Ferozepur News
ਵਿਸ਼ਵ ਏਡਜ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ
ਵਿਸ਼ਵ ਏਡਜ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ
ਏਡਜ਼ ਤੋਂ ਪੀੜਤ ਵਿਅਕਤੀ ਨੂੰ ਵੀ ਸਮਾਜ ਦਾ ਇੱਕ ਹਿੱਸਾ ਮੰਨਣਾ ਚਾਹੀਦਾ ਹੈ : ਚੌ:ਸੁਰਜੀਤ ਕੁਮਾਰ ਜਿਆਣੀ
ਫਿਰੋਜਪੁਰ 1 ਦਸੰਬਰ 2016 ( ) ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਲੋਕਾਂ ਵਿਚ ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ. ਇਸ ਨੂੰ ਸਾਲ 1988 ਵਿਚ ਪਹਿਲੀ ਵਾਰ ਵਿਸ਼ਵ ਗਲੋਬਲ ਸਿਹਤ ਦਿਵਸ ਦੇ ਰੂਪ ਮਨਾਇਆ ਗਿਆ ਸੀ. ਏਡਜ਼ ਮਨੁੱਖੀ ਇਮਿਉਨੋਡਿਫ਼ੀਸ਼ਨਸੀ ਵਾਇਰਸ (ਐਚ.ਆਈ.ਵੀ) ਦੇ ਕਾਰਨ ਹੁੰਦਾ ਹੈ. ਐਚ.ਆਈ.ਵੀ ਸਰੀਰ ਦੇ ਇਮਿਊਨ ਸਿਸਟਮ ਸੈੱਲਸ ਨੂੰ ਖ਼ਤਮ ਜਾਂ ਨੁਕਸਾਨ ਪਹੁੰਚਾਉਂਦਾ ਹੈ ਇਸ ਤਹਿਤ ਮਨੁੱਖੀ ਸਰੀਰ ਵਿੱਚ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਹੌਲੀ-ਹੌਲ਼ੀ ਖ਼ਤਮ ਹੁੰਦੀ ਜਾਂਦੀ ਹੈ ਅਤੇ ਅੰਤ ਵਿੱਚ ਇਸ ਦਾ ਸਿੱਟਾ ਮੌਤ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਹ ਪ੍ਰਗਟਾਵਾ ਚੌਧਰੀ ਸੁਰਜੀਤ ਕੁਮਾਰ ਜਿਆਣੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਵਿਸ਼ਵ ਏਡਜ਼ ਦਿਵਸ ਮੌਕੇ ਤੇ ਸ੍ਰੀ ਕ੍ਰਿਸ਼ਨਾ ਰਿਜ਼ੋਰਟ ਫਿਰੋਜਪੁਰ ਵਿਖੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡਾ.ਸਤਿੰਦਰ ਕੌਰ ਡਿਪਟੀ ਡਾਇਰੈਕਟਰ ਐਸ.ਟੀ.ਆਈ, ਸ੍ਰੀ ਡੀ.ਪੀ.ਚੰਦਨ ਚੇਅਰਮੈਨ ਪਲਾਨਿੰਗ ਬੋਰਡ ਹਾਜ਼ਰ ਸਨ।
ਚੌ:ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਵਿਸ਼ਵ ਏਡਜ਼ ਦਿਹਾੜੇ ਦਾ ਮੰਤਵ ਸਿਰਫ਼ ਏਡਜ਼ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਬਚਾਓ ਸਬੰਧੀ ਜਾਗਰੂਕ ਕਰਨਾ ਹੀ ਨਹੀਂ, ਸਗੋਂ ਏਡਜ਼ ਤੋਂ ਪੀੜਤ ਵਿਅਕਤੀਆਂ ਪ੍ਰਤੀ ਸਮਾਜ ਦਾ ਨਜ਼ਰੀਆਂ ਬਦਲਣਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਏਡਜ਼ ਤੋਂ ਪੀੜਤ ਵਿਅਕਤੀ ਨੂੰ ਵੀ ਸਮਾਜ ਦਾ ਇੱਕ ਹਿੱਸਾ ਮੰਨਣ ਦੀ ਗੱਲ 'ਤੇ ਜ਼ੋਰ ਦਿੱਤਾ ਜਾਵੇ, ਜਿਸ ਨੂੰ ਕਿ ਬਹੁਤੀ ਵਾਰ ਮਾੜਾ ਵਿਅਕਤੀ ਆਖ ਕੇ ਸਮਾਜ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਸੀ ਕਿ ਸਾਲ 1991 ਵਿੱਚ ਪਹਿਲੀ ਵਾਰ'ਰੈੱਡ ਰੀਬਨ' ਨੂੰ ਏਡਜ਼ ਦਾ ਨਿਸ਼ਾਨ ਬਣਾ ਕੇ ਏਡਜ਼ ਤੋਂ ਪੀੜਤ ਲੋਕਾਂ ਖ਼ਿਲਾਫ਼ ਚੱਲੇ ਆ ਰਹੇ ਭੇਦਭਾਵ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਏਡਜ਼ ਮਰੀਜ਼ਾਂ ਦਾ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋ ਪਹਿਲਾ ਉਨ੍ਹਾਂ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਡਾ.