ਮਾਮੂਲੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ 2 ਨੌਜਵਾਨਾਂ ਦੀ ਮੌਤ ; 2 ਜਖ਼ਮੀ
ਗੁਰੂਹਰਸਹਾਏ, 17 ਜੁਲਾਈ (ਪਰਮਪਾਲ ਗੁਲਾਟੀ)- ਸਰਹੱਦੀ ਪਿੰਡ ਪਾਲੇ ਚੱਕ ਵਿਚ ਦੋ ਧਿਰਾਂ ਦਰਮਿਆਨ ਮਾਮੂਲੀ ਵਿਵਾਦ ਦੀ ਚਿੰਗਾਰੀ ਜਦੋਂ ਭਾਂਬੜ ਦਾ ਰੂਪ ਧਾਰਨ ਕਰ ਗਈ ਤਾਂ ਦੋ ਘਰਾਂ ਦੇ ਨੌਜਵਾਨ ਪੁੱਤ ਇਸ ਦਾ ਸ਼ਿਕਾਰ ਹੋ ਕੇ ਮਾਰੇ ਗਏ, ਜਦਕਿ ਦੋ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਾਲੇ ਚੱਕ ਦੇ ਵਾਸੀ ਦੋ ਧਿਰਾਂ ਦੇ ਨੌਜਵਾਨਾਂ ਦਰਮਿਆਨ ਬੀਤੇ ਦਿਨ ਨੇੜਲੇ ਪਿੰਡ ਵਿਚ ਮੇਲੇ ਤੋਂ ਵਾਪਸ ਪਰਤਦਿਆਂ ਫੋਨ ਕੀਤੇ ਜਾਣ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਜਿਸ ਤੋਂ ਬਾਅਦ ਇਹ ਗੱਲ ਨੌਜਵਾਨਾਂ ਦੇ ਪਰਿਵਾਰ ਵਿਚ ਜਾ ਪੁੱਜੀ। ਜਿਸ 'ਤੇ ਦੋਹਾਂ ਧਿਰਾਂ ਦੇ ਪਰਿਵਾਰਾਂ ਵਿਚ ਬੀਤੀ ਰਾਤ ਕਰੀਬ 8 ਵਜੇ ਮੁੜ ਝਗੜਾ ਹੋ ਗਿਆ ਅਤੇ ਹੋਈ ਹੱਥੋਪਾਈ ਵਿਚ ਤਿੰਨ ਔਰਤਾਂ ਜਸਪਾਲ ਕੌਰ ਪਤਨੀ ਜੰਗ ਸਿੰਘ, ਸਤਨਾਮ ਕੌਰ ਪਤਨੀ ਬਲਕਾਰ ਸਿੰਘ, ਜਸਬੀਰ ਕੌਰ ਪਤਨੀ ਬਗੀਚਾ ਸਿੰਘ ਸਮੇਤ ਕੁਝ ਹੋਰ ਜਖ਼ਮੀ ਹੋਈ, ਜਿਨ•ਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਕੁਝ ਲੋਕ ਇਹ ਮਾਮਲਾ ਪੰਚਾਇਤੀ ਤਰੀਕੇ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਨੌਜਵਾਨ ਇਸ ਰੌਲੇ ਨੂੰ ਆਪਣੀ ਇੱਜਤ ਦਾ ਸਵਾਲ ਹੋਣਾ ਕਰਾਰ ਦੇ ਕੇ ਨਿੱਬੜ ਲੈਣ ਦੀਆਂ ਗੱਲਾਂ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਨਛੱਤਰ ਸਿੰਘ ਪੁੱਤਰ ਹਰਦੀਪ ਸਿੰਘ ਧਿਰ ਵਲੋਂ ਖੇਤਾਂ ਵਿਚ ਜਾ ਕੇ ਕੀਤੀ ਗਈ ਫਾਇਰਿੰਗ ਵਿਚ ਇੱਕੋ ਧਿਰ ਦੇ ਦੋ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ (22 ਸਾਲ) ਅਤੇ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ (23 ਸਾਲ) ਵਾਸੀ ਪਾਲੇ ਚੱਕ ਘਟਨਾ ਸਥਾਨ 'ਤੇ ਹੀ ਮਾਰੇ ਗਏ, ਜਦਕਿ ਪਿੰਡ ਨਿੱਝਰ ਨਿਵਾਸੀ ਹਰਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ, ਗੁਰਜਿੰਦਰ ਸਿੰਘ ਜ਼ਖਮੀ ਹੋ ਗਿਆ। ਜਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਮਾਰੇ ਗਏ ਦੋਵੇਂ ਨੋਜਵਾਨ ਚਾਚੇ-ਤਾਏ ਦੇ ਪੁੱਤਰ ਸਨ। ਉਧਰ ਥਾਣਾ ਗੁਰੂਹਰਸਹਾਏ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।