Ferozepur News

ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ 68 ਤੋਂ ਵੱਧ ਕੇ 90  ਫੀਸਦੀ   ਹੋਈ, ਇੰਸੇਟਿਵ ਪੇਮੈਂਟ ਵੀ 84 ਫੀਸਦੀ ਹੋਈ ਕਲੀਅਰ

ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ 68 ਤੋਂ ਵੱਧ ਕੇ 90  ਫੀਸਦੀ   ਹੋਈ, ਇੰਸੇਟਿਵ ਪੇਮੈਂਟ ਵੀ 84 ਫੀਸਦੀ ਹੋਈ ਕਲੀਅਰ
ਸਮੂਹ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਆਪਣੇ ਟਾਰਗੈਟ ਪੁਰੇ ਕਰਨ ਲਈ ਕਿਹਾ
ਪੀਐਨਡੀਟੀ ਐਕਟ ਤਹਿਤ 4 ਸਕੈਨਿੰਗ ਸੈਂਟਰਾਂ ਨੂੰ ਸ਼ੋ-ਕਾਜ ਨੋਟਿਸ ਜਾਰੀ
ਆਂਗਣਵਾੜੀ ਵਰਕਰਾਂ ਦੀ ਪ੍ਰੀ-ਪ੍ਰਾਈਮਰੀ ਦੀ ਟਰੇਨਿੰਗ ਦੇਣ ਲਈ ਪਾਇਲਟ ਪ੍ਰਾਜੈਕਟ ਜ਼ਿਲ੍ਹੇ ਵਿਚ ਚਲਾਉਣ ਲਈ ਸਿੱਖਿਆ ਵਿਭਾਗ ਨੇ ਬਣਾਇਆ ਪ੍ਰਸਤਾਵ

ਫਿਰੋਜ਼ਪੁਰ 22 ਜੁਲਾਈ ( ) ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਸਮੂਹ ਵਿਭਾਗਾਂ ਦੇ ਮੁਖੀਆਂ ਨੇ ਹਿੱਸਾ ਲਿਆ। ਵਿਭਾਗਾਂ ਦੀ ਕਾਰਗੁਜ਼ਾਰੀ ਦਾ ਰਿਵਿਊ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਆਪੋ ਆਪਣੇ ਵਿਭਾਗ ਨਾਲ ਸਬੰਧਿਤ ਦਿੱਤੇ ਹੋਈ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਸਮੂਹ ਮਾਲ ਅਧਿਕਾਰੀਆਂ ਨੂੰ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ਅਤੇ ਖ਼ਾਨਗੀ ਤਕਸੀਮਾਂ ਦੇ ਮਾਮਲੇ ਜਲਦੀ ਨਿਪਟਾਉਣ ਲਈ ਕਿਹਾ।  ਉਨ੍ਹਾਂ ਕਰਜ਼ਾ ਵਸੂਲੀ, ਇੰਤਕਾਲਾਂ ਦੇ ਬਕਾਇਆ ਕੇਸਾਂ, ਗਿਰਦਾਵਰੀਆਂ, ਕੁਰਕੀ ਦੇ ਕੇਸਾਂ, ਕੰਪਿਊਟ੍ਰਾਈਜੇਸ਼ਨ ਆਫ਼ ਲੈਂਡ ਰਿਕਾਰਡ ਆਦਿ ਦੀ ਵੀ ਸਮੀਖਿਆ ਕੀਤੀ। ਸਿੱਖਿਆ ਅਤੇ ਸਿਹਤ ਵਿਭਾਗ ਨਾਲ ਜੁੜੇ ਕੰਮਾਂ ਤੇ ਖ਼ਾਸ ਜ਼ੋਰ ਦਿੱਤਾ ਗਿਆ। ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਰਿਪੋਰਟ ਦਿੰਦੇ ਹੋਏ ਸਿੱਖਿਆ ਅਧਿਕਾਰੀ ਸੁਖਵਿੰਦਰ ਸਿੰਘ ਨੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਪ੍ਰਾਈਮਰੀ ਟਰੇਨਿੰਗ ਦੇਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਾਇਲਟ ਪ੍ਰਾਜੈਕਟ ਚਲਾਏ ਜਾਣ ਦੀ ਜ਼ਰੂਰਤ ਹੈ, ਜਿਸ ਤਹਿਤ ਪ੍ਰੀ-ਪ੍ਰਾਈਮਰੀ ਆਂਗਣਵਾੜੀ ਵਰਕਰਾਂ ਦੇ 30-30 ਬੈਚ ਨੂੰ ਟਰੇਨਿੰਗ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਮੁਕੰਮਲ ਰਿਪੋਰਟ ਤਿਆਰ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਵਾਧੂ ਕਲਾਸ ਰੂਮ ਬਣਾਉਣ ਲਈ 1.93 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ। ਇਸੇ ਤਰ੍ਹਾਂ 1800 ਤੋਂ ਜ਼ਿਆਦਾ ਸਕੂਲਾਂ ਵਿਚ ਮਿਡ ਡੇ ਮੀਲ ਦੀ ਸੁਵਿਧਾ ਬੱਚਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਮਿਡ ਡੇ ਮੀਲ ਦੀ ਕੁਆਲਿਟੀ ਚੈਕ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਇਸ ਕੰਮ ਵਿਚ ਕੋਈ ਲਾਪਰਵਾਹੀ ਨਾ ਕੀਤੀ ਜਾਵੇ। 
ਇਸੇ ਤਰ੍ਹਾਂ ਸਿਹਤ ਵਿਭਾਗ ਦੀ ਰਿਵਿਊ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਕਾਫ਼ੀ ਸੁਧਾਰ ਹੋਇਆ ਹੈ। ਇਹ ਰਜਿਸਟਰੇਸ਼ਨ 68 ਫ਼ੀਸਦੀ ਤੋਂ ਵੱਧ ਕੇ 90 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਗਰਭਵਤੀ ਮਹਿਲਾਵਾਂ ਨੂੰ ਮਿਲ ਰਹੀਆਂ ਸੁਵਿਧਾਵਾਂ, ਉਨ੍ਹਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੀ ਇੰਸਟੀਟਿਊਸ਼ਨਲ ਡਿਲਿਵਰੀ ਵਰਗੇ ਟੀਚਿਆਂ ਨੂੰ ਹਾਸਲ ਕਰਨਾ ਆਸਾਨ ਹੋਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਇਨ੍ਹਾਂ ਟੀਚਿਆਂ ਨੂੰ 100 ਫ਼ੀਸਦੀ ਤੱਕ ਪੂਰਾ ਕਰਨ ਲਈ ਕਿਹਾ। ਇਸ ਤਰ੍ਹਾਂ ਜਨਨੀ ਸੁਰੱਖਿਆ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਡਲਿਵਰੀ ਕਰਵਾਉਣ ਦੇ ਬਦਲੇ ਮਿਲਣ ਵਾਲੇ ਇੰਸੇਟਿਵ ਦੇ 84 ਫ਼ੀਸਦੀ ਕੇਸਾਂ ਵਿਚ ਰਾਸ਼ੀ ਲਾਭਪਾਤਰੀਆਂ ਤੱਕ ਪਹੁੰਚ ਗਈ ਹੈ, ਜਿਹੜੇ 16 ਫ਼ੀਸਦੀ ਕੇਸਾਂ ਵਿਚ ਰਾਸ਼ੀ ਨਹੀਂ ਪਹੁੰਚੀ ਉੱਥੇ ਆਧਾਰ ਕਾਰਡ ਅਤੇ ਬੈਂਕ ਖਾਤੇ ਆਪਸ ਵਿਚ ਲਿੰਕ ਨਾ ਹੋਣ ਕਾਰਨ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਮੂਹ ਐਸਐਮਓ ਨੂੰ ਜਨਮ ਅਤੇ ਮੌਤ ਸਬੰਧੀ ਪੈਂਡਿੰਗ ਫਾਈਲਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕਿਹਾ ਅਤੇ ਇਸ ਕੰਮ ਵਿਚ ਲਾਪਰਵਾਹੀ ਵਰਤਣ ਵਾਲੇ ਨੂੰ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ। ਸਿਵਲ ਸਰਜਨ ਡਾ: ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੀਐਨਡੀਟੀ ਐਕਟ ਤਹਿਤ ਜ਼ਿਲ੍ਹੇ ਵਿਚ 11 ਸਕਰੀਨਿੰਗ ਸੈਂਟਰਾਂ ਦੀ ਜਾਂਚ ਕੀਤੀ ਗਈ ਜਿਸ ਤਹਿਤ 4 ਅਣਅਧਿਕਾਰਤ ਸੈਂਟਰਾਂ ਨੂੰ ਸ਼ੋ-ਕਾਜ ਨੋਟਿਸ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਪੋਲਿਓ ਸਮੇਤ ਬੱਚਿਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਤਮਾਮ ਟੀਕਾਕਰਨ ਦੀ ਦਰ ਵਿਚ ਸੁਧਾਰ ਲਿਆਉਣ ਲਈ ਕਿਹਾ, ਨਾਲ ਹੀ ਮਲੇਰੀਆ ਨੂੰ ਲੈ ਕੇ ਹੋਈ ਪ੍ਰਗਤੀ ਵਿਚ ਸੰਤੁਸ਼ਟੀ ਜਤਾਈ। ਸਿਵਲ ਸਰਜਨ ਨੇ ਦੱਸਿਆ ਕਿ 2020 ਤੱਕ ਦੇਸ਼ ਨੂੰ ਮਲੇਰੀਆ ਮੁਕਤ ਘੋਸ਼ਿਤ ਕਰਨ ਦਾ ਟਾਰਗੈਟ ਹੈ, ਜਿਸ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕਾਫ਼ੀ ਵਧੀਆ ਨਤੀਜੇ ਹਾਸਲ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਅਤੇ ਕਿਸੇ ਵੀ ਕੰਮ ਵਿਚ ਅਣਗਹਿਲੀ ਨਾ ਕਰਨ ਦੇ ਸਖ਼ਤ ਆਦੇਸ਼ ਦਿੱਤੇ। 