ਮਨਪ੍ਰੀਤ ਛਤਵਾਲ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਵਲ ਸਰਜਨ ਫਿਰੋਜਪੁਰ ਡਾ.ਜੈ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਏਡਜ਼ ਦੀ ਬਿਮਾਰੀ ਕਿਸੇ ਏਡਜ਼ ਤੋਂ ਪੀੜਤ ਵਿਅਕਤੀ ਨੂੰ ਛੂਹਣ ਨਾਲ ਨਹੀਂ, ਸਗੋਂ ਇਹ ਰੋਗਾਣੂੰ ਜ਼ਿਆਦਾਤਰ ਏਡਜ਼ ਤੋਂ ਪੀੜਤ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ, ਐੱਚ ਆਈ ਵੀ ਵਾਲਾ ਖ਼ੂਨ ਚੜ੍ਹਾਉਣ ਨਾਲ, ਐੱਚ ਆਈ ਵੀ ਪੀੜਤ ਔਰਤ ਦੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਨੂੰ, ਇੱਕੋ ਸੂਈ ਦੀ ਵਾਰ-ਵਾਰ ਵਰਤੋਂ ਕਰਨ ਆਦਿ ਨਾਲ ਫੈਲਦੀ ਹੈ।ਏਡਜ਼ ਦੇ ਲੱਛਣਾਂ ਦਾ ਵਿਅਕਤੀ ਨੂੰ ਲੰਮਾ ਸਮਾਂ ਪਤਾ ਨਹੀਂ ਚਲਦਾ, ਜੋ ਕਿ ਇਸ ਬਿਮਾਰੀ ਦੇ ਖ਼ਤਰਨਾਕ ਹੋਣ ਦਾ ਇੱਕ ਅਹਿਮ ਪੱਖ ਹੈ। ਮੁੱਖ ਤੌਰ 'ਤੇ ਵਿਅਕਤੀ ਦਾ ਵਜ਼ਨ ਦਸ ਫ਼ੀਸਦੀ ਘਟਣਾ, ਭੁੱਖ ਘੱਟ ਲਗਣੀ, ਸਰੀਰ ਵਿੱਚ ਦਰਦ ਰਹਿਣਾ, ਗਲੇ ਵਿੱਚ ਖ਼ਰਾਸ਼, ਜੀਭ ਜਾਂ ਮੂੰਹ 'ਤੇ ਚਿੱਟੇ ਦਾਗ਼, ਸਾਹ ਲੈਣ ਵਿੱਚ ਮੁਸ਼ਕਲ, ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਬੁਖ਼ਾਰ ਅਤੇ ਦਸਤ ਆਦਿ ਲੱਛਣ ਹਨ।ਏਡਜ਼ ਤੋਂ ਬਚਾਅ ਲਈ ਲਾਜ਼ਮੀ ਹੈ ਕਿ ਸਰੀਰਕ ਸਬੰਧ ਬਣਾਉਣ ਸਮੇਂ ਹਮੇਸ਼ਾ ਸੁਰੱਖਿਅਤ ਢੰਗ ਅਪਨਾਇਆ ਜਾਵੇ। ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਏਡਜ਼ ਹੋਣ ਦਾ ਖ਼ਦਸ਼ਾ ਹੋਵੇ, ਉਸ ਨਾਲ ਸਰੀਰਕ ਸਬੰਧ ਨਾ ਬਣਾਏ ਜਾਣ। ਖ਼ੂਨ ਚੜ੍ਹਾਉਣ ਸਮੇਂ ਇਹ ਵਿਸ਼ੇਸ਼ ਤੌਰ 'ਤੇ ਚੇਤੇ ਰੱਖਿਆ ਜਾਵੇ ਕਿ ਜਿਸ ਖ਼ੂਨ ਦੀ ਵਰਤੋਂ ਕੀਤੀ ਜਾ ਰਹੀ ਹੈ ਕੀ ਉਹ ਐੱਚ ਆਈ ਵੀ ਰੋਗਾਣੂ ਤੋਂ ਮੁਕਤ ਹੈ। ਟੀਕਾਕਰਨ ਸਮੇਂ ਹਮੇਸ਼ਾ ਡਿਸਪੋਜ਼ੇਬਲ ਸਰਿੰਜਾਂ/ਸੂਈਆਂ ਦੀ ਹੀ ਵਰਤੋਂ ਵੱਲ ਖ਼ਿਆਲ ਰੱਖਿਆ ਜਾਵੇ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਟਕ, ਗੀਤ ਅਤੇ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ । ਇਸ ਰਾਜ ਪੱਧਰ ਸਮਾਗਮ ਦੌਰਾਨ ਚੌ.ਸੁਰਜੀਤ ਕੁਮਾਰ ਜਿਆਣੀ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ ਨੇ ਏਡਜ਼ ਦੇ ਮਰੀਜ਼ਾਂ ਦੇ ਇਲਾਜ ਪ੍ਰਤੀ ਸ਼ਲਾਘਾਯੋਗ ਕੰਮ ਕੀਤੇ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ.ਹਰਜੀਤ ਸਿੰਘ ਐਸ.ਡੀ.ਐਮ.ਫ਼ਿਰੋਜ਼ਪੁਰ, ਡਾ.ਯੂ.ਐਸ.ਗਿੱਲ ਜੁਆਇੰਟ ਡਾਇਰੈਕਟਰ, ਡਾ.ਸੁਖਵਿੰਦਰ ਸਿੰਘ ਜੁਆਇੰਟ ਡਾਇਰੈਕਟਰ (ਬਲੱਡ ਸੇਫ਼ਟੀ), ਡਾ.ਤਰੁਣਪਾਲ ਕੌਰ ਸੋਢੀ,ਡਾ.ਪ੍ਰਦੀਪ ਅਗਰਵਾਲ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਸ.ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ, ਸ.ਬਲਦੇਵ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਿਹਤ ਵਿਭਾਗ ਦੇ ਡਾਕਟਰ,ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।