Ferozepur News

ਮਿੰਨੀ ਕਹਾਣੀ – ਖੁਸ਼ੀ

ਗੇਟ ਤੇ ਬੈੱਲ ਵੱਜੀ ..ਨੌਕਰ ਨੇ ਦੱਸਿਆ ਕੇ ਸੁਸਾਇਟੀ ਦਾ ਚੌਂਕੀਦਾਰ ਗੁਰਮੁਖ ਸਿੰਘ ਹੈ ! ਮੈਂ ਪੁੱਛਿਆ . … ਤਨਖਾਹ ਤੇ ਨਹੀਂ ਸੀ ਬਕਾਇਆ ਉਸ ਦੀ ਇਸ ਮਹੀਨੇ ਦੀ..? ਅੱਗੋਂ ਕਹਿੰਦਾ …ਨਹੀਂ ਜੀ ਉਹ ਤੇ ਪਹਿਲੀ ਨੂੰ ਹੀ ਫਡ਼ਾ ਦਿੱਤੀ ਸੀ ..! ਸੋਚੀਂ ਪੈ ਗਿਆ ..ਫੇਰ ਕਿਓਂ ਆਇਆ ਇਸ ਵੇਲੇ ਸਵੇਰੇ ਸਵੇਰੇ ..? ਫੇਰ ਕੁਝ ਸੋਚ ਕੇ ਨੌਕਰ ਨੂੰ ਕਿਹਾ ਚੱਲ ਭੇਜ ਦੇ ਅੰਦਰ ਓਨੂੰ ! ਉਹ ਹੱਸਦਾ ਹੋਇਆ ਅੰਦਰ ਆਇਆ…ਹੱਥ ਵਿਚ ਲੱਡੂਆਂ ਦਾ ਡੱਬਾ ਸੀ ! ਆਉਂਦਿਆਂ ਹੀ ਗੋਡਿਆਂ ਨੂੰ ਹੱਥ ਲਾ ਭੁੰਜੇ ਬਹਿ ਗਿਆ ..! ਖੁਸ਼ੀ ਚ ਖੀਵਾ ਹੁੰਦਾ ਬੋਲਿਆ …"ਸਰਦਾਰ ਜੀ ਮੁੰਡਾ ਪਾਸ ਹੋਇਆ ਦਸਵੀਂ ਚੋਂ 65% ਨੰਬਰ ਲੈ ਕੇ ! ਖ਼ਾਨਦਾਨ ਚੋਂ ਪਹਿਲਾ ਜੁਆਕ ਜਿਹਨੇ ਦਸਵੀਂ ਪਾਸ ਕੀਤੀ ..ਉਹ ਵੀ ਆਪਣੇ ਸਿਰ ਤੇ ..! ਸਾਡੇ ਹਮਾਤਡ਼ਾਂ ਦੇ ਹਾਲਾਤ ਤੁਹਾਥੋਂ ਕਿਹਡ਼ੇ ਲੁਕੇ ਆ ..ਪੰਜ ਨਿਆਣੇ..ਦੋ ਵਿਆਹੁਣ ਯੋਗ ਧੀਆਂ ..ਲਕਵੇ ਦੀ ਮਾਰੀ ਵਹੁਟੀ ਤੇ ਉੱਤੋਂ ਕਿਰਾਏ ਦਾ ਘਰ ..ਫੇਰ ਵੀ ਬਡ਼ੀ ਕਿਰਪਾ ਕੀਤੀ ਵਾਹਿਗੁਰੂ ਨੇ ! ਮੈਂ ਪੁੱਛਿਆ " ਚਾਹ ਪੀਵੇਂਗਾ ਗੁਰਮੁਖ …? "ਕਹਿੰਦਾ ਸ਼ੁਕਰ ਹੈ ਜੀ ਤੁਸੀਂ ਦੋ ਘਡ਼ੀਆਂ ਪਿਆਰ ਨਾਲ ਗੱਲਾਂ ਕਰ ਲਈਆਂ..