ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਪਿੰਡਾਂ ਦੇ ਲੋਕਾਂ ਨਾਲ ਵੀ ਕੀਤੀ ਗੱਲਬਾਤ
ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਸਮੇਤ ਬਾਕੀ ਕੰਮ ਵੀ ਜਲਦ ਪੂਰੇ ਕਰਨ ਦੀ ਕੀਤੀ ਹਦਾਇਤ
ਫਿਰੋਜ਼ਪੁਰ 10 ਸਤੰਬਰ ਭਾਰੀ ਮੀਂਹ ਪੈਣ ਕਾਰਨ ਜ਼ਿਲ੍ਹੇ ਵਿੱਚ ਹੋਏ ਪ੍ਰਭਾਵਿਤ ਪਿੰਡਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਚੱਕ ਰੋੜਾਂ ਵਾਲਾ, ਮਹਿਮਾ, ਗੁਲਾਮ ਪਤਰਾ ਆਦਿ ਪਿੰਡਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ ਦਿਨਾਂ ਚ ਭਾਰੀ ਮੀਂਹ ਪੈਣ ਕਾਰਨ ਇਨ੍ਹਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਦੀ ਨਿਕਾਸੀ ਲਈ ਮੋਟਰਾਂ ਲਗਾ ਦਿੱਤੀਆਂ ਗਈਆਂ ਹਨ ਤੇ ਪਾਣੀ ਜਲਦ ਹੀ ਨਿਕਲ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੀਂਹ ਨਾਲ ਹੋਏ ਨੁਕਸਾਨ ਆਦਿ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਹੋਏ ਨੁਕਸਾਨ ਦਾ ਪੁਰਾ ਵੇਰਵਾ ਤਿਆਰ ਕਰਨ ਲਈ ਆਖਿਆ ਤੇ ਨਾਲ ਹੀ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਸਮੇਤ ਬਾਕੀ ਕੰਮ ਵੀ ਜਲਦ ਪੂਰੇ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਐਸਡੀਐਮ ਅਮਿੱਤ ਗੁਪਤਾ, ਨਾਇਬ ਤਹਿਸੀਲਦਾਰ ਗੁਰਤੇਜ ਸਿੰਘ, ਅਮਰਜੀਤ ਸਿੰਘ ਸਰਪੰਚ ਮਹਿਮਾ, ਨਿਸ਼ਾਨ ਸਿੰਘ ਸਰਪੰਚ ਚੱਕ ਰੋੜਾ ਵਾਲਾ, ਸਰਪੰਚ ਵਿਰਸਾ ਸਿੰਘ, ਕਾਂਗਰਸੀ ਆਗੂ ਨਸੀਬ ਸਿੰਘ ਆਦਿ ਹਾਜ਼ਰ ਸਨ।