾ ਸਿੰਘ ਜ਼ੀਰਾ, ਵਿਜੇ ਕੁਮਾਰ, ਜਗਤਾਰ ਸਿੰਘ, ਕਿਸ਼ੋਰ ਸੰਧੂ, ਮੰਗਤ ਰਾਮ, ਮਹਿੰਦਰ ਸਿੰਘ ਢੋਲਾ ਆਦਿ ਨੇ ਵੀ ਸੰਬੋਧਨ ਕੀਤਾ।