Ferozepur News

ਵਿਸ਼ਵ ਓਜ਼ੋਨ ਸੁਰੱਖਿਆ ਦਿਵਸ ਤੇ ਵਿਸ਼ੇਸ਼

ਮਨੁੱਖੀ ਅਰੋਗਤਾ ਲਈ ਓਜ਼ੋਨ ਪਰਤ ਦੀ ਸੰਭਾਲ  ਜ਼ਰੂਰੀ

ਵਿਸ਼ਵ ਓਜ਼ੋਨ ਸੁਰੱਖਿਆ ਦਿਵਸ ਤੇ ਵਿਸ਼ੇਸ਼ ।
ਮਨੁੱਖੀ ਅਰੋਗਤਾ ਲਈ ਓਜ਼ੋਨ ਪਰਤ ਦੀ ਸੰਭਾਲ  ਜ਼ਰੂਰੀ।
ਵਿਸ਼ਵ ਓਜ਼ੋਨ ਸੁਰੱਖਿਆ ਦਿਵਸ ਤੇ ਵਿਸ਼ੇਸ਼
 ਮਨੁੱਖੀ ਜੀਵਨ ਵਿੱਚ ਜਦੋਂ ਚਮੜੀ ਦੇ ਕੈਂਸਰ ,ਅਲਰਜੀ ,ਅੱਖਾਂ ਦੇ ਭਿਅੰਕਰ ਰੋਗ ਖ਼ਾਰਸ਼ ਅਤੇ ਜਲਣ ਤੋਂ ਇਲਾਵਾ ਜ਼ੁਕਾਮ ਅਤੇ ਨਿਮੋਨੀਆ ਵਰਗੇ ਰੋਗਾਂ ਵਿੱਚ ਜਦੋਂ ਤੇਜ਼ੀ ਨਾਲ ਵਾਧਾ ਹੋਣ ਲੱਗਿਆ ਤਾਂ ਅਨੇਕਾਂ ਹੋਰ ਕਾਰਨਾਂ ਤੋਂ ਇਲਾਵਾ ਵਿਗਿਆਨਕ ਖੋਜ ਤੋਂ ਬਾਅਦ ਵੱਡਾ ਕਾਰਨ ਓਜ਼ੋਨ ਪਰਤ ਨੂੰ ਹੋ ਰਹੇ ਨੁਕਸਾਨ ਦਾ ਵੀ ਸਾਹਮਣੇ ਆਇਆ ।
ਓਜ਼ੋਨ ਪਰਤ ਵਾਯੂਮੰਡਲ ਵਿੱਚ ਸਮੁੰਦਰ ਤਲ ਤੋਂ ਲਗਭਗ 20-25 ਕਿਲੋਮੀਟਰ ਦੀ ਉਚਾਈ ਤੇ ਸੁਰੱਖਿਆ ਪਰਤ ਵਜੋਂ ਮੌਜੂਦ ਹੈ। ਇਹ ਪਰਤ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਨਾਂ ਨੂੰ ਧਰਤੀ  ਤੱਕ ਪਹੁੰਚਣ ਤੋਂ ਰੋਕਦੀ ਹੈ ਅਤੇ ਧਰਤੀ ਦੀ ਇੱਕ ਛੱਤਰੀ ਦੀ ਤਰ੍ਹਾਂ ਰੱਖਿਆ ਕਰਦੀ ਹੈ। ਜੇ ਇਹ ਪਰਾਬੈਂਗਣੀ ਵਿਕਿਰਨਾਂ ਧਰਤੀ ਤੇ ਸਿੱਧੀਆਂ ਪਹੁੰਚ ਜਾਣ ਤਾਂ, ਇਹ ਧਰਤੀ ਦੇ ਜੈਵਿਕ ਅੰਸ਼ਾਂ ਨੂੰ ਤਬਾਹ ਕਰ ਸਕਦੀਆਂ ਹਨ । ਇਹ ਸਾਡੇ ਸਰੀਰਕ ਸੈੱਲਾਂ ਅਤੇ  ਅੰਦਰੂਨੀ ਅਣੂਆਂ ਦੀ ਨੁਹਾਰ ਵਿਗਾੜ ਦਿੰਦੀਆਂ ਹਨ ।ਜਿਸ ਦੇ ਸਿੱਟੇ ਵਜੋਂ ਅਨੇਕਾਂ ਗੰਭੀਰ ਰੋਗ ਉਤਪੰਨ ਹੋ ਜਾਂਦੇ ਹਨ। ਮਨੁੱਖੀ ਜੀਵਨ ਅਤੇ  ਸਮੁੱਚੀ ਬਨਸਪਤੀ ਲਈ ਓਜ਼ੋਨ ਪਰਤ ਦਾ ਸੁਰੱਖਿਅਤ ਰਹਿਣਾ ਬੇਹੱਦ ਜ਼ਰੂਰੀ ਹੈ । ਕਿਉਂਕਿ ਮਨੁੱਖੀ ਅਰੋਗਤਾ ਦੀ ਸੁਰੱਖਿਆ ਸਿਰਫ ਓਜ਼ੋਨ ਪਰਤ ਦੀ ਸੁਰੱਖਿਆ ਤੇ ਹੀ ਨਿਰਭਰ ਕਰਦੀ ਹੈ । ਉਜ਼ੋਨ ਵਾਯੂ ਮੰਡਲ ਵਿਚਲੀ ਆਕਸੀਜਨ ਦੇ ਉੱਪਰ ਸੂਰਜ ਦੀਆਂ ਪਰਾਬੈਂਗਣੀ ਵਿਕਿਰਨਾਂ ਦੇ ਪ੍ਰਭਾਵ ਕਾਰਨ ਬਣਦੀ  ਹੈ । ਇਹ ਹਵਾ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ, ਪ੍ਰੰਤੂ ਜਿਉਂ ਜਿਉ ਅਸੀਂ ਉੱਚਾਈ ਵੱਲ ਜਾਂਦੇ ਹਾਂ, ਇਸ ਦਾ ਗਾੜ੍ਹਾਪਣ ਵਧਦਾ ਜਾਂਦਾ ਹੈ, ਸਮਤਾਪਮੰਡਲ ਵਿੱਚ ਇਸ ਦੀ ਮਾਤਰਾ ਸਭ ਤੋਂ ਵੱਧ ਹੋ ਜਾਂਦੀ ਹੈ ।