Ferozepur News

ਮੈਰੀਟੋਰੀਅਸ ਸਕੂਲ ਵਿਚ ਖੇਡ ਵਿੰਗ ਸਥਾਪਤ ਕੀਤੇ ਜਾਣਗੇ-ਰਾਣਾ ਸੋਢੀ

ਫਿਰੋਜ਼ਪੁਰ 30 ਅਪ੍ਰੈਲ 2018 ( ) ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਨਿਪੁੰਨ ਬਣਾਉਣ ਲਈ ਸਕੂਲ ਵਿਚ ਵੱਖ-ਵੱਖ ਖੇਡਾਂ ਲਈ ਖੇਡ ਵਿੰਗ ਸਥਾਪਤ ਕੀਤੇ ਜਾਣਗੇ ਤਾਂ ਜੋ ਇਸ ਸਕੂਲ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿਖੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਜਸਮੇਲ ਸਿੰਘ ਲਾਡੀ ਗਹਿਰੀ ਅਤੇ ਸ਼੍ਰੀ ਅਨੁਮੀਤ ਸਿੰਘ ਹੀਰਾ ਸੋਢੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਕੂਲ ਵਿਚ ਆ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜਲਦ ਹੀ ਮੈਰੀਟੋਰੀਅਸ ਸਕੂਲ ਵਿਚ ਖੇਡ ਵਿੰਗ ਸਥਾਪਤ ਕੀਤੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਵਡਮੁੱਲੀ ਕੋਚਿੰਗ ਅਤੇ ਰਹਿਨੁਮਾਈ ਮਿਲੇਗੀ।

ਸ਼੍ਰੀ ਰਾਣਾ ਸੋਢੀ ਨੇ ਸਕੂਲ ਦੇ ਪ੍ਰਿੰਸੀਪਲ ਦੀ ਮੰਗ ਤੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਸਹੂਲਤ ਲਈ 24 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਪਾਵਰਕਾਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ 24 ਘੰਟੇ ਬਿਜਲੀ ਸਪਲਾਈ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਵਿਦਿਆਰਥੀਆਂ ਦੀ ਮੰਗ ਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਆਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਮੈਰੀਟੋਰੀਅਸ ਸਕੂਲ ਦੇ ਸਾਹਮਣੇ ਪੱਕੇ ਤੌਰ ਤੇ ਬੱਸ ਸਟਾਪ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਕੱਤਰ ਸਿੱਖਿਆ ਵਿਭਾਗ ਨਾਲ ਗੱਲਬਾਤ ਕਰਕੇ ਸਕੂਲ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਕਾਰਵਾਈ ਕਰਨ ਲਈ ਕਹਿਣਗੇ।

ਸਕੂਲ ਦੇ ਪ੍ਰਿੰਸੀਪਲ ਸ੍ਰ: ਪ੍ਰਗਟ ਸਿੰਘ ਬਰਾੜ ਨੇ ਸ਼੍ਰੀ ਰਾਣਾ ਸੋਢੀ ਸਮੇਤ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਤੇ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਉਪਰੰਤ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਸਕੂਲ ਦੀ ਕੰਟੀਨ ਵਿਚ ਚਾਹ ਪੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।

ਇਸ ਮੌਕੇ ਸ੍ਰ: ਜਸਵਿੰਦਰ ਸਿੰਘ ਭੰਡਾਰੀ, ਸ਼੍ਰੀ ਰਵੀ ਸ਼ਰਮਾ, ਸ਼੍ਰੀ ਰਵੀ ਚਾਵਲਾ, ਸ੍ਰ: ਨਸੀਬ ਸਿੰਘ ਸੰਧੂ, ਸ੍ਰ; ਅੰਮ੍ਰਿਤਪਾਲ ਸਿੰਘ,  ਸ੍ਰ: ਭੁਪਿੰਦਰ ਪਾਲ ਸਿੰਘ, ਰਾਜੂ ਸਾਂਈਂਆਂ ਵਾਲਾ, ਸ੍ਰ: ਬਲਕਾਰ ਸਿੰਘ ਪੀ.ਏ, ਸ੍ਰ: ਦਵਿੰਦਰ ਜੰਗ, ਸ਼੍ਰੀ ਕੁਲਵੰਤ ਕਟਾਰੀਆ ਡੀ.ਪੀ ਸ਼੍ਰੀ ਚੰਦਰਮੋਹਨ, ਸ਼੍ਰੀਮਤੀ ਸੁਪਿੰਦਰ ਕੌਰ, ਲੈਕਚਰਾਰ ਨਵਦੀਪ ਸਿੰਘ, ਸਾਕਸ਼ੀ ਸਹਿਗਲ, ਜੁਗਨੂੰ ਗਰਗ, ਸੁਖਜੀਤ ਕੌਰ, ਲਕਸ਼ਮੀ, ਹਰਮਨਦੀਪ ਕੌਰ, ਗਿੰਨੀ ਬਾਂਸਲ, ਮਨਦੀਪ ਕੌਰ, ਪ੍ਰਭਜੋਤ ਕੌਰ, ਗਗਨਦੀਪ ਕੌਰ, ਅਧਿਆਪਕਾ ਅਰਵਿੰਦਰ ਕੌਰ, ਸ਼ਾਇਨਾ ਕੱਕੜ ਆਦਿ ਹਾਜ਼ਰ ਸਨ।

Related Articles

Back to top button