17 ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਓਟ ਕੇਂਦਰ ਖੋਲ੍ਹਣ ਦਾ ਪ੍ਰਸਤਾਵ
ਨਸ਼ੇ ਦੇ ਖ਼ਿਲਾਫ਼ ਚੱਲ ਰਹੀ ਜੰਗ ਨੂੰ ਹੋਰ ਅੱਗੇ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੇ 17 ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਓਟ ਸੈਂਟਰ ਚਲਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੈਂਟਰਾਂ ਦੇ ਖੁੱਲਣ ਨਾਲ ਨਸ਼ੇ ਨਾਲ ਪੀੜਤ ਵਿਅਕਤੀ ਨੂੰ ਘਰ ਦੇ ਨਜ਼ਦੀਕ ਹੀ ਓਟ ਸੈਂਟਰ ਦੀ ਸੁਵਿਧਾਵਾਂ ਮਿਲਣਗੀਆਂ ਅਤੇ ਉਹ ਆਸਾਨੀ ਨਾਲ ਨਸ਼ਾ ਛੱਡਣ ਦੀ ਦਵਾਈ ਹਾਸਲ ਕਰ ਸਕਣਗੇ। ਇਹ ਪ੍ਰਸਤਾਵ ਸਿਹਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਉੱਥੋਂ ਅਪਰੂਵਲ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਤੇ ਲਗਾਤਾਰ ਹੈੱਡਕੁਆਟਰ ਨਾਲ ਤਾਲਮੇਲ ਕਰਨ ਲਈ ਕਿਹਾ।  

Related Articles

Back to top button