Ferozepur News

ਮਿਸ਼ਨ ਤੰਦਰੁਸਤ ਪੰਜਾਬ ਦਾ ਅਸਰ; ਦੋਧੀ ਯੂਨੀਅਨ ਵੱਲੋਂ ਨਿਯਮਾਂ ਦੀ ਪਾਲਣਾ ਕਰਨ, ਸਾਥ ਦੇਣ ਦਾ ਵਾਅਦਾ, ਨਕਲੀ ਦੁੱਧ ਤੇ ਸਿਹਤ ਲਈ ਹਾਨੀਕਾਰਕ ਖਾਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਸਰਾਹਨਾਂ ਕੀਤੀ। ਵਪਾਰੀ ਵਰਗ,ਸੀਨੀਅਰ ਸਿਟੀਜ਼ਨ ਫੋਰਮ ਤੇ ਆਮ ਲੋਕਾਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਹਮਾਇਤ ਕਾਰੋਬਾਰੀਆਂ ਨੂੰ ਫਲਾਂ ਨੂੰ ਵਧੀਆ ਤਰੀਕੇ ਨਾਲ ਪਕਾਉਣ ਦੇ ਕੁਦਰਤੀ ਤਰੀਕੇ ਦੱਸੇ ਜਾਣਗੇ- ਡਿਪਟੀ ਕਮਿਸ਼ਨਰ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ

 ਫ਼ਿਰੋਜਪੁਰ 23 ਜੂਨ : Pankaj madan
 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਲਹਿਰ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੀ ਅਗਵਾਈ ਹੇਠ ਜੰਗੀ ਪੱਧਰ ਤੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ, ਚੈਕਿੰਗ ਦੇ ਵਧੀਆ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵੱਖ ਵੱਖ ਵਿਭਾਗਾਂ ਵੱਲੋਂ ਸ਼ੁਰੂ ਕੀਤੀ ਗਈ ਫਲਾਂ, ਸਬਜ਼ੀਆਂ, ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ,ਫ਼ੈਕਟਰੀਆਂ, ਹਲਵਾਈਆਂ ਦੀਆਂ ਦੁਕਾਨਾਂ ਆਦਿ ਦੀ ਚੈਕਿੰਗ ਨਾਲ ਨਕਲੀ, ਮਿਲਾਵਟੀ ਤੇ ਸਿਹਤ ਲਈ ਹਾਨੀਕਾਰਕ ਸਮਾਨ ਵੇਚਣ ਵਲਿਆਂ ਨੂੰ ਜਿੱਥੇ ਕਾਨੂੰਨੀ ਕਾਰਵਾਈ ਦਾ ਡਰ ਸਤਾ ਰਿਹਾ ਹੈ ਉੱਥੇ ਹੀ ਵਧੀਆ ਖਾਧ ਪਦਾਰਥ ਤੇ ਹੋਰ ਸਮਾਨ ਵਿਕਰੇਤਾਵਾਂ ਸਮੇਤ ਆਮ ਲੋਕਾਂ, ਖਪਤਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰ ਰਹੇ ਹਨ। 
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ  ਨੇ ਦੱਸਿਆ ਕਿ 5 ਜੂਨ ਨੂੰ ਸ਼ੁਰੂ ਹੋਏ ਮਿਸ਼ਨ ਤੰਦਰੁਸਤ ਪੰਜਾਬ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਦਿਨ ਪਹਿਲਾਂ ਜ਼ਿਲ੍ਹੇ ਦੇ ਫਲ ਵਿਕਰੇਤਾਵਾਂ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਕੈਮੀਕਲ ਨਾਲ ਪਕਾਏ ਫਲ, ਸਬਜ਼ੀਆਂ ਨਾ ਵੇਚਣ ਲਈ ਪ੍ਰੇਰਿਆ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਦੁਕਾਨਦਾਰ ਕੈਮੀਕਲ ਯੁਕਤ ਫਲ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। । ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾਕੇ ਪੂਰੇ ਜ਼ਿਲ੍ਹੇ ਵਿਚ ਫਲਾਂ, ਸਬਜ਼ੀਆਂ, ਖਾਧ ਪਦਾਰਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਸੈਂਪਲ ਲਏ ਜਾ ਰਹੇ ਹਨ। । ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਮਾਰੇ ਗਏ ਛਾਪਿਆਂ, ਲਏ ਗਏ ਨਮੂਨਿਆਂ ਅਤੇ ਡਿਫਾਲਟਰਾਂ ਵਿਰੁੱਧ  ਕਾਰਵਾਈ ਨੇ ਲੋੜੀਂਦੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਸਾਰਿਆਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਕੈਮੀਕਲ ਨਾਲ ਪਕਾਏ ਜਾਂਦੇ ਅਸੁਰੱਖਿਅਤ ਫਲ ਬਾਜ਼ਾਰ ਵਿੱਚ ਵੇਚਣ ਦੀ ਇਜਾਜ਼ਤ ਕਿਸੇ ਕੀਮਤ 'ਤੇ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਜਿਹੜੇ ਰਾਜਾਂ ਤੋਂ ਫਲ ਪੰਜਾਬ ਵਿਚ ਆਉਂਦੇ ਹਨ ਉਨ੍ਹਾਂ ਨੂੰ ਵੀ ਫਲ ਪਕਾਉਣ ਸਬੰਧੀ ਵਰਤੇ ਜਾਂਦੇ ਰਸਾਇਣਾਂ ਦੀ ਚੈਕਿੰਗ ਬਾਰੇ ਲਿਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਕਿਸੇ ਨੂੰ ਸਜ਼ਾ ਦੇਣਾ ਨਹੀਂ, ਸਗੋਂ ਸੋਚ ਵਿੱਚ ਤਬਦੀਲੀ ਲਿਆ ਕੇ ਉਸਾਰੂ ਤੇ ਵਧੀਆ ਬਣਾਉਣਾ ਹੈ ਤਾਂ ਜੋ ਲੋਕ ਇਸ ਮਿਸ਼ਨ ਦੀ ਹਮਾਇਤ ਲਈ ਦਿਲੋਂ ਤਿਆਰ ਹੋਣ।
         ਉਨ੍ਹਾਂ ਇਹ ਵੀ ਦੱਸਿਆ ਕਿ ਆਮ ਲੋਕ, ਸੀਨੀਅਰ ਸਿਟੀਜ਼ਨ, ਵਪਾਰੀ ਸਮੇਤ ਹਰ ਵਰਗ ਇਸ ਮਿਸ਼ਨ ਦੀ ਹਮਾਇਤ ਕਰ ਵੀ ਰਹੇ ਹਨ। ਉਨ੍ਹਾਂ ਦੱਸਿਆਂ ਕਿ ਜ਼ੀਰਾ ਸਬ ਡਵੀਜਨ ਦੀ ਦੋਧੀ ਯੂਨੀਅਨ ਨੇ ਪ੍ਰਧਾਨ ਹਰੀਸ਼ ਤਾਂਗਰਾ ਦੀ ਅਗਵਾਈ ਵਿਚ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ ਯੂਨੀਅਨ ਮਿਲਾਵਟ ਖੋਰਾਂ ਦੀ ਸਾਥ ਨਹੀਂ ਦੇਵੇਗੀ , ਸਗੋਂ ਬਾਜ਼ਾਰ ਵਿਚ ਵੀ ਉਹੀ ਖਰਾ ਦੁੱਧ ਵੇਚਣਗੇ ਜੋ ਉਹ ਆਪਣੇ ਘਰਾਂ ਵਿਚ ਪੀਂਦੇ ਹਨ। ਉਨ੍ਹਾਂ ਕਿਹਾ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਲਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਕਿਉਂਕਿ ਇਹ ਪੰਜਾਬ ਦੇ ਭਵਿੱਖ ਦਾ ਸਵਾਲ ਹੈ।
       ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਪਾਰੀਆਂ ਦੀ ਬੇਨਤੀ 'ਤੇ ਗ਼ੌਰ ਕਰਦਿਆਂ ਰਾਜ ਦੀਆਂ ਸਾਰੀਆਂ ਮੁੱਖ ਮੰਡੀਆਂ ਵਿੱਚ ਕੁਦਰਤੀ ਤਰੀਕੇ ਨਾਲ ਫਲ ਪਕਾਉਣ ਸਬੰਧੀ ਫ਼ੌਰੀ ਤੌਰ 'ਤੇ ਸਿਖਲਾਈ ਦੇਣ ਲਈ ਵਰਕਸ਼ਾਪਾਂ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਸਬੰਧੀ ਭਾਸ਼ਣਾਂ ਦੀਆਂ ਸੀ.ਡੀਜ਼ ਤਿਆਰ ਕਰਵਾਈਆਂ ਗਈਆਂ ਹਨ, ਜੋ ਛੋਟੀਆਂ ਮੰਡੀਆਂ ਤੇ ਬਾਜ਼ਾਰ ਵਿੱਚ ਭੇਜੀਆਂ ਜਾਣਗੀਆਂ ਤਾਂ ਕਿ ਕਾਰੋਬਾਰੀਆਂ ਨੂੰ ਫਲਾਂ ਨੂੰ ਵਧੀਆ ਤਰੀਕੇ ਨਾਲ ਪਕਾਉਣ ਦੇ ਕੁਦਰਤੀ ਤਰੀਕੇ ਦੱਸੇ ਜਾਣ। ਇਸ ਮਕਸਦ ਦੀ ਪੂਰਤੀ ਲਈ ਪੰਜਾਬ ਬਾਗ਼ਬਾਨੀ ਪੋਸਟ-ਹਾਰਵੈਸਟ ਤਕਨੀਕੀ ਕੇਂਦਰ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ, ਜੋ ਸਬੰਧਤ ਜ਼ਿਲ੍ਹਾ ਮੰਡੀ ਅਫ਼ਸਰਾਂ ਨਾਲ ਮਿਲ ਕੇ ਸਿਖਲਾਈ ਸ਼ੁਰੂ ਕਰਨਗੇ। 
       ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ ਇੱਕ ਮਿਸ਼ਨਰੀ ਮੁਹਿੰਮ ਵਜੋਂ ਚਲਾਇਆ ਜਾ ਰਿਹਾ ਹੈ ਅਤੇ ਜੇ ਕੋਈ ਵੀ ਅਫ਼ਸਰ ਆਪਣੀ ਡਿਊਟੀ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਕਿਸੇ ਨੂੰ ਵੀ ਇਸ ਮਿਸ਼ਨ ਦੀ ਰਾਹ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ।

Related Articles

Back to top button