ਮਨੁੱਖੀ ਜੀਵਾਂ ਲਈ ਓਜ਼ੋਨ ਗੈਸ ਦੀ ਪਰਤ ਦਾ ਬੇਹੱਦ ਮਹੱਤਵ ਹੈ ਇਹ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ ਜਿਸ ਕਾਰਨ ਮਨੁੱਖੀ ਜੀਵ ਪਰਾਬੈਂਗਨੀ ਕਿਰਨਾਂ ਦੇ ਹਾਨੀਕਾਰਕ ਪ੍ਰਭਾਵ ਤੋਂ ਬਚ ਜਾਂਦੇ ਹਨ ।
   ਓਜ਼ੋਨ ਪਰਤ ਦੀ ਮਹੱਤਤਾ ਨੂੰ ਸਮਝਦੇ ਹੋਏ 1987 ਵਿੱਚ 24 ਦੇਸ਼ਾਂ ਦੇ ਨੁਮਾਇੰਦਿਆਂ ਨੇ ਓਜ਼ੋਨ ਪਰਤ ਨੂੰ ਹੋ ਰਹੇ ਨੁਕਸਾਨ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਮੀਟਿੰਗ ਕਰਕੇ, ਇਸ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕਰਨ ਲਈ ਸਹਿਮਤ ਹੋਏ । 19 ਦਸੰਬਰ  1994  ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ ਮਤਾ ਪਾਸ ਕਰਕੇ 16 ਸਤੰਬਰ ਦਾ ਦਿਨ ਜਿਸ ਦਿਨ 1987 ਵਿੱਚ ਪਹਿਲੀ ਵਾਰ ਇਸ ਦੀ ਸੰਭਾਲ ਦੀ ਗੱਲ ਸ਼ੁਰੂ ਹੋਈ ਸੀ ਨੂੰ ਵਿਸ਼ਵ ਉਜ਼ੋਨ ਪਰਤ ਦਿਵਸ ਵਜੋਂ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ । 16 ਸਤੰਬਰ 1995 ਤੋਂ ਪਹਿਲੀ ਵਾਰ ਸ਼ੁਰੂ ਹੋਏ ਇਸ ਦਿਨ ਨੂੰ ਸਕੂਲਾਂ ,ਕਾਲਜਾਂ ਅਤੇ ਵਾਤਾਵਰਨ ਸੰਭਾਲ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਤਾਵਰਨ  ਅਤੇ ਓਜ਼ੋਨ ਪਰਤ ਦੀ ਸੁਰੱਖਿਆ ਲਈ ਅਨੇਕਾਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਵਾਏ ਜਾਂਦੇ ਹਨ ।
  ਓਜ਼ੋਨ ਪਰਤ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਵੀ ਮਨੁੱਖੀ ਗਲਤੀਆਂ ਦੇ ਕਾਰਨ ਇਸ ਪਰਤ ਤੇ ਬੇਹੱਦ  ਮਾੜਾ ਪ੍ਰਭਾਵ ਪੈ ਰਿਹਾ ਹੈ। ਏਅਰ ਕੰਡੀਸ਼ਨਰ ਅਤੇ ਫ਼ਰਿਜਾਂ ਦੇ ਚੱਲਣ ਨਾਲ ਇਨ੍ਹਾਂ ਵਿੱਚੋਂ ਨਿਕਲਦੀ ਕਲੋਰੋਫਲੁਰੋਕਾਰਬਨ ਗੈਸ ਤੋਂ ਇਲਾਵਾ ਨਾਈਟ੍ਰੋਜਨ ਅਕਸਾਈਡ ਅਤੇ ਮਿਥੇਨ ਵਰਗੇ ਰਸਾਇਣਾਂ ਦੇ ਕਾਰਨ ਓਜ਼ੋਨ ਦਾ ਸੰਕੇਦ੍ਰਣ ਲਗਾਤਾਰ ਘੱਟ ਰਿਹਾ ਹੈ ।