ਲੋਕ ਅਦਾਲਤਾਂ ਵਿੱਚ 1833 ਕੇਸਾਂ ਵਿਚੋਂ 568 ਕੇਸਾਂ ਦਾ ਹੋਇਆ ਨਿਪਟਾਰਾ-ਜ਼ਿਲ੍ਹਾ ਸੈਸ਼ਨ ਜੱਜ
ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੁੱਲ 15 ਬੈਂਚ ਕੀਤੇ ਗਏ ਸਥਾਪਿਤ
ਲੋਕ ਅਦਾਲਤਾਂ ਵਿੱਚ 1833 ਕੇਸਾਂ ਵਿਚੋਂ 568 ਕੇਸਾਂ ਦਾ ਹੋਇਆ ਨਿਪਟਾਰਾ-ਜ਼ਿਲ੍ਹਾ ਸੈਸ਼ਨ ਜੱਜ
ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੁੱਲ 15 ਬੈਂਚ ਕੀਤੇ ਗਏ ਸਥਾਪਿਤ
ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ
ਫ਼ਿਰੋਜ਼ਪੁਰ 14 ਦਸੰਬਰ 2019 ( ) ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਸੇਵਾਵਾਂ ਅਥਾਰਟੀ ਸ੍ਰ. ਪਰਮਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਲੋਕ ਅਦਾਲਤਾਂ ਵਿੱਚ 1833 ਕੇਸਾਂ ਵਿੱਚੋਂ 568 ਕੇਸਾਂ ਦਾ ਨਿਪਟਾਰਾ ਕਰਕੇ 7 ਕਰੋੜ 80 ਲੱਖ 41 ਹਜ਼ਾਰ 697 ਰੁਪਏ ਦੇ ਅਵਾਰਡ ਪਾਸ ਕੀਤੇ ਗਏ।ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੁੱਲ 15 ਬੈਂਚ ਸਥਾਪਿਤ ਕੀਤੇ ਗਏ, ਜਿਸ ਵਿੱਚੋਂ 11 ਫ਼ਿਰੋਜ਼ਪੁਰ, 2 ਸਬ ਡਵੀਜ਼ਨ ਗੁਰੂਹਰਸਹਾਏ ਅਤੇ 2 ਜ਼ੀਰਾ ਦੀ ਅਦਾਲਤ ਵਿੱਚ ਸਥਾਪਿਤ ਕੀਤੇ ਗਏ। ਹਰੇਕ ਬੈਂਚ ਤੇ ਇੱਕ ਜੱਜ ਸਾਹਿਬਾਨ, ਇੱਕ ਵਕੀਲ ਅਤੇ ਇੱਕ ਸਮਾਜ ਸੇਵੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ ।
ਜ਼ਿਲ੍ਹਾ ਸੈਸ਼ਨ ਜੱਜ ਸ੍ਰ. ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਧਿਰਾਂ ਦਾ ਆਪਸੀ ਸਹਿਮਤੀ ਦੇ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਫ਼ੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੈ ਅਤੇ ਲੋਕ ਅਦਾਲਤ ਵਿੱਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲੇ ਤਸੱਲੀਬਖ਼ਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇ ਬਾਜ਼ੀ ਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾਂ ਦਾ ਫ਼ੈਸਲਾ ਆਪਸੀ ਰਾਜ਼ੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀਏਸ਼ਨ ਸੈਂਟਰ ਵਿੱਚ ਦਰਖਾਸਤ ਦੇ ਕੇ ਆਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖ਼ਤਮ ਕਰ ਸਕਦੇ ਹਨ। ਮਿਡੀਏਸ਼ਨ ਵਿੱਚ ਫ਼ੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਚੱਲਦੀ ਅਤੇ ਧਿਰਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਸਤਾ ਤੇ ਜਲਦੀ ਨਿਆਂ ਪ੍ਰਾਪਤ ਕਰਨ ਲਈ ਲੋਕ ਅਦਾਲਤਾਂ ਵਿੱਚ ਆਪਣੇ ਕੇਸ ਦੀ ਸੁਣਵਾਈ ਲਈ ਉਪਰਾਲਾ ਕਰਨ। ਇਸ ਮੌਕੇ ਉਨ੍ਹਾਂ ਨਾਲ ਸੀ.ਜੇ.ਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰ. ਅਮਨਪ੍ਰੀਤ ਸਿੰਘ ਵੀ ਹਾਜ਼ਰ ਸਨ।