Ferozepur News
ਮਾਮਲਾ ਸਾਢੇ ਚਾਰ ਕਿੱਲੇ ਜ਼ਮੀਨ ਵਿਚੋਂ ਹਿੱਸਾ ਲੈਣ ਲਈ ਭਰਾ ਤੇ ਭੈਣ ਕਰ ਰਹੇ ਵੱਲੋਂ ਪਰੇਸ਼ਾਨ ਦਾ
ਹਲਕਾ ਵਿਧਾਇਕ ਰਜਨੀਸ਼ ਦਹਿਆ ਤੇ ਵੀ ਲੱਗੇ ਗੰਭੀਰ ਦੋਸ਼

ਪਿਉ-ਪੁੱਤ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ।
ਮਾਮਲਾ ਸਾਢੇ ਚਾਰ ਕਿੱਲੇ ਜ਼ਮੀਨ ਵਿਚੋਂ ਹਿੱਸਾ ਲੈਣ ਲਈ ਭਰਾ ਤੇ ਭੈਣ ਕਰ ਰਹੇ ਵੱਲੋਂ ਪਰੇਸ਼ਾਨ ਦਾ
ਹਲਕਾ ਵਿਧਾਇਕ ਰਜਨੀਸ਼ ਦਹਿਆ ਤੇ ਵੀ ਲੱਗੇ ਗੰਭੀਰ ਦੋਸ਼।
ਪੁਲਿਸ ਇਨਸਾਫ ਦੇਣ ਦੀ ਬਜਾਏ ਇਰਾਦਾ ਕਤਲ ਮਾਮਲੇ ਚ ਫਸਾ ਕੇ ਕਰ ਰਹੀ ਹੈ ਪ੍ਰੇਸ਼ਾਨ।
ਦਿਹਾਤੀ ਹਲਕੇ ’ਚ ਪੈਂਦੇ ਪਿੰਡ ਸੋਢੀ ਨਗਰ ਦੇ ਸੱਤਰ ਸਾਲਾ ਬਜ਼ੁਰਗ ਅਤੇ ਉਸਦੇ ਪੁੱਤਰ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਕਰਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਬਜ਼ੁਰਗ ਪਿਉ ਦਾ ਦੋਸ਼ ਹੈ ਕਿ ਉਸਦਾ ਮਤਰੇਆ ਭਰਾ ਤੇ ਸਕੀ ਭੈਣ ਉਸਦੀ ਸਾਢੇ ਚਾਰ ਏਕੜ ਜ਼ਮੀਨ ਵਿਚੋਂ ਹਿੱਸਾ ਲੈਣ ਲਈ ਉਸਨੂੰ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਪਰੇਸ਼ਾਨ ਕਰ ਰਹੇ ਹਨ,ਤੇ ਉਹਨਾਂ ਦੀ ਮਦਦ ਹਲਕਾ ਵਿਧਾਇਕ ਰਜਨੀਸ਼ ਦਹਿਆ ਵੱਲੋਂ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਮਜਬੂਰ ਹੋ ਕੇ ਆਤਮ ਹੱਤਿਆ ਕਰ ਲੈਣਗੇ।
ਜ਼ਿੰਦਗੀ ਦੇ ਸੱਤ ਦਹਾਕੇ ਪਾਰ ਕਰ ਚੁੱਕਾ ਸਾਧੂ ਸਿੰਘ ਆਪਣੀ ਸਾਢੇ ਚਾਰ ਕਿੱਲੇ ਜ਼ਮੀਨ ਬਚਾਉਣ ਲਈ ਕਾਨੂੰਨੀ ਚਾਰਾਜੋਈ ਕਰ ਰਿਹਾ ਹੈ। ਹਾਈਕੋਰਟ ਵੱਲੋਂ ਇਸ ਜ਼ਮੀਨ ਤੇ ਸਟੇਅ ਦਿੱਤਾ ਜਾ ਚੁੱਕਾ ਹੈ। ਪਿਛਲੇ ਪੈਂਤੀ ਵਰਿ੍ਹਆਂ ਤੋਂ ਇਸ ਜ਼ਮੀਨ ਦੀ ਕਮਾਈ ਦੇ ਸਿਰ ਤੇ ਸਾਧੂ ਸਿੰਘ ਦੇ ਪਰਿਵਾਰ ਦੇ ਸੱਤ ਜੀਅ ਆਪਣੀ ਜ਼ਿੰਦਗੀ ਕੱਟ ਰਹੇ ਹਨ। ਸਾਧੂ ਸਿੰਘ ਦਾ ਭਰਾ ਕੇਵਲ ਸਿੰਘ ਅਤੇ ਭੈਣ ਜੋਗਿੰਦਰ ਕੌਰ ਇਸ ਜ਼ਮੀਨ ਵਿਚੋਂ ਆਪਣਾ ਹਿੱਸਾ ਲੈਣ ਲਈ ਸਾਲ 1996 ਤੋਂ ਕਾਨੂੰਨੀ ਲੜਾਈ ਲੜ ਰਹੇ ਹਨ। ਸਾਧੂ ਸਿੰਘ ਹੇਠਲੀਆਂ ਦੋ ਅਦਾਲਤਾਂ ਵਿਚੋਂ ਕੇਸ ਜਿੱਤਣ ਤੋਂ ਬਾਅਦ ਸੈਸ਼ਨ ਕੋਰਟ ਵਿਚੋਂ ਕੇਸ ਹਾਰ ਚੁੱਕਾ ਹੈ। ਹੁਣ ਹਾਈਕੋਰਟ ਨੇ ਇਸ ਜ਼ਮੀਨ ਤੇ ਸਟੇਅ ਆਰਡਰ ਜਾਰੀ ਕੀਤਾ ਹੋਇਆ ਹੈ। ਜ਼ਮੀਨ ਸਾਧੂ ਸਿੰਘ ਦੇ ਕਬਜੇ ਵਿਚ ਹੈ,ਪਰ ਉਥੇ ਲੱਗਾ ਝੋਨਾ ਅਜੇ ਤੱਕ ਵਿਰੋਧੀ ਧਿਰ ਨੇ ਉਸਨੂੰ ਵੱਢਣ ਨਹੀਂ ਦਿੱਤਾ।
