ਫ਼ਿਰੋਜ਼ਪੁਰ ਸਿਵਲ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ ਹੋ ਰਹੇ ਹਨ ਬਿਮਾਰੀਆਂ ਤੋਂ ਮੁਕਤ
ਸਿਵਲ ਹਸਪਤਾਲ ਫ਼ਿਰੋਜ਼ਪੁਰ ਮਰੀਜਾਂ ਨੂੰ ਦੇ ਰਿਹਾ ਬਿਹਤਰ ਸਿਹਤ ਸਹੂਲਤਾਂ — ਡਾ. ਰਾਜਵਿੰਦਰ ਕੌਰ
ਸਿਵਲ ਹਸਪਤਾਲ ਫ਼ਿਰੋਜ਼ਪੁਰ ਮਰੀਜਾਂ ਨੂੰ ਦੇ ਰਿਹਾ ਬਿਹਤਰ ਸਿਹਤ ਸਹੂਲਤਾਂ — ਡਾ. ਰਾਜਵਿੰਦਰ ਕੌਰ
– ਸਿਵਲ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ ਹੋ ਰਹੇ ਹਨ ਬਿਮਾਰੀਆਂ ਤੋਂ ਮੁਕਤ
– ਆਯੂਸ਼ਮਾਨ ਕਾਰਡ ਰਾਹੀਂ ਮਰੀਜਾਂ ਨੂੰ ਮਿਲ ਰਹੀ 5 ਲੱਖ ਦੇ ਇਲਾਜ ਦੀ ਸਹੂਲਤ
ਫ਼ਿਰੋਜ਼ਪੁਰ, 02 ਅਗਸਤ 2024: ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਤਾਇਨਾਤ ਮਾਹਿਰ ਡਾਕਟਰ ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਵਿਚ ਓ.ਪੀ.ਡੀ. ਕਰਦਿਆਂ ਮਰੀਜਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਹਸਪਤਾਲ ਵਿਚ ਆਉਂਦੇ ਮਰੀਜਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਨਾਲ—ਨਾਲ ਆਧੁਨਿਕ ਮਸ਼ੀਨਾਂ ਨਾਲ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਹ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਹਸਪਤਾਲ ਵਿਚ ਆਉਂਦੇ ਮਰੀਜਾਂ ਦੀ ਤੰਦਰੁਸਤੀ ਲਈ ਮਾਹਿਰ ਡਾਕਟਰਾਂ ਵੱਲੋਂ ਪੂਰੀ ਸ਼ਿੱਦਤ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਵਿਚਾਰ-ਚਰਚਾ ਕਰਕੇ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਓ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਮੌਸਮੀ ਬਿਮਾਰੀ ਸਮੇਤ ਗੰਭੀਰ ਬਿਮਾਰੀ ਬਾਰੇ ਮਰੀਜ ਨੂੰ ਜਾਣਕਾਰੀ ਹੋ ਸਕੇ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਆਯੂਸ਼ਮਾਨ ਕਾਰਡ ਦੇ ਲਾਭਪਾਤਰੀ 5 ਲੱਖ ਤੱਕ ਦੇ ਮੁਫਤ ਸਿਹਤ ਸਹੂਲਤਾਂ ਦਾ ਲਾਭ ਉਠਾ ਰਹੇ ਹਨ।
ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਐਮ.ਡੀ ਮੈਡੀਸਨ, ਹੱਡੀਆਂ ਦੇ ਮਾਹਿਰ ਡਾਕਟਰ, ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ, ਔਰਤ ਰੋਗਾਂ ਦੇ ਮਾਹਿਰ, ਚਮੜੀ ਦੇ ਮਾਹਿਰ ਡਾਕਟਰ, ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾਕਟਰ, ਦੰਦਾ ਦੇ ਮਾਹਿਰ ਸਮੇਤ ਆਧੁਨਿਕ ਕਿਸਮ ਦੀਆਂ ਅਲਟਰਾਸਾਊਂਡ ਮਸ਼ੀਨਾਂ, ਐਕਸਰੇ ਮਸ਼ੀਨਾਂ, ਬਲੱਡ ਬੈਂਕ ਆਦਿ ਦੀਆਂ ਸਹੂਲਤਾਂ ਹਸਪਤਾਲ ਵਿਚ ਹੀ ਮੌਜੂਦ ਹਨ। ਹਸਪਤਾਲ ਵਿੱਚ ਤਾਇਨਾਤ ਅਮਲੇ ਵੱਲੋਂ ਹਸਪਤਾਲ ਵਿਚ ਆਉਂਦੇ ਮਰੀਜਾਂ ਦਾ ਇਲਾਜ ਕਰਨ ਦੇ ਨਾਲ—ਨਾਲ ਉਨ੍ਹਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਵੀ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਮਰੀਜ ਕਿਸੇ ਵੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਸਮਰੱਥ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਮੇਂ—ਸਮੇਂ ’ਤੇ ਇਲਾਕੇ ਦੇ ਪਿੰਡ, ਕਸਬਿਆਂ ਵਿਚ ਪਹੁੰਚ ਕਰਕੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਅਕਸਰ ਹੀ ਲੋਕਾਂ ਦੇ ਦਰ ਪਹੁੰਚ ਕੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਮੁਹੱਇਆ ਕਰਵਾਈਆਂ ਜਾਂਦੀਆਂ ਹਨ। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਣੇ ਐਮਰਜੈਂਸੀ ਵਾਰਡ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਆਉਂਦੇ ਮਰੀਜਾਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਵਾਰਡ ਵਿਚੋਂ ਤਕਰੀਬਨ 700 ਮਰੀਜ ਇਕ ਮਹੀਨੇ ਵਿਚ ਇਲਾਜ ਕਰਵਾਉਂਦੇ ਹਨ ਜਿਨ੍ਹਾਂ ਦਾ ਮੌਕੇ ‘ਤੇ ਹੀ ਬਿਨ੍ਹਾਂ ਕਿਸੇ ਦੇਰੀ ਦੇ ਇਲਾਜ ਕੀਤਾ ਜਾਂਦਾ ਹੈ। ਜੇਕਰ ਹਸਪਤਾਲ ਅਤੇ ਡਾਕਟਰਾਂ ਦੇ ਟੀਚਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਮਹੀਨੇ ਡਾਕਟਰਾਂ ਵੱਲੋਂ ਆਪਣੇ ਟੀਚੇ ਤੋਂ ਵੱਧ ਦੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤੋਂ ਪ੍ਰਤੀਕ ਹੁੰਦਾ ਹੈ ਕਿ ਡਾਕਟਰ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ। ਜੱਚਾ—ਬੱਚਾ ਕੇਂਦਰ ਵਿਚ ਔਰਤ ਰੋਗਾਂ ਦੇ ਤਿੰਨ ਮਾਹਿਰ ਡਾਕਟਰ ਹਨ, ਜੋ ਹਸਪਤਾਲ ਵਿਚ ਆਉਂਦੀਆਂ ਗਰਭਵਤੀ ਔਰਤਾਂ ਦਾ ਇਲਾਜ, ਮੁਫਤ ਦਵਾਈਆਂ ਅਤੇ ਮੁਫਤ ਜਣੇਪਾ ਕੀਤਾ ਜਾਂਦਾ ਹੈ, ਇਥੋਂ ਤੱਕ ਕਿ ਸਿਵਲ ਹਸਪਤਾਲ ਤੋਂ ਜਣੇਪਾ ਕਰਵਾਉਣ ਵਾਲੀ ਔਰਤ ਨੂੰ ਮਾਲੀ ਸਹਾਇਤਾ ਦੇਣ ਦੇ ਨਾਲ—ਨਾਲ ਡਾਇਟ ਵੀ ਮੁਹਇਆ ਕਰਵਾਈ ਜਾਂਦੀ ਹੈ ਤਾਂ ਜ਼ੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਫ਼ਰੀਦਕੋਟ ਮੈਡੀਕਲ ਕਾਲਜ ਵਿਚ ਮਰੀਜਾਂ ਨੂੰ ਰੈਫਰ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸਿਵਲ ਸਰਜਨ ਫਿ਼ਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਗੰਭੀਰ ਸਥਿਤੀ ਵਿਚ ਹੀ ਅਜਿਹਾ ਕੀਤਾ ਜਾਂਦਾ ਹੈ, ਬਹੁਤੀ ਕੋਸਿ਼ਸ਼ ਮਾਹਿਰ ਡਾਕਟਰਾਂ ਵੱਲੋਂ ਹਸਪਤਾਲ ਵਿਚ ਹੀ ਮਰੀਜ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਦੇ ਆਂਕੜੇ ਵੀ ਬੋਲਦੇ ਹਨ। ਹਸਪਤਾਲ ਵਿਚ ਸਥਿਤ ਨਸ਼ਾ ਛੁਡਾਊ ਕੇਂਦਰ ਵਿਚ ਆਉਂਦੇ ਮਰੀਜਾਂ ਨੂੰ ਲੋੜ ਮੁਤਾਬਿਕ ਦਵਾਈ ਦੇਣ ਦੇ ਨਾਲ—ਨਾਲ ਉਨ੍ਹਾਂ ਦੀ ਕਾਊਂਸਲਿੰਗ ਕਰਕੇ ਨਸ਼ਾ ਛੱਡਣ ਤੋਂ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਨਸ਼ੇ ਦੀ ਗ੍ਰਿਫਤ ਵਿਚੋਂ ਨੌਜਵਾਨੀ ਬਚਾਈ ਜਾ ਸਕੇ ਅਤੇ ਇਸ ਵਿਚ ਕਾਫੀ ਹੱਦ ਤੱਕ ਸਿਹਤ ਅਮਲਾ ਕਾਮਯਾਬ ਵੀ ਹੋਇਆ ਹੈ। ਇਸ ਦੇ ਨਾਲ ਨਾਲ ਹਸਪਤਾਲ ਵਿਖੇ ਟੀ.ਬੀ ਦੇ ਮਰੀਜ਼ਾਂ ਦਾ ਵੀ ਮੁਫ਼ਤ ਇਲਾਜ ਹੋ ਰਿਹਾ ਹੈ । ਡਾ. ਨਿਖਿਲ ਗੁਪਤਾ ਐੱਸ.ਐਮ.ਓ ਸਿਵਿਲ ਹਸਪਤਾਲ ਵਲੋਂ ਪੁਰੀ ਤਨਦੇਹੀ ਨਾਲ ਹਸਪਤਾਲ ਦੀ ਨੁਹਾਰ ਬਦਲਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਮਰੀਜ਼ਾਂ ਅਤੇ ਉਨ੍ਹਾ ਦੇ ਆਸ਼ਰਤਾਂ ਨੂੰ ਹਰ ਸਹੁਲਤ ਜਿਵੇਂ ਕੇ ਸਾਫ ਪਾਣੀ ਦਾ ਇੰਤਜ਼ਾਮ, ਸ਼ੁਧ ਅਤੇ ਸਾਫ ਸੁਥਰਾ ਵਾਤਾਵਰਨ, ਦੇ ਨਾਲ ਨਾਲ ਵਾਤਾਵਰਨ ਦੇ ਸੰਭਾਲ ਲਈ ਬੂਟੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਮਰੀਜ਼ਾਂ ਦੇ ਚੰਗੀ ਸਿਹਤ ਲਈ ਹੋਰ ਵੀ ਸੰਭਵ ਉਪਰਾਲੇ ਕੀਤੇ ਜਾਣਗੇ।