Ferozepur News

ਵਿਸ਼ਵ ਸ਼ੂਗਰ ਦਿਵਸ ਮੌਕੇ ਦਿੱਤਾ ਜਾਗਰੂਕਤਾ ਸੰਦੇਸ਼: ਸ਼ੂਗਰ ਖ਼ਰਾਬ ਲਾਈਫ ਸਟਾਈਲ ਦੀ ਬੀਮਾਰੀ ਹੈ – ਸਿਵਲ ਸਰਜਨ

ਵਿਸ਼ਵ ਸ਼ੂਗਰ ਦਿਵਸ ਮੌਕੇ ਦਿੱਤਾ ਜਾਗਰੂਕਤਾ ਸੰਦੇਸ਼: ਸ਼ੂਗਰ ਖ਼ਰਾਬ ਲਾਈਫ ਸਟਾਈਲ ਦੀ ਬੀਮਾਰੀ ਹੈ - ਸਿਵਲ ਸਰਜਨ
ਵਿਸ਼ਵ ਸ਼ੂਗਰ ਦਿਵਸ ਮੌਕੇ ਦਿੱਤਾ ਜਾਗਰੂਕਤਾ ਸੰਦੇਸ਼: ਸ਼ੂਗਰ ਖ਼ਰਾਬ ਲਾਈਫ ਸਟਾਈਲ ਦੀ ਬੀਮਾਰੀ ਹੈ – ਸਿਵਲ ਸਰਜਨ
ਫਿਰੋਜ਼ਪੁਰ 14 ਨਵੰਬਰ, 2022:  ਸ਼ੂਗਰ ਇੱਕ ਖ਼ਰਾਬ ਲਾਈਫ ਸਟਾਈਲ ਦੀ ਬੀਮਾਰੀ ਹੈ ਅਤੇ ਮਰੀਜ਼ ਵੱਲੋਂ ਵਰਤੀ ਗਈ ਲਾਪਰਵਾਹੀ ਨਾਲ ਇਹ ਸ਼ਰੀਰ ਦੇ ਵੱਖ-ਵੱਖ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਵਿਸ਼ਵ ਸ਼ੂਗਰ ਦਿਵਸ ਮੌਕੇ ਦਿੱਤੇ ਸਿਹਤ ਸੰਦੇਸ਼ ਦੌਰਾਨ ਕੀਤਾ।
ਇਸ ਮੌਕੇ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਸਾਲ 14 ਨਵੰਬਰ ਨੂੰ ਸ਼ੂਗਰ ਬਿਮਾਰੀ ਬਾਰੇ ਜਾਗਰੂਕਤਾ ਅਤੇ ਬਚਾਅ ਲਈ ਸੰਸਾਰ ਵਿੱਚ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗਲੂਕੋਸ਼ ਦੇ ਸਤਰ ਸਧਾਰਨ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਪਿਸ਼ਾਬ ਆਉਣਾ, ਜਖਮ ਦਾ ਦੇਰੀ ਨਾਲ ਠੀਕ ਹੋਣਾ, ਅਚਾਨਕ ਵਜਨ ਘੱਟ ਜਾਣਾ, ਭੁੱਖ ਤੇ ਪਿਆਸ ਜਿਆਦਾ ਲੱਗਣਾ, ਹੱਥ ਪੈਰ ਸੁੰਨ ਹੋਣਾ ਆਦਿ ਸ਼ੂਗਰ ਦੀਆਂ ਨਿਸ਼ਾਨੀਆਂ ਹਨ ਤੇ ਅਜਿਹੇ ਨਿਸ਼ਾਨੀਆਂ ਵਾਲੇ ਮਰੀਜਾਂ ਨੂੰ ਤਰਜੀਹੀ ਤੌਰ ‘ਤੇ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਨੁੱਖੀ ਸਰੀਰ ’ਚ ਇਨਸੂਲਿਨ ਨਾਂ ਦਾ ਰਸ ਪੈਦਾ ਹੁੰਦਾ ਹੈ ਜੋ ਕਿ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪੈਦਾ ਹੋਏ ਗੁਲੂਕੋਜ਼ ਦੀ ਐਨਰਜੀ ਦੇ ਰੂਪ ’ਚ ਵਰਤੋਂ ਕਰਦਾ ਹੈ, ਪਰ ਕਈ ਵਾਰ ਸਰੀਰ ’ਚ ਇਨਸੂਲਿਨ ਘੱਟ ਬਣਦੀ ਹੈ ਜਾਂ ਫਿਰ ਬਿਲਕੁੱਲ ਹੀ ਨਹੀਂ ਬਣਦੀ, ਜਿਸ ਕਾਰਨ ਖੂਨ ’ਚ ਸ਼ੂਗਰ ਦੀ ਮਾਤਰਾ ਵੱਧਣ ਲੱਗਦੀ ਹੈ। ਇਸ ਅਵਸਥਾ ਨੂੰ ਸ਼ੂਗਰ ਕਿਹਾ ਜਾਂਦਾ ਹੈ। ਇਸ ਦਾ ਕੋਈ ਇਲਾਜ ਨਹੀਂ ਹੈ, ਬੱਸ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਅੱਖਾਂ, ਕਿਡਨੀ, ਦਿਮਾਗ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਬੁਰਾ ਪ੍ਰਭਾਵ ਪਾਉਂਦਾ ਹੈ।
