Ferozepur News

ਰਾਜ ਪੱਧਰੀ ਬਸੰਤ ਪੰਚਮੀ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਵਾਤਾਵਰਣ ਦੀ ਸੰਭਾਲ, ਨਾਰੀ ਸ਼ਕਤੀ, ਲਿੰਗ ਸਮਾਨਤਾ, ਵੋਟਾਂ ਪ੍ਰਤੀ ਜਾਗਰੂਕਤਾ ਅਤੇ ਦਿਵਿੰਆਂਗਜਨਾਂ ਨੂੰ ਸਮਰਪਿਤ ਹੋਣਗੇ ਪਤੰਗਬਾਜ਼ੀ ਮੁਕਾਬਲੇ

ਰਾਜ ਪੱਧਰੀ ਬਸੰਤ ਪੰਚਮੀ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਰਾਜ ਪੱਧਰੀ ਬਸੰਤ ਪੰਚਮੀ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਵਾਤਾਵਰਣ ਦੀ ਸੰਭਾਲ, ਨਾਰੀ ਸ਼ਕਤੀ, ਲਿੰਗ ਸਮਾਨਤਾ, ਵੋਟਾਂ ਪ੍ਰਤੀ ਜਾਗਰੂਕਤਾ ਅਤੇ ਦਿਵਿੰਆਂਗਜਨਾਂ ਨੂੰ ਸਮਰਪਿਤ ਹੋਣਗੇ ਪਤੰਗਬਾਜ਼ੀ ਮੁਕਾਬਲੇ

– ਪਤੰਗਬਾਜ਼ੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ www.kitefestivalferozepur2024.in ‘ਤੇ ਕੀਤੀ ਜਾਵੇ; ਜੇਤੂਆਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ ਦੇ ਇਨਾਮ

–       5 ਫਰਵਰੀ ਤੋਂ ਸ਼ੁਰੂ ਹੋਣਗੇ ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ

–    ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ, ਜਗਜੀਤ ਜੀਤੀ ਸਮੇਤ ਹੋਰ ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ

ਫ਼ਿਰੋਜ਼ਪੁਰ, 01 ਫਰਵਰੀ 2024:

ਰਾਜ ਪੱਧਰੀ ਬਸੰਤ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਪਤੰਗਬਾਜ਼ੀ ਮੁਕਾਬਲੇ ਵਾਤਾਵਰਣ ਦੀ ਸੰਭਾਲ, ਨਾਰੀ ਸ਼ਕਤੀ, ਲਿੰਗ ਸਮਾਨਤਾ, ਦਿਵਿਆਂਗਜਨਾਂ ਦੇ ਸਨਮਾਨ ਅਤੇ ਨਿਆਂਸੰਗਤ ਵਿਵਹਾਰ, ਵੋਟ ਬਣਾਉਣ ਅਤੇ ਸੁਚੱਜੀ ਵਰਤੋਂ ਨੂੰ ਸਮਰਪਿਤ ਵਿਸ਼ਿਆਂ ਤਹਿਤ ਕਰਵਾਏ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਂਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।

 ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਰਾਜ ਵਿੱਚ ਸ਼ੁਰੂ ਕੀਤੇ ਗਏ ਮੇਲਿਆਂ ਦੀ ਲੜੀ ਤਹਿਤ 10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਪਤੰਗਬਾਜ਼ੀ ਦੇ ਮੁਕਾਬਲਿਆਂ ਰਾਹੀਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ, ਧੀ-ਪੁੱਤ ਵਿੱਚ ਸਮਾਨਤਾ, ਨਾਰੀ ਸ਼ਕਤੀ, ਸਮਾਜ ਵਿੱਚ ਦਿਵਿਆਂਗਜਨਾਂ ਨੂੰ ਸਨਮਾਨ ਅਤੇ ਨਿਆਂਸੰਗਤ ਵਿਵਹਾਰ, ਵੋਟ ਬਣਾਉਣ ਅਤੇ ਸੁਚੱਜੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ 5 ਫ਼ਰਵਰੀ 2024 ਤੋਂ ਸ਼ੁਰੂ ਹੋਣਗੇ, ਜਿਸ ਸਬੰਧੀ ਮੈਸੇਜ ਰਾਹੀਂ ਮੁਕਾਬਲੇਬਾਜ਼ਾਂ ਨੂੰ ਸੂਚਿਤ ਕੀਤਾ ਜਾਵੇਗਾ। ਪਤੰਗਬਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਮਰਦ, ਔਰਤਾਂ ਅਤੇ ਬੱਚੇ ਆਪਣੀ ਮੁਫਤ ਰਜਿਸਟ੍ਰੇਸ਼ਨ ਵੈਬਸਾਈਟ www.kitefestivalferozepur2024.in ‘ਤੇ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਇਸ ਮੇਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਤੰਗ ਮੇਲੇ ਦੌਰਾਨ ਮਰਦਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਔਰਤਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਜੇਤੂ ਨੂੰ ਵੀ 1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਤੋਂ 18 ਸਾਲ ਦੀ ਉਮਰ ਵਾਲੇ ਲੜਕੇ-ਲੜਕੀਆਂ ਵਿਚੋਂ ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ ਕੈਟਾਗਰੀ ਪਤੰਗਬਾਜੀ ਮੁਕਾਬਲਿਆਂ ਦੇ ਜੇਤੂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦਿਵਿਆਂਗ ਵਰਗ ਲਈ ਵੱਖਰਾ ਪਤੰਗਬਾਜੀ ਮੁਕਾਬਲਾ ਹੋਏਗਾ।

ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਆਕਰਸ਼ਿਤ ਮੁਕਾਬਲਾ “ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ” ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਅਤੇ ਜੀਵ ਸੁਰੱਖਿਆ ਪ੍ਰਤੀ ਮਨੱਖੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੇ ਹੋਏ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਪੂਰਨ ਪਾਬੰਦੀ ਹੋਵੇਗੀ। ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਜਗਜੀਤ ਜੀਤੀ ਤੋਂ ਇਲਾਵਾ ਹੋਰ ਨਾਮੀ ਕਲਾਕਾਰ ਮੇਲੇ ਦੌਰਾਨ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਲੋਕਾਂ ਨੂੰ ਇਸ ਰਾਜ ਪੱਧਰੀ ਮੇਲੇ ਵਿੱਚ ਹੁੰਮ ਹੁਮਾ ਕੇ ਪੁੱਜ ਕੇ ਆਨੰਦ ਮਾਣਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਰਾਜ ਪੱਧਰੀ ਬਸੰਤ ਪੰਚਮੀ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਸ਼ਰਮਾ, ਐਸ.ਡੀ.ਐਮ. ਜਸਪਾਲ ਸਿੰਘ ਬਰਾੜ, ਡੀ.ਐਸ.ਪੀ. ਰਜੇਸ਼ ਕੁਮਾਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ, ਡਿਪਟੀ ਡੀ.ਈ.ਓ. ਪ੍ਰਗਟ ਸਿੰਘ ਬਰਾੜ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ, ਰਜਿਸਟਰਾਰ ਐਸ.ਬੀ.ਐਸ. ਯੂਨੀਵਰਸਿਟੀ ਗਜਲਪ੍ਰੀਤ ਸਿੰਘ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਦੀਪਕ ਸ਼ਰਮਾ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼. ਦੇ ਨੁਮਾਂਇੰਦੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button