Ferozepur News

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਫਿਰੋਜ਼ਪੁਰ-ਮੋਗਾ ਰੋਡ ਤੇ ਬਣੇ ਨਵੇਂ ਰੇਲਵੇ ਓਵਰ ਬਰਿੱਜ ਦਾ ਨਿਰੀਖਣ 

ਫ਼ਿਰੋਜ਼ਪੁਰ 13 ਅਗਸਤ 2018(Harish Monga ) ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਸੋਮਵਾਰ ਨੂੰ ਫਿਰੋਜ਼ਪੁਰ-ਮੋਗਾ ਰੋਡ ਤੇ ਬਣਾਏ ਜਾ ਰਹੇ ਨਵੇਂ ਰੇਲਵੇ ਓਵਰ ਬਰਿੱਜ ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਡੀ.ਐਮ ਫਿਰੋਜ਼ਪੁਰ ਅਮਿੱਤ ਗੁਪਤਾ ਅਤੇ ਤਹਿਸੀਲਦਾਰ ਸ੍ਰ: ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਆਪਣੇ ਸੰਬੋਧਨ ਵਿਚ ਸ੍ਰ: ਪਿੰਕੀ ਨੇ ਕਿਹਾ ਕਿ 1 ਕਿਲੋਮੀਟਰ ਲੰਬੇ ਕਰੀਬ 43 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦੇ ਸ਼ੁਰੂ ਹੋਣ ਦੇ ਨਾਲ ਫ਼ਿਰੋਜ਼ਪੁਰ ਨਿਵਾਸੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਪੁਲ ਦੇ ਨਾਲ ਨਾਲ ਲੁਧਿਆਣਾ ਤੱਕ ਸਾਰੇ ਪੁਲ ਬਣ ਕੇ ਤਿਆਰ ਹੋ ਜਾਣਗੇ ਤਾਂ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾਣ ਲਈ ਪਹਿਲਾਂ ਤਕਰੀਬਨ 2 ਤੋਂ ਢਾਈ ਘੰਟੇ ਦਾ ਸਮਾਂ ਲਗਦਾ ਸੀ, ਇਸ ਨਾਲ ਇਹ ਦੂਰੀ ਘੱਟ ਕੇ 1 ਘੰਟਾ 45 ਮਿੰਟ ਦੀ ਰਹਿ ਜਾਵੇਗੀ।  ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਰਾਜ ਕੀਤਾ ਅਤੇ ਬਾਰਡਰ ਏਰੀਏ ਦੇ ਲੋਕਾਂ ਦੀ ਭਲਾਈ ਬਾਰੇ ਕੁੱਝ ਨਹੀ ਕੀਤਾ। ਉਨ੍ਹਾਂ ਕਿਹਾ ਕਿ ਬੜੇ ਯਤਨਾਂ ਨਾਲ ਉਨ੍ਹਾਂ ਨੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦੌਰਾਨ ਇਸ ਪੁਲ ਨੂੰ ਬਣਾਉਣ ਸਬੰਧੀ ਇਲਾਕਾ ਵਾਸੀਆਂ ਦੀ ਮੰਗ ਉਠਾਈ ਸੀ ਅਤੇ ਅੱਜ ਇਸ ਪੁਲ ਦੇ ਮੁਕੰਮਲ ਹੋਣ ਤੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ।  ਉਨ੍ਹਾਂ ਕਿਹਾ ਕਿ ਅਗਲੇ 2,3 ਦਿਨਾਂ ਵਿੱਚ ਇਹ ਪੁੱਲ ਤੇ ਆਵਾਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। 

ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ ਉੱਥੇ ਸੜਕ ਦੁਰਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਪਿੰਡ ਮੱਲਵਾਲ ਵਿਖੇ 25 ਏਕੜ ਜ਼ਮੀਨ ਵਿਚ ਤਕਰੀਬਨ 300 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ ਵੀ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਲੇ ਤਿੰਨ ਚਾਰ ਮਹੀਨਿਆਂ ਵਿਚ ਓ.ਪੀ.ਡੀ ਸ਼ੁਰੂ ਕੀਤੀ ਜਾ ਸਕੇ।  ਉਨ੍ਹਾਂ ਨੇ ਕਿਹਾ ਸੈਂਟਰ ਵਿਚ ਨਰਸਿੰਗ ਸਕੂਲ ਤੋਂ ਇਲਾਵਾ ਆਧੁਨਿਕ ਸਹਿਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਬਣਨ ਨਾਲ ਕਰੀਬ 10 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। 

Related Articles

Back to top button