ਰਹੱਦੀ ਪਿੰਡਾਂ ਵਿਚ ਕਰਵਾਏ ਵਿਕਾਸ ਦੇ ਕੰਮ ਪਿੰਡਾਂ ਦੀ ਮੂੰਹ ਬੋਲਦੀ ਤਸਵੀਰ ਪ੍ਰਗਟ ਕਰਦੇ ਹਨ: ਜਿਆਣੀ
ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ): ਸਰਹੱਦੀ ਪਿੰਡਾਂ ਦਾ ਜੋ ਵਿਕਾਸ ਅਕਾਲੀ ਭਾਜਪਾ ਸਰਕਾਰ ਨੇ ਕਰਵਾਇਆ ਹੈ, ਉਹ ਵਿਕਾਸ ਕਾਂਗਰਸ 50 ਸਾਲ ਵਿਚ ਨਹੀਂ ਕਰਵਾ ਸਕੀ। ਸਰਹੱਦੀ ਪਿੰਡਾਂ ਵਿਚ ਕਰਵਾਏ ਗਏ ਵਿਕਾਸ ਦੇ ਕੰਮ ਪਿੰਡਾਂ ਦੀ ਮੂੰਹ ਬੋਲਦੀ ਤਸਵੀਰ ਪ੍ਰਗਟ ਕਰਦੇ ਹਨ।
ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਅਤੇ ਫਾਜ਼ਿਲਕਾ ਦੇ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਸਰਹੱਦੀ ਪਿੰਡਾਂ ਨਵਾਂ ਸਲੇਮਸ਼ਾਹ, ਮਹਾਤਮ ਨਗਰ, ਤੇਜਾ ਰੁਹੇਲਾ, ਦੋਨਾ ਨਾਨਕਾ, ਝੰਗੜ ਭੈਣੀ, ਰਾਮ ਸਿੰਘ ਵਾਲੀ ਭੈਣੀ, ਢਾਣੀ ਸਦਾ ਸਿੰਘ, ਵੱਲੇਸ਼ਾਹ ਹਿਠਾੜ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਸਰਹੱਦੀ ਪਿੰਡਾਂ ਵਿਚ ਵਿਕਾਸ ਦਾ ਨਾਮ ਤੱਕ ਨਹੀਂ ਸੀ। ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਉਂਦੇ ਹੀ ਵਿਕਾਸ ਸ਼ੁਰੂ ਕਰ ਦਿੱਤਾ ਅਤੇ ਅੱਜ ਪਿੰਡ ਪਿੰਡ, ਢਾਣੀ ਢਾਣੀ ਤੱਕ ਸੜ੍ਹਕਾਂ ਬਣ ਚੁੱਕੀਆਂ ਹਨ।
ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪਹਿਲਾਂ ਸਤਲੁਜ਼ ਦਰਿਆ ਤੇ ਪੁਲ ਨਹੀਂ ਸੀ, ਜਿਸ ਕਾਰਨ ਪਿੰਡਾਂ ਦੇ ਵਾਸੀਆਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਤਲੁਜ਼ ਦਰਿਆ ਤੇ ਪੁਲ ਬਣਾਕੇ ਸਰਹੱਦੀ ਪਿੰਡਾਂ ਦੇ ਵਾਸੀਆਂ ਨੂੰ ਸਮਸਿਆਵਾਂ ਤੋਂ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਹੜ੍ਹ ਤੋਂ ਬਚਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਮਜ਼ਬੂਤ ਬੰਨ ਬਣਾਇਆ ਗਿਆ ਹੈ। ਜਿਸ ਕਾਰਨ ਹੁਣ ਪਿੰਡਾਂ ਦੇ ਵਾਸੀਆਂ ਨੂੰ ਹੜ੍ਹ ਦੇ ਪ੍ਰਕੋਪ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਇਲਾਕੇ ਵਿਚ ਰਿਕਾਰਡਤੋੜ ਵਿਕਾਸ ਕੰਮ ਕਰਵਾਏ ਗਏ ਹਨ। ਜਿਸ ਕਾਰਨ ਭਾਰਤੀ ਜਨਤਾ ਪਾਰਟੀ ਇਸ ਵਾਰ ਵਿਕਾਸ ਦੇ ਨਾਂ ਤੇ ਵੋਟ ਮੰਗ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਭਾਜਪਾ ਨੂੰ ਵੋਟ ਪਾਕੇ ਪੰਜਾਬ ਵਿਚ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਉਣ ਤਾਕਿ ਪੰਜਾਬ ਦਾ ਵਿਕਾਸ ਲਗਾਤਾਰ ਜਾਰੀ ਰਹੇ। ਇਸ ਮੌਕੇ ਮਲਕੀਤ ਸਿੰਘ, ਬਲਵੀਰ ਸਿੰਘ, ਦੇਸਾ ਸਿੰਘ ਸਰਪੰਚ, ਓਮ ਸਿੰਘ ਭਾਜਪਾ ਮੰਡਲ ਪ੍ਰਧਾਨ ਲਾਧੂਕਾ ਅਤੇ ਬਲਜੀਤ ਸਹੋਤਾ ਹਾਜ਼ਰ ਸਨ।