ਲੋਕਾਂ ਨੂੰ ਕੋਵਿਡ19 ਸਬੰਧੀ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਕੋਵਾ ਐਪ ਡਾਊਨਲੋਡ ਕਰਨ ਬਾਰੇ ਵੀ ਦਿੱਤੀ ਜਾ ਰਹੀ ਹੈ ਜਾਣਕਾਰੀ
ਮਿਸ਼ਨ ਫ਼ਤਿਹ ਤਹਿਤ ਸਿੱਖਿਆ ਵਿਭਾਗ ਵੱਲੋਂ ਕੋਵਿਡ19 ਸਬੰਧੀ ਲੋਕ ਜਾਗਰੂਕਤਾ ਮੁਹਿੰਮ ਜਾਰੀ
ਫਿਰੋਜ਼ਪੁਰ 25 ਅਗਸਤ 2020 ਕੋਵਿਡ19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਵਰਤਣਾ ਬਹੁਤ ਜ਼ਰੂਰੀ ਹੈ ਅਤੇ ਇਸ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਡੋਰ ਟੂ ਡੋਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਡਿਪਟੀ ਡੀ.ਈ.ਓ ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤਹਿਤ ਕਰੋਨਾ ਨੂੰ ਹਰਾਉਣ ਦੀ ਜੰਗ ਲਗਾਤਾਰ ਸੂਬੇ ਭਰ ਵਿੱਚ ਜਾਰੀ ਹੈ। ਮਿਸ਼ਨ ਫਤਿਹ ਨੂੰ ਸਫਲ ਬਣਾਉਣ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿੱਖਿਆ ਵਿਭਾਗ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਵਿਡ19 ਦੀਆਂ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਵਾਰ ਵਾਰ ਹੱਥ ਧੋਣ ਬਾਰੇ ਪ੍ਰੇਰਿਤ ਕਰਨ ਲਈ ਡੋਰ ਟੂ ਡੋਰ ਲੋਕਾਂ ਨੂੰ ਜਾਗਰੂਕ ਤਾਂ ਕੀਤਾ ਹੀ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਲੋਕਾਂ ਨੂੰ ਕੋਵਾ ਐਪ ਡਾਉਨਲੋਡ ਕਰਨ ਅਤੇ ਐਪ ਉੱਪਰ ਉਪਲੱਬਧ ਜਾਣਕਾਰੀ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ, ਕਿਊਂਕਿ ਵੱਧ ਤੋਂ ਵੱਧ ਕੋਰੋਨਾ ਵਾਇਰਸ ਅਤੇ ਇਸ ਦੀਆਂ ਸਾਵਧਾਨੀਆਂ ਪ੍ਰਤੀ ਜਾਣੂ ਹੋ ਕੇ ਹੀ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਬੇਲੋੜੀ ਮੂਵਮੈਂਟ ਤੋਂ ਪਰਹੇਜ਼ ਕਰਨ ਦੀ ਲਈ ਕਿਹਾ ਜਾ ਰਿਹਾ ਹੈ।।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੌਕੇ ਤੇ ਵੱਖ ਵੱਖ ਗਤੀਵਧੀਆਂ ਕਰ ਕੇ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਤੇ ਦੂਸਰਿਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਨਿਯਮਾਂ ਅਤੇ ਸਾਵਧਾਨੀਆਂ ਦੀ ਪਾਲਨਾ ਜ਼ਰੂਰ ਕਰਨ।