Ferozepur News

ਵਾਤਾਵਰਨ ਦੀ ਸੰਭਾਲ ਤੇ ਕੁਦਰਤੀ ਖੇਤੀ ਲਈ ਕੰਮ ਕਰ ਰਿਹਾ ਕਿਸਾਨ ਬੂਟਾ ਸਿੰਘ ਭੁੱਲਰ &#39ਮਿਸ਼ਨ ਤੰਦਰੁਸਤ ਪੰਜਾਬ&#39 ਤਹਿਤ ਕੁਦਰਤੀ ਖੇਤੀ ਪ੍ਰਦੂਸ਼ਣ ਦੇ ਖ਼ਾਤਮੇ ਲਈ ਕੰਮ ਕਰਨ ਤੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਨੈਸ਼ਨਲ ਗੋਪਾਲ ਰਤਨ ਅਵਾਰਡ ਨਾਲ ਹੋਇਆ ਸਨਮਾਨਿਤ ਦੇਸੀ ਨਸਲ ਦੀਆਂ ਸਾਹੀਵਾਲ ਗਾਵਾਂ ਦੀ ਸੰਭਾਲ ਤੇ ਬਰੀਡਿੰਗ ਤੋਂ ਇਲਾਵਾ ਲੋਕਾਂ ਨੂੰ ਇਸ ਕਿੱਤੇ ਪ੍ਰਤੀ ਕਰ ਰਿਹਾ ਹੈ ਉਤਸ਼ਾਹਿਤ

