ਰਾਣਾ ਸੋਢੀ ਨੇ ਕਈ ਪਿੰਡਾਂ ਨੂੰ ਪਾਣੀ ਪਹੁੰਚਾਉਣ ਲਈ ਲਿੰਕ ਚੈਨਲ ਦਾ ਨੀਂਹ ਪੱਥਰ ਰੱਖ ਕੇ 15 ਸਾਲ ਪੁਰਾਣੀ ਮੰਗ ਪੂਰੀ ਕੀਤੀ
1.74 ਕਰੋੜ ਰੁਪਏ ਦੀ ਲਾਗਤ ਨਾਲ 2 ਹਜ਼ਾਰ ਏਕੜ ਕ੍ਰਿਸ਼ੀ ਭੂਮੀ ਤੱਕ ਪਹੁੰਚਾਇਆ ਜਾਵੇਗਾ ਨਹਿਰੀ ਪਾਣੀ
ਫਿਰੋਜ਼ਪੁਰ, 3 ਜੂਨ
ਪਿੰਡ ਚੱਕ ਮਹੰਤਾ, ਚੱਕ ਜਮਾਲਗੜ, ਹੱਡੀਵਾਲਾ, ਚੱਕੀ ਸੈਦੋਕੇ, ਬਾਘਾ, ਬੂਰਵਾਲਾ ਅਤੇ ਜਰੀਵਾਲਾ ਦੇ ਕਿਸਾਨਾਂ ਦੀ 15 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਬੁੱਧਵਾਰ ਨੂੰ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ 2 ਕਿਲੋਮੀਟਰ ਲੰਬੀ ਰਾਣਾ ਚੈਨਲ ਲਿੰਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਹੋਣ ਨਾਲ ਇਨ੍ਹਾਂ ਪਿੰਡਾਂ ਦੀ ਲੰਮੇ ਤੋਂ ਹੋ ਰਹੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 2 ਕਿਲੋਮੀਟਰ ਲੰਬੀ ਅੰਡਰਗਰਾਊਂਡ ਪਾਈਪਲਾਈਨ ਦੇ ਜ਼ਰੀਏ ਇਨ੍ਹਾਂ ਪਿੰਡਾਂ ਵਿਚ 2000 ਏਕੜ ਜ਼ਮੀਨ ਤੱਕ ਪਾਣੀ ਪਹੁੰਚਾਇਆ ਜਾਵੇਗਾ। ਇਸ ਨਾਲ ਸਿੰਚਾਈ ਕਰਨ ਦੇ ਲਈ ਪਾਣੀ ਉਪਲਬਧ ਹੋਵੇਗਾ। ਇਸ ਰਾਣਾ ਚੈਨਲ ਲਿੰਕ ਦੇ ਜ਼ਰੀਏ 17 ਕਿਊਸਿਕ ਤੱਕ ਪਾਣੀ ਛੱਡਿਆ ਜਾਵੇਗਾ।
ਇਸ ਪ੍ਰਾਜੈਕਟ ਦੇ ਲਈ 1.74 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਅਤੇ ਸਾਰੇ ਫੰਡਜ਼ ਜਲ ਸਰੋਤ ਵਿਭਾਗ ਦੇ ਕੋਲ ਟਰਾਂਸਫ਼ਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਸ ਦੇ ਬਾਅਦ ਇਹ ਪ੍ਰਾਜੈਕਟ ਕਾਫ਼ੀ ਤੇਜ਼ੀ ਨਾਲ ਅੱਗੇ ਵਧੇਗਾ। ਇਹ ਪਾਈਪਲਾਈਨ ਨਿਜ਼ਾਮ ਵਾਲੀ ਬੁਰਜ਼ੀ ਤੋਂ ਕਾਹਨ ਸਿੰਘ ਵਾਲਾ ਪਿੰਡ ਤੱਕ ਪਾਈ ਜਾਵੇਗੀ, ਜਿਸ ਨਾਲ ਕਈ ਪਿੰਡ ਕਵਰ ਹੋਣਗੇ। ਇਸ ਯੋਜਨਾ ਨਾਲ 2000 ਏਕੜ ਜ਼ਮੀਨ ਨੂੰ ਸਿੰਚਾਈ ਦੇ ਲਈ ਨਹਿਰੀ ਪਾਣੀ ਉਪਲਬਧ ਹੋਵੇਗਾ। ਕੈਬਿਨਟ ਮੰਤਰੀ ਨੇ ਵਿਰੋਧੀ ਧਿਰ ‘ਤੇ ਇਸ ਪ੍ਰਾਜੈਕਟ ਨੂੰ ਲੰਮੇ ਸਿਰ ਤੱਕ ਅਟਕਾਉਣ ਅਤੇ ਪਾਸ ਹੋਣ ਤੋਂ ਰੋਕ ਕੇ ਰੱਖਣ ਦਾ ਆਰੋਪ ਲਗਾਇਆ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਕੁਲਵੰਤ ਸਿੰਘ ਨੇ ਇਸ ਨੂੰ ਕਿਸਾਨ ਹਿਤੈਸ਼ੀ ਕਦਮ ਦੱਸਿਆ, ਨਾਲ ਹੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਸਰਕਾਰ ਵਿਕਾਸ ਪ੍ਰਾਜੈਕਟ ਨੂੰ ਦੂਰ-ਦੁਰਾਡੇ ਦੇ ਇਲਾਕੇ ਤੱਕ ਲੈ ਕੇ ਜਾਣ ਲਈ ਵਚਨਬੱਧ ਹੈ ਤਾਂ ਜੋ ਕੋਈ ਵੀ ਪਿੰਡ, ਕਸਬਾ ਜਾਂ ਸ਼ਹਿਰ ਵਿਕਾਸ ਕੰਮਾਂ ਪੱਖੋਂ ਅਧੂਰਾ ਨਾ ਰਹੇ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਐਸ.ਈ. ਸ੍ਰੀ ਹਰਲਾਭ ਸਿੰਘ ਚਾਹਲ ਨੇ ਪ੍ਰਾਜੈਕਟ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਨਾਲ ਹੀ ਕਿਸਾਨਾਂ ਨੂੰ ਇਸ ਨਾਲ ਹੋਣ ਵਾਲੇ ਫ਼ਾਇਦੇ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਐਸ.ਡੀ.ਐਮ. ਸ੍ਰੀਮਤੀ ਪੂਨਮ, ਕਾਰਜਕਾਰੀ ਇੰਜੀਨੀਅਰ ਸ੍ਰੀ ਜਗਤਾਰ ਸਿੰਘ, ਸੀਨੀਅਰ ਕਾਂਗਰਸੀ ਨੇਤਾ ਅਨੁਮੀਤ ਸਿੰਘ ਹੀਰਾ ਸੋਢੀ ਵੀ ਹਾਜ਼ਰ ਸਨ।