Ferozepur News

ਭਗਤ ਪੂਰਨ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼। (5ਅਗਸਤ) – ਡਾ ਸਤਿੰਦਰ ਸਿੰਘ

ਬੇ ਆਸਰੇ ਲੋਕਾਂ ਅਤੇ ਵਾਤਾਵਰਣ ਨੂੰ ਸਮਰਪਿਤ ਸ਼ਖ਼ਸੀਅਤ ਭਗਤ ਪੂਰਨ ਸਿੰਘ

ਭਗਤ ਪੂਰਨ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼। (5ਅਗਸਤ)

ਬੇ ਆਸਰੇ ਲੋਕਾਂ ਅਤੇ ਵਾਤਾਵਰਣ ਨੂੰ ਸਮਰਪਿਤ ਸ਼ਖ਼ਸੀਅਤ ਭਗਤ ਪੂਰਨ ਸਿੰਘਭਗਤ ਪੂਰਨ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼। (5ਅਗਸਤ) - ਡਾ ਸਤਿੰਦਰ ਸਿੰਘ

ਇਨਸਾਨੀਅਤ ਦੀ ਸੇਵਾ ਨੂੰ ਸਰਵ ਉੱਤਮ ਸੇਵਾ ਸਮਝ ਕੇ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ, ਜਿਹਨਾਂ ਦਾ ਜਨਮ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਪਿਤਾ ਭਾਈ ਛਿਬੁ ਮੱਲ ਦੇ ਘਰ 04 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਹਣੋ ਵਿਖੇ ਹੋਇਆ। ਪੂਰਾ ਜੀਵਨ ਮਾਨਵਤਾ ਦੇ ਲੇਖੇ ਲਾਉਣ ਵਾਲੇ ਭਗਤ ਜੀ ਨੂੰ ਬੇ ਆਸਰੇ, ਅਪਾਹਜ ਅਤੇ ਰੋਗੀਆਂ ਦਾ ਮਸੀਹਾ ਅਤੇ ਮਹਾਨ ਕੁਦਰਤ ਪ੍ਰੇਮੀ ਕਿਹਾ ਜਾਂਦਾ ਹੈ। ਮਾਨਵਤਾ ਦੀ ਸੇਵਾ ਦੀ ਗੁੜ੍ਹਤੀ ਇਨ੍ਹਾਂ ਮਾਂ ਦੀ ਗੋਦ ਵਿੱਚੋਂ ਹੀ ਲਈ, ਇਹਨਾਂ ਦੀ ਮਾਤਾ ਧਾਰਮਿਕ ਖਿਆਲਾਂ ਦੇ ਹੋਣ ਕਾਰਨ ਉਹਨਾਂ ਨੇ ਮਹਾਪੁਰਸ਼ਾ ਅਤੇ ਮਹਾਨ ਲੋਕਾਂ ਦੀਆਂ ਜੀਵਨੀਆਂ ਅਤੇ ਸਾਖੀਆਂ ਸੁਣਾ ਕੇ ਇਹਨਾਂ ਦੀ ਸ਼ਖ਼ਸੀਅਤ ਅਤੇ ਚਰਿੱਤਰ ਦਾ ਨਿਰਮਾਣ ਕੀਤਾ। 1904 ਵਿੱਚ ਇਨ੍ਹਾਂ ਦੇ ਜਨਮ ਤੋਂ ਥੋੜੀ ਦੇਰ ਬਾਅਦ ਦੇਸ਼ ਵਿੱਚ ਪਲੇਗ ਫੈਲੀ ਤਾਂ ਇਹਨਾਂ ਦੇ ਮਾਤਾ-ਪਿਤਾ ਨੇ ਇਹਨਾਂ ਨੂੰ ਗੋਦੀ ਵਿੱਚ ਚੁੱਕ ਕੇ ਹੀ ਪਲੇਗ ਪ੍ਰਭਾਵਿਤ ਲੋਕਾਂ ਦੀ ਸੇਵਾ ਕੀਤੀ। 