ਸਾਧੂ ਸਿੰਘ ਦਾ ਦੋਸ਼ ਹੈ ਕਿ ਵਿਰੋਧੀ ਧਿਰ ਹੁਣ ਪੁਲੀਸ ਪ੍ਰਸ਼ਾਸਨ ਤੇ ਰਾਜਨੀਤਕ ਦਬਾਅ ਬਣਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਲੰਘੀ ਤੀਹ ਅਕਤੂਬਰ ਨੂੰ ਸਾਧੂ ਸਿੰਘ ਅਤੇ ਸਵਰਨ ਸਿੰਘ ਸਮੇਤ ਚਾਰ ਜਣਿਆਂ ਖ਼ਿਲਾਫ਼ ਥਾਣਾ ਘੱਲ ਖੁਰਦ ਵਿਚ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਵੇਂ ਪਿਉ-ਪੁੱਤ ਇਸ ਮੁਕੱਦਮੇ ਨੂੰ ਝੂਠਾ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਕੱਦਮਾ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਫ਼ਸਾਉਣ ਵਾਸਤੇ ਜ਼ਮੀਨ ਵਿਚੋਂ ਜਬਰੀ ਹਿੱਸਾ ਲੈਣ ਵਾਸਤੇ ਦਰਜ ਕਰਵਾਇਆ ਗਿਆ ਹੈ। ਪਰਚਾ ਕੈਂਸਲ ਕਰਵਾਉਣ ਲਈ ਉਹ ਡੇਢ ਮਹੀਨੇ ਤੋਂ ਪੁਲੀਸ ਅਫ਼ਸਰਾਂ ਦੇ ਚੱਕਰ ਕੱਟ ਰਹੇ ਹਨ,ਪਰ ਕਿਧਰੇ ਵੀ ਇਸ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਭੇਜੀਆਂ ਦਰਖ਼ਾਸਤਾਂ ਦਾ ਵੀ ਅਜੇ ਤੱਕ ਕੋਈ ਅਸਰ ਨਹੀਂ ਹੋਇਆ।
ਐਸਐਸਪੀ ਵੱਲੋਂ ਪਹਿਲਾਂ ਇਸ ਮਾਮਲੇ ਦੀ ਪੜਤਾਲ ਐਸਪੀ ਰੈਂਕ ਦੇ ਇੱਕ ਅਧਿਕਾਰੀ ਨੂੰ ਸੌਂਪੀ ਗਈ ਸੀ, ਪਰ ਮਗਰੋਂ ਸਿਆਸੀ ਦਬਾਅ ਪੈਣ ਤੇ ਇਹ ਜਾਂਚ ਡੀਐਸਪੀ ਦਿਹਾਤੀ ਦੇ ਸਪੁਰਦ ਕਰ ਦਿੱਤੀ ਗਈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਅਜੇ ਮੁਕੰਮਲ ਨਹੀਂ ਹੋਈ। ਪੀੜਤ ਪਰਿਵਾਰ ਨੂੰ ਸਥਾਨਕ ਪੁਲੀਸ ਵੱਲੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਪਰਿਵਾਰ ਨੇ ਆਈਜੀ ਨਾਲ ਮੁਲਾਕਾਤ ਕਰਕੇ ਇਹ ਜਾਂਚ ਦੂਜੇ ਜ਼ਿਲ੍ਹੇ ਦੇ ਕਿਸੇ ਉਚ ਅਧਿਕਾਰੀ ਨੂੰ ਭੇਜੇ ਜਾਣ ਦੀ ਮੰਗ ਕੀਤੀ ਸੀ,ਪਰ ਉਹ ਵੀ ਪੂਰੀ ਨਹੀਂ ਹੋਈ।
ਪੁਲੀਸ ਪ੍ਰਸ਼ਾਸਨ ਦੇ ਨਕਾਰਾਤਮਕ ਰਵੱਈਏ ਤੋਂ ਪਰੇਸ਼ਾਨ ਹੋ ਕੇ ਪੀੜਤ ਪਰਿਵਾਰ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ,ਤੇ ਹੁਣ ਪਿਉ-ਪੁੱਤ ਨੇ ਆਤਮ ਹੱਤਿਆ ਦੀ ਧਮਕੀ ਦੇ ਦਿੱਤੀ ਹੈ। ਇਸ ਸਬੰਧੀ ਜਦ ਹਲਕਾ ਵਿਧਾਇਕ ਰਜਨੀਸ਼ ਦਹਿਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਅਤੇ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਉਹ ਮੇਰੇ ਕੋਲ ਆਉਣ ਅਤੇ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਪੀੜਤਾਂ ਦੀ ਮਦਦ ਕਰਨਗੇ।ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਨਾ ਹੋ ਸਕੀ।