Ferozepur News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜ਼ੀਰੋ ਵੇਸਟ (ਗਾਰਬੇਜ਼ ਫ਼ਰੀ) ਕੰਪਲੈਕਸ ਬਣਾਇਆ ਜਾਵੇਗਾ – ਡਿਪਟੀ ਕਮਿਸ਼ਨਰ ਰਹਿੰਦ-ਖੂੰਹਦ ਤੋਂ ਦੇਸੀ ਖਾਦ ਤਿਆਰ ਕੀਤੀ ਜਾਵੇਗੀ ਅਤੇ ਪੇਪਰ, ਗੱਤਾ, ਪਲਾਸਟਿਕ ਆਦਿ ਨੂੰ ਮੁੜ ਵਰਤੋਂ ਚ ਲਿਆਂਦਾ ਜਾਵੇਗਾ

ਫ਼ਿਰੋਜ਼ਪੁਰ 15 ਜੂਨ 2018 (Pankaj Madan ) ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ  ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜ਼ੀਰੋ ਵੈਸਟ (ਕੂੜਾ ਕਰਕਟ ਮੁਕਤ ) ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨ ਸ੍ਰੀ ਰਾਮਵੀਰ ਆਈ.ਏ.ਐਸ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪ੍ਰਾਜੈਕਟ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। 
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਪਹਿਲੇ ਹਫਤੇ ਦੌਰਾਨ ਕੰਪਲੈਕਸ ਦੀ  ਬੇਸਮੈਂਟ ਤੋਂ ਲੈ ਕੇ ਛੱਤ ਤੱਕ ਪੂਰਨ ਰੂਪ ਵਿਚ ਸਫ਼ਾਈ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਕੰਪਲੈਕਸ ਅੰਦਰ ਕੂੜੇਦਾਨਾਂ, ਸਫ਼ਾਈ ਸੇਵਕਾਂ, ਸੇਵਾਦਾਰਾਂ, ਮਾਲੀਆਂ ਅਤੇ ਮਿਸ਼ਨ ਨਾਲ  ਸਬੰਧਤ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਲੈਕਸ ਦੇ ਬਾਹਰ ਬਣੇ ਗ੍ਰੀਨ ਬੈਲਟ ਅੰਦਰ 3 ਜੈਵਿਕ ਖਾਦ ਬਣਾਉਣ ਲਈ ਕੰਪੋਸਟ ਪਿੱਟ ਤਿਆਰ ਕੀਤੇ ਜਾਣਗੇ, ਉਸ ਉਪਰੰਤ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 
ਉਨ੍ਹਾਂ ਸਮੂਹ ਸਫ਼ਾਈ ਸੇਵਕਾਂ ਅਤੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਕੂੜੇ ਨੂੰ ਅੱਗ ਨਹੀਂ ਲਗਾਏਗਾ ਅਤੇ ਕੂੜੇ ਕਰਕਟ ਨੂੰ ਬੇਸਮੈਂਟ, ਪਾਰਕ ਆਦਿ ਥਾਵਾਂ ਤੇ ਸੁੱਟਣ ਤੇ ਸਖ਼ਤ ਮਨਾਹੀ ਹੈ। ਕੰਪਲੈਕਸ ਅੰਦਰ ਇੱਕ ਗਾਰਬੇਜ਼ ਕੁਲੈਕਸ਼ਨ ਪੁਆਇੰਟ ਨਿਰਧਾਰਿਤ ਕੀਤਾ ਜਾਵੇਗਾ, ਜਿਸ ਵਿਚ ਸਿਰਫ਼ ਸੁੱਕਾ ਕੂੜਾ ਜਿਵੇਂ ਕਿ ਪੇਪਰ, ਪਲਾਸਟਿਕ, ਗੱਤਾ, ਲੋਹਾ ਆਦਿ ਹੀ ਹੋਵੇਗਾ। ਇਸ ਗਾਰਬੇਜ਼ ਕਲੈਕਸ਼ਨ ਪੁਆਇੰਟ ਤੇ ਮੁੜ ਵਰਤੋਂ ਵਾਲੇ ਸਮਾਨ ਨੂੰ ਵੱਖਰਾ ਕੀਤਾ ਜਾਵੇਗਾ। ਪੂਰੇ ਕੰਪਲੈਕਸ ਵਿਚੋਂ ਨਿਕਲੇ ਗਿੱਲੇ ਕੂੜੇ ਜਿਵੇਂ ਕਿ ਬਚਿਆ ਹੋਇਆ ਖਾਣਾ, ਚਾਹ ਪੱਤੀ, ਸਬਜ਼ੀਆਂ/ਫਲਾਂ ਦੇ ਛਿਲਕੇ ਆਦਿ ਗਲਣਸ਼ੀਲ ਪਦਾਰਥਾਂ ਨੂੰ ਕੰਪਲੈਕਸ ਦੇ ਬਾਹਰ ਬਣੇ ਪਾਰਕ ਅੰਦਰ ਬਣਾਏ ਜਾਣ ਵਾਲੇ ਕੰਪੋਸਟ ਪਿੱਟਾਂ ਅੰਦਰ ਜੈਵਿਕ ਖਾਦ ਬਣਾਉਣ ਲਈ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਲੈਕਸ ਦੇ ਹਰ ਕੋਨੇ ਦੀ ਸਫ਼ਾਈ ਕਰਦੇ ਹੋਏ ਮਿੱਟੀ ਕੂੜਾ ਕਰਕਟ ਨੂੰ ਤੁਰੰਤ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕੰਪਲੈਕਸ ਦੀ ਰੋਜ਼ਾਨਾ ਦੀ ਸਫ਼ਾਈ ਤੇ ਨਿਗਰਾਨੀ ਲਈ ਇੱਕ ਕਰਮਚਾਰੀ ਦੀ ਪੱਕੇ ਤੌਰ ਤੇ ਡਿਊਟੀ ਲਗਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੰਪਲੈਕਸ ਵਿਚ ਲੱਗੇ ਬੂਟਿਆਂ ਦੀ ਵੀ ਪੂਰੀ ਸਾਂਭ-ਸੰਭਾਲ  ਕੀਤੀ ਜਾਵੇਗੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜ਼ੀਰੋ ਵੇਸਟ ਕੂੜਾ ਕਰਕਟ ਫ਼ਰੀ ਕੰਪਲੈਕਸ ਬਣਾਉਣ ਲਈ ਸ਼੍ਰੀ ਕੇਸ਼ਵ ਗੋਇਲ ਸਹਾਇਕ ਕਮਿਸ਼ਨਰ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਸਮੂਹ ਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਆਪਣੇ ਆਲੇ-ਦੁਆਲੇ ਸਮੇਤ ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। 
ਇਸ ਮੌਕੇ ਸ੍ਰ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.), ਸ਼੍ਰੀ ਕੇਸ਼ਵ ਗੋਇਲ ਸਹਾਇਕ ਕਮਿਸ਼ਨਰ (ਸ਼ਕਾਇਤਾਂ), ਸ਼੍ਰੀ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.), ਸ੍ਰ; ਮਨਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਐਸ.ਕੇ ਭੋਰੀਵਾਲ ਸਹਾਇਕ ਕਿਰਤ ਕਮਿਸ਼ਨਰ, ਸ੍ਰ; ਸੁਖਵਿੰਦਰ ਸਿੰਘ ਡਿਪਟੀ ਡੀ.ਈ.ਓ ਪ੍ਰਾਇਮਰੀ, ਸ਼੍ਰੀ ਅਸ਼ੋਕ ਬਹਿਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ, ਸ੍ਰ: ਸੁਖਪਾਲ ਸਿੰਘ ਇੰਸਪੈਕਟਰ ਨਗਰ ਕੌਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Related Articles

Back to top button