ਫ਼ਿਰੋਜ਼ਪੁਰ 12 ਜੂਨ 2018 (Manish Bawa ) ਜ਼ਿਲ੍ਹੇ ਦੇ ਪਿੰਡ ਧੀਰਾ ਪੱਤਰਾ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਭੁੱਲਰ ਜਿੱਥੇ ਗੁਰੂਆਂ ਵੱਲੋਂ ਦਰਸਾਏ ਗਏ ਸ਼ਬਦ ਪਵਨ ਗੁਰੂ ਪਾਣੀ ਪਿਤਾ ਤੇ ਪੂਰੀ ਤਰ੍ਹਾਂ ਪਹਿਰਾ ਦੇ ਰਿਹਾ ਹੈ ਉੱਥੇ ਹੀ ਫ਼ਸਲਾਂ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਵੱਡਾ ਹਮਲਾ ਮਾਰ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਬੂਟਾ ਸਿੰਘ ਭੁੱਲਰ ਦਾ ਪੂਰਾ ਪਰਿਵਾਰ ਇਹ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਕਿੱਤੇ ਵਜੋਂ ਪਾਲਣ ਦਾ ਸ਼ੌਕ ਰੱਖਦਾ ਹੈ।  
ਕਿਸਾਨ ਬੂਟਾ ਸਿੰਘ ਭੁੱਲਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਕੁਦਰਤੀ ਖੇਤੀ ਲਈ ਸਾਨੂੰ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਅਹਿਦ ਕਰਨਾ ਚਾਹੀਦਾ ਹੈ ਸਗੋਂ ਆਪਣੇ ਆਂਢੀ-ਗੁਆਂਢੀ ਕਿਸਾਨਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੀਬ 5 ਸਾਲ ਪਹਿਲਾਂ ਉਨ੍ਹਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅ੍ਰੰਮਿਤਸਰ ਦੁਆਰਾ ਕੁਦਰਤੀ ਖੇਤੀ ਬਾਰੇ ਛਾਪੀ ਗਈ ਕਿਤਾਬ ਪੜ੍ਹ ਕੇ ਕੁਦਰਤੀ ਖੇਤੀ ਵੱਲ ਪਰਤਣ ਦੀ ਚੇਟਕ ਲੱਗੀ। ਇਸ ਉਪਰੰਤ ਉਨ੍ਹਾਂ ਸੰਤ ਨਗਰ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਨਾਮਧਾਰੀ ਪਰਿਵਾਰ ਤੋਂ ਅਸਲੀ ਸਾਹੀਵਾਲ ਦੀਆਂ 2 ਗਾਵਾਂ ਖ਼ਰੀਦੀਆਂ ਅਤੇ ਇਨ੍ਹਾਂ ਦੇ ਪੇਸ਼ਾਬ ਤੇ ਗੋਬਰ ਤੋਂ ਦੇਸੀ ਰਸਾਇਣ ਤਿਆਰ ਕਰਕੇ ਜਿੱਥੇ ਜੈਵਿਕ ਖੇਤੀ ਸ਼ੁਰੂ ਕੀਤੀ ਉੱਥੇ ਹੀ ਉਸ ਕੋਲ ਹੁਣ ਸਾਹੀਵਾਲ ਨਸਲ ਦੀਆਂ 10 ਗਾਂਵਾ ਅਤੇ 10 ਵੱਛੀਆਂ ਤੇ 3 ਸ੍ਹਾਨ ਹਨ। ਉਨ੍ਹਾਂ ਦੱਸਿਆ ਕਿ ਮੇਰੇ ਵੱਲ ਵੇਖ ਕੇ ਵੀ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਜਿੱਥੇ ਕਣਕ ਦੇ ਨਾੜ ਤੇ ਝੋਨੇ ਦੇ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰ ਦਿੱਤਾ ਹੈ ਉੱਥੇ ਹੀ ਉਨ੍ਹਾਂ ਨੇ ਸਾਹੀਵਾਲ ਦੇਸੀ ਨਸਲ ਦੀਆਂ ਗਾਂਵਾ ਰੱਖ ਕੇ ਕੁਦਰਤੀ ਖੇਤੀ ਵੱਲ ਵੀ ਮੂੰਹ ਕੀਤਾ ਹੈ। ਜਿਸ ਵਿਚ ਗੰਨਾ, ਸਬਜ਼ੀਆਂ, ਪਸ਼ੂਆਂ ਲਈ ਚਾਰਾ, ਬਾਗ਼ਬਾਨੀ, ਕਣਕ, ਮੂੰਗੀ ਅਤੇ ਝੋਨੇ ਆਦਿ ਦੀ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਬਣਾਈ ਫਾਰਮਰਜ਼ ਹੈਲਪ ਸੁਸਾਇਟੀ ਦੇ ਕਰੀਬ 40 ਮੈਂਬਰ ਹਨ ਤੇ ਉਨ੍ਹਾਂ ਦੇ ਪਰਿਵਾਰ ਕੁਦਰਤੀ/ਜੈਵਿਕ ਖੇਤੀ ਵੱਲ ਮੁੜੇ ਹਨ। 
ਸ੍ਰ: ਬੂਟਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸੀ ਨਸਲ ਦੀਆਂ ਪਾਲਣ ਵਿਚ ਮੁਹਾਰਤ ਹਾਸਲ ਹੋਣ ਮਗਰੋਂ ਸਾਲ 2016 ਵਿਚ ਪੰਜਾਬ ਸਰਕਾਰ ਦੇ ਵਫ਼ਦ ਨਾਲ ਬਰਾਜ਼ੀਲ ਭੇਜਿਆ ਸੀ, ਜਿੱਥੇ ਉਹ ਵੇਖ ਕੇ ਦੰਗ ਰਹਿ ਗਏ ਕਿ ਬਰਾਜ਼ੀਲ ਨੇ ਭਾਰਤ ਦੀਆਂ ਦੇਸੀ ਨਸਲ ਦੀਆਂ ਗਾਵਾਂ ਕਰੀਬ 150 ਸਾਲ ਪਹਿਲਾਂ ਭਾਰਤ ਤੋਂ ਲਿਜਾ ਕੇ ਉਨ੍ਹਾਂ ਵਿਚ ਇੰਨੇ ਸੁਧਾਰ ਕੀਤੇ ਕਿ ਇਹ ਗਾਂਵਾ 40 ਤੋਂ 70 ਲੀਟਰ ਤੱਕ ਦੁੱਧ ਦੇ ਦਿੰਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੇਸੀ ਨਸਲ ਦੀਆਂ ਗਾਵਾਂ ਦੇ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਬੂਟਾ ਸਿੰਘ ਭੁੱਲਰ ਨੂੰ ਸਾਹੀਵਾਲ ਕੈਟਲ ਸੁਸਾਇਟੀ (ਐਸ.ਆਈ.ਸੀ.ਐਸ) ਦਾ ਮਾਲਵਾ ਜ਼ੋਨ ਦਾ ਇੰਚਾਰਜ ਵੀ ਬਣਾਇਆ ਗਿਆ। ਇਸ ਤੋਂ ਇਲਾਵਾ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਰਾਧਾ ਮੋਹਨ ਵੱਲੋਂ ਵੀ (1 ਜੂਨ 2017) ਨੈਸ਼ਨਲ ਗੋਪਾਲ ਰਤਨ ਐਵਾਰਡ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਖੇਤਰ ਵਿਚ ਕੀਤੇ ਗਏ ਵਿਸ਼ੇਸ਼ ਕਾਰਜਾਂ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਗੈਨਿਕ ਫਾਰਮਰ ਕਲੱਬ ਦਾ ਪ੍ਰਧਾਨ ਵੀ ਬਣਾਇਆ ਗਿਆ ਹੈ, ਜਿਸ ਮਗਰੋਂ ਉਹ ਪੂਰੇ ਰਾਜ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਨ। 
5 ਜੂਨ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਸ ਅਗਾਂਹਵਾਧੂ ਕਿਸਾਨ ਬੂਟਾ ਸਿੰਘ ਭੁੱਲਰ ਨੂੰ ਵਾਤਾਵਰਨ ਦੀ ਸੰਭਾਲ, ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੇ ਸਿੱਟੇ ਵਜੋਂ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਇਸ ਅਗਾਂਹਵਾਧੂ ਕਿਸਾਨ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਤੇ ਰਾਜ ਦੇ ਕਿਸਾਨਾਂ ਲਈ ਹੋਂਸਲਾ ਵਧਾਊ ਤੇ ਪ੍ਰੇਰਨਾ ਦਾਇਕ ਸਨਮਾਨ ਹੈ।
ਵਾਤਾਵਰਨ ਦੀ ਸੰਭਾਲ ਲਈ ਮਿਸ਼ਨ ਦੇ ਤੌਰ ਤੇ ਕੰਮ ਕਰ ਰਹੇ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਕਿਸਾਨ ਬੂਟਾ ਸਿੰਘ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੁਦਰਤੀ ਖੇਤੀ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਜੋੜਿਆਂ ਜਾਵੇ ਤਾਂ ਜੋ  ਹੋਰ ਲੋਕ ਵੀ ਕੁਦਰਤੀ ਖੇਤੀ ਦੀ ਲਹਿਰ ਨਾਲ ਜੁੜ ਕੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਨੂੰ ਹੋਰ ਸਫਲ ਬਣਾ ਸਕਣ। 
 
 

Related Articles

Back to top button