ਮੈਨੂੰ ਗਰੀਬ ਨੂੰ ਸਭ ਕੁਝ ਮਿਲ ਗਿਆ ! "ਮੈਂ ਅੰਦਰ ਗਿਆ …ਲਫਾਫੇ ਵਿਚ ਸੌ ਸੌ ਦੇ ਦੋ ਨੋਟ ਪਾ ਉਸਦੇ ਵਲ ਵਧਾਏ..ਉਹ ਅੱਗੋਂ ਫਡ਼ੇ ਹੈਨਾ ..ਆਖੇ ਲੱਡੂ ਸ਼ਗਨ ਲੈਣ ਵਾਸਤੇ ਥੋਡ਼ੀ ਸਨ ਲਿਆਂਦੇ …ਕਹਿੰਦਾ ਬਸ ਖੁਸ਼ੀ ਮਿਲ਼ੀ ..ਸਾਂਭੀ ਨੀ ਗਈ ਤੇ ਸਾਂਝੀ ਕਰਨ ਆ ਗਿਆ ਥੋਡੇ ਦਰ ਤੇ …ਬਾਪ ਨੂੰ ਚੇਤੇ ਕਰ ਅੱਖਾਂ ਭਰ ਲਈਆਂ … ਕਹਿੰਦਾ ਬਾਪੂ ਜੀ ਕਹਿੰਦਾ ਹੁੰਦਾ ਸੀ .. ਪੁੱਤ ਖੁਸ਼ੀ ਸਾਂਝੀ ਕੀਤਿਆਂ ਵਧਦੀ ਹੈ ..ਤੇ ਕਾਲ ਪੁਰਖ ਹੋਰ ਬਰਕਤ ਪਾਉਂਦਾ ਹੈ " ! ਬਸ ਏਨਾ ਕਹਿੰਦਾ ਉਠਿਆ ਤੇ ਗੋਡਿਆਂ ਨੂੰ ਹੱਥ ਲਾ ਤੁਰਦਾ ਬਣਿਆ !
ਮੈਨੂੰ ਯੂਰੋਪ ਘੁੰਮਣ ਗਿਆ ਆਪਣਾ ਮੁੰਡਾ ਚੇਤੇ ਆ ਗਿਆ …ਵੀਹ ਹਜਾਰ ਡਾਲਰ ਨਾਲ ਲੈ ਕੇ ਗਿਆ …ਵੀਹ ਹੋਰ ਮੰਗਾਏ ਪਿਛਲੇ ਹਫਤੇ ..ਤੇ ਫੇਰ ਜਦੋਂ ਪਰਸੋਂ ਪੰਦਰਾਂ ਵਾਸਤੇ ਫੇਰ ਫੋਨ ਕਰ ਦਿੱਤਾ ਤਾਂ ਏਨਾ ਹੀ ਪੁੱਛਿਆ ਪੁੱਤ ਇੰਨੇ ਪੈਸੇ ਕਾਹਦੇ ਲਈ..ਤੇ ਫੋਨ ਕੱਟ ਗਿਆ ਗੁੱਸੇ ਨਾਲ ! ਸਾਰਾ ਸਾਰਾ ਦਿਨ ਕਮਰੇ ਵਿਚ ਬੰਦ ਰਹਿੰਦੀ ਧੀ ਦੀ ਸ਼ਕਲ ਦੇਖਿਆਂ ਕਈ ਦਿਨ ਹੋ ਗਏ ਪਰ ਲੈਪ-ਟਾਪ ਤੇ ਵੱਜਦੀਆਂ ਉਂਗਲਾਂ ਦੀ ਵਾਜ ਇਹ ਤੱਸਲੀ ਦਿੰਦੀ … ..ਕੇ ਚਲੋ ਹੈ ਤੇ ਘਰੇ ਈ !ਛੋਟੇ ਭਾਈ ਦਾ ਸ਼ੇਅਰ ਮਾਰਕੀਟ ਕਰੈਸ਼ ਤੋਂ ਬਾਅਦ ਹੋਇਆ ਕਰੋਡ਼ਾ ਦਾ ਨੁਕਸਾਨ ਤੇ ਫੇਰ ਹਸਪਤਾਲ ਵਿਚ ਹੋਇਆ ਉਸਦਾ ਦਿਲ ਦਾ ਓਪਰੇਸ਼ਨ !ਭਤੀਜੇ ਦੇ ਨੰਬਰ 95% ਤੋਂ ਘੱਟ ਆਏ ਤੇ ਫੇਰ ਘਰ ਵਿਚ ਪਏ ਕਲੇਸ਼ ਤੇ ਭਾਬੀ ਦੇਬੋਲ ਕੇ ..ਇਸ ਮੁੰਡੇ ਨੇ ਸਾਨੂੰ ਸੋਸਾਇਟੀ ਵਿਚ ਮੂੰਹ ਦਿਖਾਉਣ ਜੋਗਾ ਨਹੀਂ ਛਡਿਆ ! ਏਨੀਆਂ ਟਿਊਸ਼ਨਾਂ..ਤਾਂ ਵੀ ਏਨੇ ਘੱਟ ਨੰਬਰ ! ਮੈਨੂੰ ਟੇਬਲ ਤੇ ਪਏ ਲੱਡੂਆਂ ਦੇ ਡੱਬੇ ਵੱਲ ਦੇਖ ਈਰਖਾ ਹੋਈ ਜਾ ਰਹੀ ਸੀ!ਕਿਥੇ ਮਿਲਦੀਆਂ ਏਡੀਆਂ ਸੰਤੁਸ਼ਟ ਤੇ ਸੰਤੋਖੀਆਂ ਹੋਈਆਂ ਰੂਹਾਂ ਅੱਜ ਕੱਲ…? ਦਿਖਾਵੇ ਤੇ ਅਮੀਰੀ ਦੀ ਚਾਦਰ ਲਪੇਟੀ ਭਟਕਦੇ ਹੋਏ ਬਨਾਵਟੀ ਲੋਕ…ਦਿਨੇ ਰਾਤੀ ਬੱਸ ਇੱਕੋ ਸੋਚ ….ਹੋਰ ਪੈਸੇ ..ਹੋਰ ਕਾਰਾਂ ..ਵੱਡੇ ਘਰ….ਵੱਡਾ ਬੈਂਕ ਬੈਲੰਸ ….ਵੱਧ ਪਰਸੇਂਟੇਜ …ਵਧੀਆ ਕਾਲਜ ..ਵਧੀਆ ਜਿੰਦਗੀ ..ਮੁਨਾਫ਼ਾ …ਪ੍ਰੋਫਿਟ …ਆਰਾਮ ..ਇੱਜਤ ..ਅਸਰ ਰਸੂਖ ….ਵਧੀਆ ਸੁਖ ਸਹੂਲਤਾਂ ..ਤੇ ਸਰਕਾਰੇ-ਦਰਬਾਰੇ ਵਾਕਫ਼ੀਆਂ ! ਬਸ ਇਸੇ ਨਾ-ਮੁੱਕਣ ਵਾਲੀ ਭਟਕਣ ਵਿਚ ਗੁਆਚੇ ਹੋਏ ਅਸੀਂ ਲੋਕ ਆਪਣੇ ਅੰਦਰ ਮੌਜੂਦ "ਖੁਸ਼ੀਆਂ ਦੇ ਅਨੰਦਮਈ ਸਾਗਰ" ਨੂੰ ਨਜਰਅੰਦਾਜ ਕਰ ਬਾਹਰੀ ਤਿੱਖੀ ਧੁੱਪ ਵਿਚ ਖਲੋਤੇ ਪਾਣੀ ਦੇ ਟੈਂਕਰ ਨੂੰ ਉਡੀਕੀ ਜਾਂਦੇ ਹਾਂ !
ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਸੋਸ਼ਲ ਮੀਡੀਆ

Related Articles

Back to top button