Ferozepur News
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ੍ਰੀ.ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਯਾਤਰਾ ਬੱਸਾਂ ਨੂੰ ਦਿੱਤੀ ਝੰਡੀ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ੍ਰੀ.ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਯਾਤਰਾ ਬੱਸਾਂ ਨੂੰ ਦਿੱਤੀ ਝੰਡੀ
ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤਾ ਗਿਆ ਇਹ ਉਪਰਾਲਾ ਇੱਕ ਸ਼ਲਾਘਾਯੋਗ ਉੱਦਮ :- ਕਮਲ ਸ਼ਰਮਾ
ਦੂਜੇ ਪੜਾਅ ਵਿੱਚ ਸ਼ਰਧਾਲੂਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਮਾਤਾ ਚਿੰਤਪੁਰਨੀ ਅਤੇ ਸ੍ਰੀ ਸਾਲਾਸਰ ਬਾਲਾਜੀ ਧਾਮ ਆਦਿ ਦੇ ਕਰਵਾਏ ਜਾਣਗੇ ਦਰਸ਼ਨ: ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ 19 ਅਗਸਤ 2016( ) ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸ਼ਰਧਾਲੂਆਂ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨ ਕਰਵਾਉਣ ਤੋ ਬਾਅਦ ਹੁਣ ਵਿਸ਼ੇਸ਼ ਬੱਸਾਂ ਰਾਹੀ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਦਰਸ਼ਨ ਕਰਵਾਏ ਜਾਣ ਦੀ ਰਸਮੀ ਸ਼ੁਰੂਆਤ ਅੱਜ ਸ੍ਰੀ.ਕਮਲ ਸ਼ਰਮਾ ਕੌਮੀ ਕਾਰਜਕਾਰਨੀ ਮੈਂਬਰ ਭਾਜਪਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸਥਾਨਕ ਸਬਜ਼ੀ ਮੰਡੀ ਫ਼ਿਰੋਜ਼ਪੁਰ ਸ਼ਹਿਰ ਤੋ ਵਿਸ਼ੇਸ਼ ਪੰਜ ਬੱਸਾਂ ਨੂੰ ਹਰੀ ਝੰਡੀ ਦੇ ਕੇ ਦਰਬਾਰ ਸਾਹਿਬ ਸ੍ਰੀ.ਅੰਮ੍ਰਿਤਸਰ ਲਈ ਰਵਾਨਾ ਕੀਤਾ।
ਇਸ ਮੌਕੇ ਸ੍ਰੀ.ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਵੱਲੋਂ ਮੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤਾ ਗਿਆ ਇਹ ਉਪਰਾਲਾ ਇੱਕ ਸ਼ਲਾਘਾਯੋਗ ਉੱਦਮ ਹੈ ਜਿਸ ਨਾਲ ਲੋਕਾਂ ਦੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਕਾਰਨਾਂ ਕਰਕੇ ਦਰਸ਼ਨਾਂ ਲਈ ਨਾ ਜਾ ਸਕਣ ਵਾਲੇ ਲੋਕਾਂ ਦੇ ਦਿਲ ਦੀ ਰੀਝ ਪੂਰੀ ਕਰਕੇ ਸਰਕਾਰ ਨੇ ਇਹ ਸਿੱਧ ਕੀਤਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਲੋਕਾਂ ਦੇ ਦਿਲਾਂ 'ਤੇ ਰਾਜ ਕਰਕੇ ਉਨ੍ਹਾਂ ਦੀ ਹਰੇਕ ਇੱਛਾ ਪੂਰੀ ਕਰ ਰਹੀ ਹੈ। ਉਨ੍ਹਾਂ ਦੱਸਿਆਂ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਸਮੇਂ ਸਮੇਂ ਤੇ ਗੁਰੂ ਧਾਮਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿਚੋਂ ਰੋਜ਼ਾਨਾ ਪੰਜ ਬੱਸਾਂ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਲਈ ਸਵੇਰੇ ਰਵਾਨਾ ਹੋਣਗੀਆਂ ਅਤੇ ਸ਼ਾਮ ਨੂੰ ਵਾਪਸ ਆਉਣਗੀਆਂ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ ਇਹ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਮਾਤਾ ਚਿੰਤਪੁਰਨੀ ਅਤੇ ਸ੍ਰੀ ਸਾਲਾਸਰ ਬਾਲਾਜੀ ਧਾਮ ਦੇ ਦਰਸ਼ਨਾਂ ਲਈ ਵੀ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਬਿਲਕੁਲ ਮੁਫ਼ਤ ਹੋਵੇਗੀ ਅਤੇ ਇਨ੍ਹਾਂ ਬੱਸਾਂ ਵਿੱਚ ਮੁੱਢਲੀ ਸਹਾਇਤਾ ਦੇਣ ਲਈ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੀਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚੋਂ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ ਅਤੇ ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰਨਾਂ ਵਿਧਾਨ ਸਭਾ ਹਲਕਿਆਂ ਤੋਂ ਵੀ ਇਹ ਬੱਸਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਵਿੱਚ ਇਨ੍ਹਾਂ ਬੱਸਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰ ਰਹੇ ਹਨ।
ਇਸ ਮੌਕੇ ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ, ਸ੍ਰੀ.ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਸ੍ਰ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਰਵੀ ਮਹਿਤਾ ਐਮ.ਸੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਭਾਜਪਾ ਆਗੂ ਹਾਜ਼ਰ ਸਨ।