ਡਾ. ਰਾਜਿੰਦਰ ਪਾਲ ਨੇ ਕਿਹਾ ਕਿ ਸ਼ੂਗਰ ਹੋਣ ਦਾ ਮੁੱਖ ਕਾਰਨ ਗਲਤ ਜੀਵਨ ਸੈਲੀ ਹੈ ਕਿਉਂਕਿ ਅੱਜ ਕੱਲ ਖਾਣ-ਪੀਣ ਦੇ ਤੌਰ ’ਤੇ ਮੈਦੇ ਜਾਂ ਚਿਕਨਾਈ ਵਾਲੀਆਂ ਵਸਤੂਆਂ ਦੀ ਵਰਤੋਂ ਬਹੁਤ ਵੱਧ ਗਈ ਹੈ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀਆਂ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਉਨ੍ਹਾਂ ਸ਼ੂਗਰ ਦੀ ਬਿਮਾਰੀ ਹੋਣ ਦੇ ਸੰਭਾਵਿਤ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟਾਪਾ, ਕਸਰਤ ਨਾਂ ਕਰਨ , ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਨਾਓ, ਖਾਨਦਾਨੀ ਆਦਿ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੁਗਰ ਅੱਖਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੀ ਹੈ। ਜਿਸ ਨਾਲ ਮਰੀਜ ਨੂੰ ਧੁੰਦਲਾ ਦਿਖਾਈ ਦੇਣਾ, ਕਾਲੇ ਧੱਬੇ ਦਿਖਣਾ, ਰੰਗਾਂ ਦੀ ਪਹਿਚਾਨ ਕਰ ਵਿੱਚ ਮੁਸ਼ਕਿਲ ਆਉਣਾ, ਅੰਨਾਪਣ ਹੋਣਾ ਆਦਿ ਵਰਗੀਆਂ ਸੱਮਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸ਼ੁਗਰ ਦੇ ਮਰੀਜਾਂ ਨੁੰ ਆਪਣੀ ਸਿਹਤ ਦਾ ਸਮੇਂ-ਸਮੇਂ ਚੈਕਅਪ ਕਰਵਾਉਣਾ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਹਰ ਇਕ ਵਿਅਕਤੀ ਨੂੰ ਰੋਜ਼ਾਨਾ ਦੀ 35-40 ਮਿੰਟ ਦੀ ਕਸਰਤ, ਸੰਤੁਲਿਤ ਅਹਾਰ, ਘੱਟ ਵਜਨ, ਪੂਰੀ ਨੀਂਦ ਲੈਣ ਅਤੇ ਤਣਾਅ ਮੁਕਤ ਜੀਵਨ ਸ਼ੈਲੀ ਅਪਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੇ ਸ਼ਰੀਰ ਦੀ ਮੁਕੰਮਲ ਜਾਂਚ ਕਰਵਾਉਣੀ ਚਾਹੀਦੀ ਹੈ ਜੋ ਕਿ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਕਰਵਾਈ ਜਾਂਦੀ ਹੈ।
ਇਸ ਅਵਸਰ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਮਨਚੰਦਾ, ਸਹਾਇਕ ਸਿਵਲ ਸਰਜਨ ਡਾ:ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ, ਐਸ.ਐਮ. ਓ. ਡਾ. ਵਨੀਤਾ ਭੁੱਲਰ, ਡਾ. ਬਲਕਾਰ ਸਿੰਘ, ਡਾ. ਮਨਦੀਪ ਪੁਰੇਵਾਲ ਅਤੇ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button