ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਐੱਸ.ਐਮ.ਐੱਲ ਵੈਨ ਰਵਾਨਾ
ਫਿਰੋਜ਼ਪੁਰ 1 ਜੂਨ 2017 ( ) 'ਨਿਆਂ ਸਭਨਾਂ ਲਈ ' ਦੇ ਅਰਥ ਨੂੰ ਸਾਰਥਿਕ ਕਰਨ ਲਈ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਉਪਲੱਭਧ ਕਰਵਾਈ ਜਾ ਰਹੀ ਹਨ। ਇਹ ਜਾਣਕਾਰੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ.ਕੇ.ਅਗਰਵਾਲ ਨੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭੇਜੀ ਐੱਸ.ਐਮ.ਐੱਲ ਵੈਨ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲੀਗਲ ਏਡ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਉਣ ਲਈ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਦਿੱਤੀ। ਇਸ ਮੌਕੇ ਸ੍ਰੀ ਬਲਜਿੰਦਰ ਸਿੰਘ , ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਹਾਜ਼ਰ ਸਨ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ.ਕੇ.ਅਗਰਵਾਲ ਨੇ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਿਯੁਕਤ ਕੀਤੇ ਪੈਰਾ ਲੀਗਲ ਵਲੰਟੀਅਰਜ਼ ਪਿੰਡ-ਪਿੰਡ ਜਾ ਕੇ ਲੋੜਵੰਦ ਵਿਅਕਤੀਆਂ ਨੂੰ ਜਿਵੇਂ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਇਸਤਰੀ/ਬੱਚਾ, ਹਿਰਾਸਤ ਵਿੱਚ, ਮਾਨਸਿਕ ਰੋਗੀ/ਅਪੰਗ ਜਾਂ ਕੋਈ ਐਸਾ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3,00,000/- ਰੁਪਏ ਤੋਂ ਘੱਟ ਹੋਵੇ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਉਪਲੱਬਧਤਾ ਆਦਿ ਅਤੇ ਨਾਲਸਾ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਹਿਤ ਪ੍ਰਚਾਰ ਕਰਨਗੇ। ਪੈਰਾ ਲੀਗਲ ਵਲੰਟੀਅਰਜ਼ ਆਮ ਜਨਤਾ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਵਿਚ ਦਫ਼ਤਰ ਦੇ ਰਿਟੇਨਰ ਐਡਵੋਕੇਟ ਸ੍ਰੀ ਅਜੇ ਲਟਾਵਾ, ਸ੍ਰੀ ਰਾਜੇਸ਼ਵਰ ਸਿੰਘ ਸ਼ੇਰਗਿੱਲ, ਮਿਸ ਨਵਨੀਤ ਕੌਰ ਅਤੇ ਸ੍ਰੀ ਪੰਕਜ ਰਾਜਪਾਲ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਉਣਗੇ ਤਾਂ ਜੋ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਮਿਡੀਏਸ਼ਨ ਸੈਂਟਰ, ਲੋਕ ਅਦਾਲਤ ਅਤੇ ਨਾਲਸਾ ਦੀਆਂ ਸਕੀਮਾਂ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।