Ferozepur News

ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਲਈ 15 ਲੱਖ ਦੀ ਗਰਾਂਟ ਜਾਰੀ, ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ- ਪਿੰਕੀ

ਕਿਹਾ, ਗਊਸ਼ਾਲਾ ਦੇ ਵਿਸਥਾਰ ਨਾਲ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋਵੇਗੀ, ਟ੍ਰੈਫਿਕ ਸਮੱਸਿਆਵਾਂ ਵੀ ਹੱਲ ਹੋਣਗੀਆਂ

ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਲਈ 15 ਲੱਖ ਦੀ ਗਰਾਂਟ ਜਾਰੀ, ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ- ਪਿੰਕੀ
ਫਿਰੋਜ਼ਪੁਰ, 31 ਅਗਸਤ
      ਫਿਰੋਜ਼ਪੁਰ ਛਾਉਣੀ ਸਥਿਤ ਗੋਪਾਲ ਗਊਸ਼ਾਲਾ ਲਈ ਰਾਜ ਸਰਕਾਰ ਵੱਲੋਂ 15 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ, ਜੋ ਕਿ ਗਊਸ਼ਾਲਾ ਦੇ ਵਿਸਥਾਰ ‘ਤੇ ਖਰਚ ਕੀਤੀ ਜਾਵੇਗੀ।  ਇਹ ਜਾਣਕਾਰੀ ਫਿਰੋਜ਼ਪੁਰ  ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ।  ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਗਊਸ਼ਾਲਾ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਾਲਾਂ ਤੋਂ ਪੁਰਾਣੀ ਮੰਗ ਪੂਰੀ ਹੋਵੇਗੀ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ ਕਿਉਂਕਿ ਬੇਸਹਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਇਸ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ।
   ਵਿਧਾਇਕ ਪਿੰਕੀ ਨੇ ਕਿਹਾ ਕਿ ਗਊਸ਼ਾਲਾ ਮੈਨੇਜਮੈਂਟ ਨੇ ਸ਼ੈੱਡ ਦੇ ਨਿਰਮਾਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਮੰਗੀ ਸੀ, ਪਰ ਸਰਕਾਰ ਵੱਲੋਂ 15 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਤਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਦੇ ਵਿਸਥਾਰ ਨਾਲ ਇੱਥੇ ਗਊ-ਧਨ ਰੱਖਣ ਦੀ ਸਮਰੱਥਾ ਵਿੱਚ ਵਾਧਾ ਹੋਏਗਾ, ਜਿਸ ਦੇ ਤਹਿਤ ਸ਼ਹਿਰ ਦੀਆਂ ਸੜਕਾਂ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੋਵੇਗਾ।  ਇਸ ਨਾਲ ਨਾ ਸਿਰਫ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ, ਬਲਕਿ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ। ਵਿਧਾਇਕ ਨੇ ਅੱਗੇ ਦੱਸਿਆ ਕਿ ਜਲਦੀ ਹੀ ਗਊਸ਼ਾਲਾ ਦੇ ਵਿਸਤਾਰ ਅਤੇ ਨਵੇਂ ਸ਼ੈੱਡਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।  ਇਸ ਮੌਕੇ ਰਾਕੇਸ਼ ਕੁਮਾਰ ਬਬਲੀ, ਅਜੇ ਜੋਸ਼ੀ, ਸੁਖਵਿੰਦਰ ਸਿੰਘ ਅਟਾਰੀ, ਬਲਵੀਰ ਬਾਠ, ਸੰਜੇ ਗੁਪਤਾ, ਗੁਰਪ੍ਰੀਤ ਸਿੰਘ ਢਿੱਲੋਂ, ਰਿਸ਼ੀ ਸ਼ਰਮਾ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਮਿਲੇਗੀ।

Related Articles

Leave a Reply

Your email address will not be published. Required fields are marked *

Back to top button