Ferozepur News

ਰੇਤਾਂ ਦੀ ਗੈਰ ਕਾਨੂੰਨੀ ਨਿਕਾਸੀ ਅਤੇ ਢੋਆ-ਢੁਆਈ ਸਬੰਧੀ ਇੱਕ ਲੱਖ ਰੁਪਏ ਦਾ ਜੁਰਮਾਨਾ

ਫ਼ਿਰੋਜ਼ਪੁਰ 21 ਜੁਲਾਈ 2017 ( ) ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ/ਵਿੱਕਰੀ ਵਿਰੁੱਧ ਸਖ਼ਤ ਸਟੈਂਡ ਲੈਂਦਿਆਂ ਜਨ. ਮੈਨੇਜਰ ਕਮ ਮਾਈਨਿੰਗ ਅਫ਼ਸਰ ਸ੍ਰੀ ਗੁਰਜੰਟ ਸਿੰਘ ਵੱਲੋਂ ਰੇਤਾਂ ਦੀ ਗੈਰ ਕਾਨੂੰਨੀ ਨਿਕਾਸੀ ਅਤੇ ਢੋਆ ਢੁਆਈ ਸਬੰਧੀ ਛੇ ਵਿਅਕਤੀਆਂ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਸਬੰਧ ਵਿਚ ਪੁਲਿਸ ਨੂੰ ਕਾਨੂੰਨੀ ਕਾਰਵਾਈ ਲਈ ਵੀ ਲਿਖਿਆ ਗਿਆ ਹੈ। 

ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕਮ ਮਾਈਨਿੰਗ ਅਫ਼ਸਰ ਸ੍ਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਚੰਗਾਲੀ ਕਦੀਮ ਵਿਖੇ ਸ੍ਰੀ ਸਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਚੰਗਾਲੀ ਕਦੀਮ ਵੱਲੋਂ ਬਿਨਾ ਪ੍ਰਵਾਨਗੀ ਤੇ ਰੇਤਾਂ ਦੀ ਗੈਰ ਕਾਨੂੰਨੀ ਨਿਕਾਸੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀ ਵੱਲੋਂ ਆਪਣੇ ਖੇਤਾਂ ਵਿੱਚੋਂ ਰੇਤਾ ਦੀ ਨਿਕਾਸੀ ਕਰਵਾਉਣ ਲਈ ਜ਼ਿਲ੍ਹਾ ਕਮੇਟੀ ਨੂੰ ਅਰਜ਼ੀ ਦਿੱਤੀ ਗਈ ਸੀ ਜਿਸ ਤੇ ਅਜੇ ਕਾਰਵਾਈ ਹੋਣੀ ਸੀ ਪਰ ਬਿਨਾਂ ਪ੍ਰਵਾਨਗੀ ਤੋਂ ਹੀ ਉਕਤ ਵਿਅਕਤੀ ਵੱਲੋਂ ਖੇਤਾਂ ਵਿਚ ਨਿਕਾਸੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਤਹਿਤ ਇਸ ਵਿਅਕਤੀ ਵਿਰੁੱਧ ਐਫ.ਆਈ.ਆਰ. ਕਰਨ ਲਈ ਥਾਣਾ ਕੁਲਗੜੀ ਪੁਲਿਸ ਨੂੰ ਲਿਖਿਆ ਗਿਆ ਹੈ।  

ਇਸ ਤੋਂ ਇਲਾਵਾ ਬਸਤੀ ਮੱਘਰ ਸਿੰਘ ਦਾਖ਼ਲ ਹਾਮਦ ਵਾਲਾ ਉਤਾੜ ਤੋਂ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ ਕਰਕੇ ਭਰੇ ਪੰਜ ਟਰੱਕਾਂ ਨੂੰ ਥਾਣਾ ਕੁਲਗੁੜੀ ਵਿਖੇ ਬੰਦ ਕਰਕੇ ਹਰੇਕ ਨੂੰ 20-20 ਹਜ਼ਾਰ ਰੁਪਏ ਦੇ ਕੁੱਲ 1 ਲੱਖ ਰੁਪਏ ਦਾ ਚਲਾਨ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਸਬੰਧ ਵਿਚ ਅਗਲੇਰੀ ਕਾਰਵਾਈ ਹੋਂਦ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ ਸ੍ਰੀ ਰਾਮਵੀਰ ਆਈ.ਏ.ਐਸ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਜ਼ਿਲ੍ਹੇ ਵਿਚ ਛੋਟੇ ਖਣਿਜਾਂ, ਰੇਤਾਂ ਦੀ ਗੈਰ ਕਾਨੂੰਨੀ ਨਿਕਾਸੀ ਅਤੇ  ਢੋਆ-ਢੁਆਈ ਲਈ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

Related Articles

Back to top button