1913 ਈਸਵੀ ਵਿੱਚ ਜਦੋਂ ਅਕਾਲ ਪਿਆ ਤਾਂ ਇਨ੍ਹਾਂ ਦੇ ਪਿਤਾ ਜੋ ਕਿੱਤੇ ਵਜੋਂ ਸ਼ਾਹੂਕਾਰ ਸੀ, ਉਨ੍ਹਾਂ ਨੇ ਲੋਕਾਂ ਨੂੰ ਭਾਰੀ ਮਾਤਰਾ ਵਿੱਚ ਖਾਣ-ਪੀਣ ਦਾ ਸਮਾਨ ਵੰਡ ਕੇ ਸਮਾਜ ਦੀ ਸੇਵਾ ਦੀ ਉਦਾਹਰਨ ਪੇਸ਼ ਕੀਤੀ। ਭਗਤ ਜੀ ਅਕਸਰ ਕਿਹਾ ਕਰਦੇ ਸੀ ਕਿ ਬਚਪਨ ਵਿੱਚ ਮੇਰੀ ਮਾਂ ਪਸ਼ੂਆਂ ਨੂੰ ਪਾਣੀ ਪਿਲਾਉਣ, ਰੁੱਖ ਲਗਾਉਣ, ਨਵੇਂ ਲੱਗੇ ਰੁੱਖਾਂ ਨੂੰ ਪਾਣੀ ਪਾਉਣ, ਪੰਛੀਆਂ ਲਈ ਚੋਗਾ ਪਾਉਣ ਅਤੇ ਸੜਕਾਂ ਤੇ ਪਏ ਕੰਡੇ ਅਤੇ ਰੋੜਾ ਵੱਟੇ ਚੁੱਕਣ ਦਾ ਕੰਮ ਕਰਨ ਲਈ ਉਪਦੇਸ਼ ਦਿੰਦੇ । ਅਜਿਹੇ ਕੰਮਾਂ ਨੂੰ ਦੇਖ ਕੇ ਭਗਤ ਜੀ ਨੇ ਆਪਣੇ ਜੀਵਨ ਵਿਚ ਸਮਾਜ ਭਲਾਈ ਦਾ ਪਿੰਗਲਵਾੜਾ ਸੰਸਥਾ ਦੇ ਰੂਪ ਵਿੱਚ ਅਜਿਹਾ ਬੂਟਾ ਲਾਇਆ, ਜੋ ਅੱਜ ਸਮੁੱਚੀ ਮਾਨਵਤਾ ਲਈ ਜਿਥੇ ਪ੍ਰੇਰਨਾ ਸਰੋਤ ਹੈ, ਉਥੇ ਹਜ਼ਾਰਾਂ ਬੇ ਆਸਰੇ ਲੋਕਾਂ ਦੇ ਲਈ ਆਸਰਾ ਬਣਿਆ ਹੋਇਆ ਹੈ।
1913 ਈਸਵੀ ਦੇ ਅਕਾਲ ਤੋਂ ਬਾਅਦ ਇਨ੍ਹਾਂ ਦੇ ਪਰਿਵਾਰ ਦਾ ਸ਼ਾਹੂਕਾਰ ਦਾ ਕਾਰੋਬਾਰ ਬੰਦ ਹੋ ਗਿਆ। ਪਿਤਾ ਜੀ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋ ਗਈ। ਪ੍ਰੰਤੂ ਮਾਤਾ ਜੀ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਕਠਿਨ ਹਲਾਤਾਂ ਵਿੱਚ ਵੀ ਭਗਤ ਜੀ ਦੀ 10ਵੀਂ ਜਮਾਤ ਤੱਕ ਦੀ ਪੜ੍ਹਾਈ ਜਾਰੀ ਰੱਖੀ।
ਖੰਨਾ ਦੇ ਨਜ਼ਦੀਕ ਗੁਰੂਦਵਾਰਾ ਰੇਰੂ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਸੇਵਾ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦਾ ਝੁਕਾਅ ਸਿੱਖ ਧਰਮ ਵੱਲ ਹੋ ਗਿਆ।
ਖੰਨਾ ਤੋਂ ਲਾਹੌਰ ਪਹੁੰਚ ਕੇ ਭਗਤ ਜੀ ਨੇ 1924 ਵਿਚ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਅਨੇਕਾਂ ਪ੍ਰਕਾਰ ਦੀ ਸੇਵਾ ਅਰੰਭ ਕਰ ਦਿੱਤੀ। ਦਿਨ ਦਾ ਸਮਾਂ ਲਾਇਬ੍ਰੇਰੀਆਂ ਦੀ ਪੜ੍ਹਾਈ ਵਿੱਚ ਵੀ ਲਗਾਉਣ ਲੱਗ ਪਏ ਅਤੇ ਉਨ੍ਹਾਂ ਨੇ ਇਥੇ ਹੀ ਦੇਸ਼ ਅਤੇ ਸੰਸਾਰ ਦੀਆਂ ਚਿੰਤਾਜਨਕ ਸਮੱਸਿਆਵਾਂ ਦਾ ਵੱਧ ਤੋਂ ਵੱਧ ਗਿਆਨ ਪ੍ਰਾਪਤ ਕੀਤਾ ਅਤੇ ਗਿਆਨ ਦਾ ਪ੍ਰਚਾਰ ਕਰਨ ਦੀ ਭਾਵਨਾ ਲੈ ਕੇ ਪੂਰਾ ਜੀਵਨ ਜਾਗਰੂਕਤਾ ਅਤੇ ਗਿਆਨ ਪ੍ਰਸਾਰ ਲਈ ਅਰਪਣ ਕਰ ਦਿੱਤਾ। 23 ਜੂਨ 1930 ਨੂੰ ਇਹਨਾਂ ਦੇ ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਪੂਰਾ ਸਮਾਂ ਗੁਰਦੁਆਰਾ ਡੇਹਰਾ ਸਾਹਿਬ ਵਿੱਚ ਸੇਵਾ ਕਰਕੇ ਬਤੀਤ ਕਰਨ ਲੱਗੇ। 1934 ਈਸਵੀ ਵਿੱਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਇੱਕ ਲੂਲ੍ਹਾ ਬੱਚਾ ਤੜਕੇ ਹਨੇਰੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਚੋਰੀ ਕੋਈ ਛੱਡ ਗਿਆ। ਇਹ ਬੱਚਾ ਨਾ ਤੁਰ ਫਿਰ ਸਕਦਾ , ਨਾ ਆਪੇ ਖਾ ਸਕਦਾ ਅਤੇ ਪਾਣੀ ਤੱਕ ਨਹੀਂ ਪੀ ਸਕਦਾ ਸੀ। ਗੁਰਦੁਆਰਾ ਪ੍ਰਬੰਧਕਾਂ ਨੇ ਇਸ ਬੱਚੇ ਨੂੰ ਯਤੀਮਖਾਨੇ ਅਤੇ ਹੋਰ ਥਾਵਾਂ ਤੇ ਛੱਡਣ ਦੀ ਕੋਸ਼ਿਸ਼ ਕੀਤੀ ਪਰੰਤੂ ਸਭ ਨੇ ਰੱਖਨ ਤੋਂ ਇਨਕਾਰ ਕਰ ਦਿੱਤਾ। ਆਖਿਰਕਾਰ ਉਸਦੀ ਜਿੰਮੇਵਾਰੀ ਭਗਤ ਜੀ ਨੇ ਸੰਭਾਲੀ ।ਉਸੇ ਦਾ ਨਾਮ ਪਿਆਰਾ ਰੱਖਿਆ ਅਤੇ ਉਸ ਨੂੰ 14 ਸਾਲ ਪਿੱਠ ਤੇ ਚੁੱਕੀ ਰੱਖਿਆ ਅਤੇ ਉਸ ਦੀ ਕੀਤੀ ਸੇਵਾ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ। ਉਸ ਬੱਚੇ ਦੀ ਸੇਵਾ ਤੋਂ ਹੀ ਪਿੰਗਲਵਾੜੇ ਸੰਸਥਾ ਦਾ ਮੁੱਢ ਬੱਝਿਆ‌। ਅਗਸਤ 1947 ਵਿੱਚ ਦੇਸ਼ ਦੀ ਵੰਡ ਸਮੇਂ ਆਪ ਪਿਆਰਾ ਸਿੰਘ ਨੂੰ ਪਿੱਠ ਤੇ ਚੁੱਕ ਕੇ ਅਮ੍ਰਿਤਸਰ ਦੇ ਖਾਲਸਾ ਕਾਲਜ ਦੇ ਰਫਿਊਜੀ ਕੈਂਪ ਵਿੱਚ ਲਿਆਏ,ਜਿੱਥੇ 25 ਹਜ਼ਾਰ ਰਫਿਊਜੀ ਤਰਸਯੋਗ ਹਾਲਤ ਵਿੱਚ ਦਿਨ ਕੱਟ ਰਹੇ ਸਨ। ਇਹਨਾਂ ਨੇ ਜਿੱਥੇ ਪਿਆਰਾ ਸਿੰਘ ਦੀ ਸੇਵਾ ਕੀਤੀ, ਉਥੇ ਰਫਿਊਜੀਆ ਦੀ ਸੇਵਾ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਆਪ ਜੀ ਨੇ ਇਸ ਕੈਂਪ ਵਿਚ ਮਰੀਜਾਂ ਦੇ ਗੰਦੇ ਕੱਪੜੇ ਸਾਫ਼ ਕਰਨਾ, ਰੋਗੀਆਂ ਨੂੰ ਨਹਾਉਣਾ , ਸਾਫ਼ ਕਰਨ ਦੀ ਸੇਵਾ ਅਤੇ ਮਲ੍ਹਮ ਪੱਟੀ ਕਰਨ ਦਾ ਕੰਮ ਪੂਰਾ ਦਿਨ ਕਰਦੇ। 31 ਦਸੰਬਰ 1947 ਨੂੰ ਕੈਂਪ ਬੰਦ ਹੋਣ ਤੋਂ ਬਾਅਦ ਇਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਵਲਗਨ ਅੰਦਰ ਹੀ ਬੇ ਆਸਰੇ ਅਤੇ ਅਪਾਹਜ ਬੱਚਿਆ ਦੀ ਸੇਵਾ ਅਰੰਭ ਕਰ ਦਿੱਤੀ। 05 ਜ਼ਰੂਰਤਮੰਦ ਬੇਸਹਾਰਾ ਬੱਚਿਆਂ ਦੀ ਸੇਵਾ ਕਰਦੇ ਲਗਾਇਆ ਬੂਟਾ ਪਿੰਗਲਵਾੜਾ ਦੇ ਰੂਪ ਵਿੱਚ ਅੱਜ ਬੋਹੜ ਰੂਪੀ ਦਰਖ਼ਤ ਬਣ ਹਜ਼ਾਰਾਂ ਹੀ ਬੇਆਸਰਾ ਲੋਕਾਂ ਦਾ ਆਸਰਾ ਬਣ ਰਿਹਾ ਹੈ।
ਭਗਤ ਜੀ ਜਿੱਥੇ ਬੇ ਆਸਰਿਆਂ ਦੇ ਮਸੀਹਾ ਸਨ, ਉੱਥੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਹਨਾਂ ਨੇ ਲਾਮਿਸਾਲ ਕੰਮ ਕੀਤਾ। ਅੱਜ ਤੋਂ 50 ਸਾਲ ਪਹਿਲਾਂ ਵਾਤਾਵਰਨ ਪ੍ਰਤੀ ਇਹਨਾਂ ਦੀਆਂ ਕੀਤੀਆਂ ਭਵਿੱਖ ਵਾਣੀਆ ਅੱਜ ਸੱਚ ਸਾਬਿਤ ਹੋ ਰਹੀਆਂ ਹਨ। ਸਮਾਜ ਨੇ ਇਹਨਾਂ ਦੀ ਦਿੱਤੀ ਸਲਾਹ ਅਤੇ ਚੇਤਾਵਨੀ ਦੀ ਪ੍ਰਵਾਹ ਨਹੀਂ ਕੀਤੀ। ਜਿਸ ਦੀ ਬਦੌਲਤ ਅੱਜ ਗਲੋਬਲ ਵਾਰਮਿੰਗ, ਵਾਤਾਵਰਨ ਪ੍ਰਦੂਸ਼ਣ, ਮੌਸਮੀ ਤਬਦੀਲੀ ,ਪਾਣੀ ਦੀ ਕਮੀ, ਹੜ੍ਹ ਅਤੇ ਸੋਕੇ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ। ਭਗਤ ਜੀ ਨੇ ਪ੍ਰਦੂਸ਼ਣ, ਭੁੱਖਮਰੀ, ਬਾਲ ਮਜਦੂਰੀ ,ਗ਼ਰੀਬੀ, ਨਸ਼ਿਆ ਖਿਲਾਫ, ਵੱਧਦੀ ਆਬਾਦੀ ਦੇ ਨੁਕਸਾਨ ਅਤੇ ਸਿੱਖਿਆ ਦੀ ਮਹੱਤਤਾ ਦੇ ਪਰਚੇ ਵੰਡ ਕੇ ਜੋ ਪ੍ਰਚਾਰ ਕੀਤਾ, ਉਸ ਵਰਗੀ ਉਦਾਹਰਣ ਪੂਰੀ ਦੁਨੀਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ।