ਓਜ਼ੋਨ ਪਰਤ ਅਤੇ ਆਲਮੀ ਤਪਸ਼ ਦਾ ਵੀ ਸਿੱਧਾ ਸਬੰਧ ਹੈ ਵਾਹਨਾਂ ਵਿੱਚ ਪੈਟਰੋਲ ਡੀਜ਼ਲ ਦਾ ਜਲਣਾ, ਉਦਯੋਗਾਂ ਦਾ ਧੂੰਆਂ, ਫ਼ਸਲਾਂ ਦੇ ਰਹਿੰਦ ਖੂੰਹਦ ਨੂੰ ਲੱਗਦੀ ਅੱਗ ਆਦਿ ਨਾਲ ਧਰਤੀ ਤੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ । ਇਨ੍ਹਾਂ ਦੇ ਕਾਰਨ ਮਨੁੱਖ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗ ਰਿਹਾ ਹੈ। ਉਜ਼ੋਨ ਪਰਤ ਨੂੰ ਹੋ ਰਹੇ ਨੁਕਸਾਨ ਦਾ ਖ਼ਮਿਆਜ਼ਾ ਮਨੁੱਖ ਜਾਤੀ ਭੁਗਤ ਰਹੀ ਹੈ ਕਿਉਂਕਿ ਸੂਰਜ ਤੋਂ ਧਰਤੀ ਵਿੱਚ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦੀਆਂ ਹਨ ।ਜਿਸ ਦੇ ਨਤੀਜੇ ਵਜੋਂ ਮੋਤੀਆ ਬਿੰਦ ਅਤੇ ਚਮੜੀ ਦੇ ਕੈਂਸਰ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਧਦੀਆਂ ਹਨ। ਇਸ ਤੋਂ ਇਲਾਵਾ ਮਨੁੱਖੀ ਰੋਗ ਪ੍ਰਣਾਲੀ ਦੀ ਕਾਰਜਸ਼ੀਲਤਾ ਵੀ ਘੱਟ ਰਹੀ ਹੈ ।  ਇਸ ਨਾਲ ਹੀ ਜਲ ਜੀਵ ,ਜਾਨਵਰਾਂ ਅਤੇ ਪੌਦਿਆਂ ਉਪਰ ਵੀ ਇਸ ਦਾ ਬੇਹੱਦ ਮਾੜਾ ਪ੍ਰਭਾਵ ਪੈ ਰਿਹਾ ਹੈ ।
       ਬ੍ਰਹਿਮੰਡ ਦੇ ਸਮੂਹ ਗ੍ਰਹਿਆਂ  ਵਿੱਚੋਂ ਧਰਤੀ ਸਭ ਤੋਂ ਉੱਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ ।ਇੱਥੇ ਜ਼ਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਿਤ ਹੋਈ ਹੈ ,ਚਾਹੇ ਉਹ ਮਨੁੱਖੀ ਜ਼ਿੰਦਗੀ ਦੇ ਰੂਪ ਵਿੱਚ ਹੋਵੇ ਜਾਂ ਪਸ਼ੂ ਪੰਛੀਆਂ ,ਪੇੜ ਪੌਦੇ, ਸੂਖਮ ਜੀਵਾਂ ਜਾਂ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਹੋਵੇ । ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ । ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਨਿਰਮਲ ਜਲ, ਸ਼ੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ ।ਪ੍ਰੰਤੂ ਮਨੁੱਖ ਨੇ ਜਿਓ ਜਿੳ ਤਰੱਕੀ ਕੀਤੀ, ਨਾਲ ਹੀ ਕੁਦਰਤ ਦੇ ਅਨਮੋਲ ਤੋਹਫਿਆਂ ਨੂੰ ਇੱਕ ਦੈਂਤ ਦੀ ਤਰ੍ਹਾਂ ਲੁੱਟਿਆ ਅਤੇ ਹਵਾ ,ਪਾਣੀ ਅਤੇ ਧਰਤੀ ਤਿੰਨਾਂ ਨੂੰ ਹੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਅਤੇ ਕੁਦਰਤ ਦੇ ਸੰਤੁਲਨ ਲਈ ਬੇਹੱਦ ਮਹੱਤਵਪੂਰਨ ਓਜ਼ੋਨ ਪਰਤ ਤੱਕ ਨੂੰ ਭਾਰੀ ਨੁਕਸਾਨ ਪਹੁੰਚਾਇਆ।
     ਕੁਦਰਤ ਦੇ ਬਣਾਏ ਨਿਯਮ ਹਮੇਸ਼ਾ ਹੀ ਮਨੁੱਖ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਪ੍ਰੰਤੂ ਜਦੋਂ ਮਨੁੱਖ ਆਪਣੀ ਊਣੀ  ਅਤੇ ਪਦਾਰਥਵਾਦੀ ਸੋਚ ਦੇ ਕਾਰਨ ਲਾਲਚ ਵੱਸ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਮੁੱਚੀ ਮਨੁੱਖ ਜਾਤੀ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਂਦੇ ਹਨ ।ਅਜਿਹਾ ਹੀ ਓਜ਼ੋਨ ਪਰਤ ਦੀ ਸੰਭਾਲ ਸਬੰਧੀ ਵਾਪਰ ਰਿਹਾ ਹੈ। ਉਜ਼ੋਨ ਛੇਕ ,ਓਜ਼ੋਨ ਦੀ ਬਹੁਤ ਪਤਲੀ ਪਰਤ ਹੁੰਦੀ ਹੈ ।ਜਿਸ ਨੂੰ ਆਮ ਤੌਰ ਤੇ ਬਸੰਤ ਰੁੱਤ ਵਿੱਚ ਐਂਟਾਰਕਟਿਕਾ ਅਤੇ ਆਰਕਟਿਕ ਖੇਤਰਾ ਦੇ ਉੱਪਰ ਵੱਧ ਦੇਖਿਆ ਜਾਂਦਾ ਹੈ ।ਇਸੇ ਰੁੱਤ ਵਿੱਚ ਹੀ  ਓਜ਼ੋਨ ਪਰਤ ਵਿੱਚ ਇੱਕ ਵੱਡਾ ਪਾੜ ਪੈ ਜਾਂਦਾ ਹੈ ਅਤੇ ਫੈਲਾਅ  ਲੱਖਾਂ ਵਰਗ ਕਿਲੋਮੀਟਰ ਤੱਕ ਹੁੰਦਾ ਹੈ । 1985 ਵਿੱਚ ਜਦੋਂ ਪਹਿਲੀ ਵਾਰ ਐਂਟਾਰਕਟਿਕਾ ਉੱਤੇ ਓਜ਼ੋਨ ਪਰਤ ਸਬੰਧੀ ਖੋਜ ਸਰਵਜਨਕ ਹੋਈ ਤਾਂ, ਇਸ ਨੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
                 ਬੀਤੇ ਸਮੇ ਦੋਰਾਨ ਕੌਵਿਡ-19 ਮਹਾਮਾਰੀ ਦੇ ਕਾਰਨ ਹੋਈ ਤਾਲਾਬੰਦੀ ਦੇ ਕਾਰਨ ਪੂਰੇ ਵਿਸ਼ਵ ਦੀ ਤੇਜ਼ ਰਫ਼ਤਾਰ ਜ਼ਿੰਦਗੀ ਰੁਕੀ ਤਾਂ ਇਸ ਸੰਕਟ ਦੀ ਘੜੀ ਵਿੱਚ ਵੀ ਇਸ ਦਾ ਸੁਖਦ ਪਹਿਲੂ ਸਾਹਮਣੇ ਆਇਆ । ਇਸ ਨਾਲ ਜਿੱਥੇ ਵਾਤਾਵਰਨ  ਦੀ ਗੁਣਵੱਤਾ ਵਿਚ ਬਹੁਤ ਵੱਡਾ ਸੁਧਾਰ ਦੇਖਣ ਨੂੰ ਮਿਲਿਆ , ਉੱਥੇ ਵਿਸ਼ਵ ਦੇ ਅਨੇਕਾਂ ਵਿਗਿਆਨੀਆਂ ਨੇ ਓਜ਼ੋਨ ਪਰਤ ਦੀ ਮੁਰੰਮਤ ਹੋਣ ਦੀ ਗੱਲ ਵੀ ਕਹੀ । ਇਹ ਤਾਲਾਬੰਦੀ ਤਾਂ ਸਰਕਾਰ ਵੱਲੋਂ ਸਿਹਤ ਸੰਕਟ ਨੂੰ ਦੇਖਦੇ ਹੋਏ ਜ਼ਬਰਦਸਤੀ ਲਗਾਈ ਗਈ ਸੀ । ਜੇ ਵਾਤਾਵਰਨ ਸੰਭਾਲ ਦੇ ਪੱਖ ਦੀ ਗੱਲ ਕਰੀਏ ਤਾਂ ਮੌਜੂਦਾ ਦੌਰ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਦੇ ਬਚਾਅ ਲਈ ਜੇ ਅਸੀਂ ਸਵੈ ਇੱਛਤ ਤੌਰ ਤੇ ਹਫ਼ਤੇ ਵਿੱਚ ਇੱਕ ਦਿਨ ਆਪਣੇ ਆਪ ਹੀ ਤਾਲਾਬੰਦੀ ਕਰਕੇ ਜਾਂ ਟੈਕਨੋਲੋਜੀ ਦਾ ਵਰਤ ਰੱਖ ਕੇ ਇੱਕ ਦਿਨ ਏਅਰ ਕੰਡੀਸ਼ਨਰ, ਫਰਿਜ, ਮੋਬਾਈਲ ਫੋਨ, ਕਾਰ ਜਾਂ ਮੋਟਰ ਵਹੀਕਲ ਦੀ ਵਰਤੋਂ, ਜਾਂ ਹੋਰ ਇਲੈਕਟ੍ਰਾਨਿਕ ਗੈਜੇਟ ਨਾ ਵਰਤਣ ਦਾ ਪ੍ਰਣ ਕਰੀਏ ਤਾਂ ਛੋਟੀ ਸ਼ੁਰੂਆਤ ਨਾਲ ਹੀ ਬਿਹਤਰੀਨ ਨਤੀਜੇ ਨਿਕਲ ਸਕਦੇ ਹਨ ।
         ਕੁਦਰਤ ਦੇ ਵਿਗੜਦੇ ਸੰਤੁਲਨ ਸਬੰਧੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਆਓ ਵਿਸ਼ਵ ਓਜ਼ੋਨ ਪਰਤ ਦਿਵਸ ਮੌਕੇ ਇਸ ਗੰਭੀਰ ਸਮੱਸਿਆ ਪ੍ਰਤੀ ਚੇਤਨ ਹੋ ਕੇ ਉਜ਼ੋਨ ਪਰਤ ਦੀ ਸੰਭਾਲ ਲਈ ਸੰਜੀਦਗੀ ਨਾਲ ਯਤਨ ਕਰੀਏ । ਵੱਧਦੇ  ਤਾਪਮਾਨ ਨੂੰ ਘੱਟ ਕਰਨ ਲਈ ਧਰਤੀ ਉੱਪਰ ਪੌਦੇ ਲਗਾ ਕੇ ਇਸ ਨੂੰ ਹਰਾ ਭਰਾ ਬਣਾਈਏ । ਬਿਜਲੀ,ਪਾਣੀ ,ਕੋਲੇ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਆਦਤ ਬਨਾਈਏ। ਵਾਤਾਵਰਨ ਦੀ ਸੰਭਾਲ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਹਵਾ ਪਾਣੀ ਅਤੇ ਧਰਤੀ ਦਾ ਸਤਿਕਾਰ ਕਰੀਏ ।
ਡਾ. ਸਤਿੰਦਰ ਸਿੰਘ (ਪੀ ਈ ਐੱਸ )
ਸਟੇਟ ਅਤੇ ਨੈਸ਼ਨਲ ਅਵਾਰਡੀ
ਪ੍ਰਿੰਸੀਪਲ
ਧਵਨ ਕਲੋਨੀ , ਫਿਰੋਜ਼ਪੁਰ ਸ਼ਹਿਰ
9815427554

Related Articles

Leave a Reply

Your email address will not be published. Required fields are marked *

Back to top button