Ferozepur News
ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਏ ਗਏ ਲਗਭਗ 300 ਬੂਟੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਲਗਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਪੌਦੇ
ਫ਼ਿਰੋਜ਼ਪੁਰ 04 ਜੁਲਾਈ 2018 (Manish Bawa ) ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਦੀ ਘਰ-ਘਰ ਹਰਿਆਲੀ ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੇ ਸਹਾਇਕ ਡਾਇਰੈਕਟਰ ਸ੍ਰ. ਗੁਰਕਰਨ ਸਿੰਘ ਰਨੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਲਗਭਗ 300 ਬੂਟੇ ਲਗਾਏ ਗਏ। ਇਸੇ ਲੜੀ ਤਹਿਤ ਸਰਕਾਰੀ ਆਈ.ਟੀ.ਆਈ.(ਲੜਕੇ) ਫ਼ਿਰੋਜ਼ਪੁਰ ਵਿੱਚ 100 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਕਾਲਜ ਦੇ ਮੁਖੀ ਕੈਪਟਨ ਤੇਜਿੰਦਰ ਸਿੰਘ ਵੀ ਹਾਜ਼ਰ ਸਨ।
ਸ੍ਰ. ਗੁਰਕਰਨ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ, ਕਾਲਜਾਂ, ਪਿੰਡਾਂ ਵਿੱਚ ਬੂਟਿਆਂ ਦੀ ਵੰਡ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਹੀ ਸਰਕਾਰੀ ਆਈ.ਟੀ.ਆਈ. ਲੜਕੇ ਵਿੱਚ ਬੂਟਿਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਪੌਦਿਆਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਸਾਡੇ ਵਾਤਾਵਰਨ ਦਾ ਸ਼ੁੱਧ ਅਤੇ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਜੋ ਪੌਦੇ ਲੱਗੇ ਹੋਏ ਹਨ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਅਤੇ ਨਵੇਂ ਪੌਦੇ ਲਗਾਏ ਜਾਣ।
ਸੰਸਥਾ ਦੇ ਮੁਖੀ ਕੈਪਟਨ ਤੇਜਿੰਦਰ ਸਿੰਘ ਜੀ ਨੇ ਦੱਸਿਆ ਕਿ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਅਤੇ ਆਪਣਾ ਵਾਤਾਵਰਨ ਸਾਫ਼ ਤਾਂ ਹੀ ਰਹਿ ਸਕਦਾ ਹੈ ਜੇਕਰ ਅਸੀਂ ਸਾਰੇ ਵੱਧ ਤੋਂ ਵੱਧ ਬੂਟੇ ਲਗਾਵਾਂਗੇ। ਇਸੇ ਲੜੀ ਨੂੰ ਅੱਗੇ ਚਲਾਉਂਦਿਆਂ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ),ਤਲਵੰਡੀ ਭਾਈ ਦੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਸ. ਸੰਤੋਖ ਸਿੰਘ ਵੱਲੋਂ 50 ਅਤੇ ਯੁਵਕ ਸੇਵਾਵਾਂ ਕਲੱਬ, ਲੌਹਕੇ ਕਲਾਂ ਵੱਲੋਂ 50 ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਸਰਕਾਰੀ ਸੀਨੀ.ਸੈਕੰਡਰੀ ਸਕੂਲ ਸਾਂਦੇ ਹਾਸ਼ਮ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਸ੍ਰੀ ਦਵਿੰਦਰ ਨਾਥ ਦੀ ਅਗਵਾਈ ਵਿੱਚ ਵਲੰਟੀਅਰਜ਼ ਨੇ 100 ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਅਤੇ ਸਕੂਲ ਦੀ ਯੂਨਿਟ ਵੱਲੋਂ 1000 ਬੂਟਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸੇ ਲੜੀ ਤਹਿਤ ਵੱਖ-ਵੱਖ ਯੁਵਕ ਸੇਵਾਵਾਂ ਕਲੱਬਾਂ, ਕਲੱਬ ਮੈਂਬਰਾਂ, ਗ੍ਰਾਮ ਪੰਚਾਇਤ ਅਤੇ ਪਟੇਲ ਨਗਰ ਦੇ ਪ੍ਰਧਾਨ ਸਤਨਾਮ ਸਿੰਘ ਵੱਲੋਂ ਘਰ-ਘਰ ਜਾ ਕੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪਿੰਡ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਮੌਕੇ ਤਰਸੇਮ ਸਿੰਘ, ਜਗਜੀਤ ਸਿੰਘ, ਸੁਖਦੀਪ ਸਿੰਘ, ਪ੍ਰਸ਼ੋਤਮ ਲਾਲ ਚਾਵਲਾ, ਰਜਿੰਦਰ ਸਿੰਘ ਸਮੇਤ ਸਮੂਹ ਸਟਾਫ ਸਰਕਾਰੀ ਆਈ.ਟੀ. ਆਈ.(ਲੜਕੇ), ਫ਼ਿਰੋਜ਼ਪੁਰ ਸਟਾਫ਼ ਅਤੇ ਸਿੱਖਿਆਰਥੀ ਵੀ ਹਾਜ਼ਰ ਸਨ।