ਭਗਤ ਜੀ ਨੂੰ ਭਾਰਤ ਸਰਕਾਰ ਨੇ 1979 ਵਿੱਚ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ। ਪ੍ਰੰਤੂ 1984 ਦੇ ਸਾਕਾ ਨੀਲਾ ਤਾਰਾ ਦੀ ਦੁਖਦਾਈ ਘਟਨਾ ਦੇ ਰੋਸ ਵਜੋਂ ਇਹ ਅਵਾਰਡ ਵਾਪਿਸ ਕਰ ਦਿੱਤਾ ।
ਅੱਜ ਪਿੰਗਲਵਾੜਾ ਸੰਸਥਾ ਦਾ ਬੇਆਸਰਾ ਲੋਕਾਂ ਲਈ ਆਸਰਾ, ਵਾਤਾਵਰਨ ਅਤੇ ਕੁਦਰਤ ਪ੍ਰੇਮ ਦਾ ਕੇਂਦਰ, ਅੰਗਹੀਣ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਹਜ਼ਾਰਾਂ ਬੱਚਿਆਂ ਲਈ ਆਸ ਦੀ ਕਿਰਨ, ਕੁਦਰਤੀ ਖੇਤੀ ਦਾ ਕੇਂਦਰ ਅਤੇ ਸਿੱਖਿਆ ਦੇ ਪਸਾਰ ਦਾ ਕੇਂਦਰ ਬਣ ਚੁੱਕਿਆ ਹੈ।
05 ਅਗਸਤ 1992 ਨੂੰ ਭਗਤ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਸੇਵਾ ਬੀਬੀ ਡਾ. ਇੰਦਰਜੀਤ ਕੌਰ ਜੀ ਤਨ, ਮਨ, ਧਨ ਨਾਲ ਬਾਖੂਬੀ ਨਿਭਾ ਰਹੇ ਹਨ।
ਅੱਜ ਇਸ ਸੰਸਥਾ ਦੀਆ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਮਾਨਾਂਵਾਲਾ, ਗੋਬਿੰਦਵਾਲ ਸਾਹਿਬ ਅਤੇ ਸੰਗਰੂਰ ਵਿਚ ਵੀ ਬਰਾਂਚਾ ਹਨ। ਜਿਹਨਾ ਵਿੱਚ 2000 ਦੇ ਕਰੀਬ ਲਾਵਾਰਿਸ ਮਰੀਜ਼ਾਂ ਅਤੇ ਬੱਚਿਆਂ ਦੀ ਸੰਭਾਲ ਦਾ ਕੰਮ ਸੰਸਥਾ ਕਰ ਰਹੀ ਹੈ।
ਭਗਤ ਪੂਰਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਯਤਨਸ਼ੀਲ ਹੋਈਏ। ਮਨੁੱਖਤਾ ਅਤੇ ਲੋੜਵੰਦਾਂ ਦੀ ਸੇਵਾ ਨੂੰ ਧਰਮ ਸਮਝੀਏ।

ਡਾ ਸਤਿੰਦਰ ਸਿੰਘ
ਨੈਸ਼ਨਲ ਐਵਾਰਡੀ ਪ੍ਰਿੰਸੀਪਲ,
ਧਵਨ ਕਲੋਨੀ
ਫਿਰੋਜ਼ਪੁਰ ਸ਼ਹਿਰ।
9815427554

Related Articles

Leave a Reply

Your email address will not be published. Required fields are marked *

Back to top button