ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਚ' ਸਿੱਖਿਆ ਤੰਤਰ ਤੇ ਪ੍ਰਸ਼ਨ ਚਿੰਨ੍ਹ – ਵਿਜੈ ਗਰਗ
Ferozepur, August 5, 2017 : ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਚ' ਸਿੱਖਿਆ ਤੰਤਰ ਤੇ ਪ੍ਰਸ਼ਨ ਚਿੰਨ੍ਹ ਵਿਜੈ ਗਰਗਪੜ੍ਹ-ਲਿਖ ਕੇ ਬੇਰੁਜ਼ਗਾਰ ਘੁੰਮ ਰਹੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ ਉਹ ਵਿਅਕਤੀ ਜੋ ਮਿਹਨਤ ਕਰਕੇ ਅੱਗੇ ਵੱਧ ਜਾਂਦਾ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਪੜ੍ਹਨ ਤੋਂ ਬਾਅਦ ਵਿਹਲੇ ਨਹੀਂ ਬੈਠਣਾ ਚਾਹੀਦਾ। ਬਲਕਿ ਕੁਝ ਨਾ ਕੁਝ ਕੰਮ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ। ਇਹ ਠੀਕ ਹੈ ਕਿ ਕਈ ਵਾਰ ਕੋਸ਼ਿਸ਼ਾਂ ਨੂੰ ਬੂਰ ਨਾ ਪੈਣ ਕਾਰਨ ਮਾਯੂਸੀ ਹੁੰਦੀ ਹੈ ਪਰ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਉਹ ਦੇਰ ਸਵੇਰ ਸਹੀ ਮੰਜ਼ਿਲਾਂ ਸਰ ਕਰ ਹੀ ਲੈਂਦੇ ਹਨ। ਇਸ ਨਜ਼ਰ ਤੋਂ ਸਾਡੇ ਲਈ ਇਹ ਤਸੱਲੀ ਵਾਲੀ ਗੱਲ ਹੈ ਪਰ ਇਹ ਗੱਲ ਇੱਥੇ ਹੀ ਨਹੀਂ ਛੱਡੀ ਜਾ ਸਕਦੀ। ਸਵਾਲ ਪੰਜਾਬ ਵਿਚ ਖੁੰਬਾਂ ਵਾਂਗ ਉੱਗ ਰਹੇ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਦੇ ਪੱਧਰ ਤੇ ਵੀ ਹੈ। ਇਨ੍ਹਾਂ ਵਿਚ ਲੱਖਾਂ ਰੁਪਏ ਦੀਆਂ ਫ਼ੀਸਾਂ ਲੈ ਕੇ ਕਾਰਵਾਈ ਜਾ ਰਹੀ ਪੜ੍ਹਾਈ ਤੇ ਹੈ ਕਿ ਜਿੱਥੇ ਕਿਸੇ ਬੀ ਟੈੱਕ ਨੌਜਵਾਨ ਨੂੰ ਫ਼ੈਕਟਰੀ ਜਾਂ ਨਿੱਜੀ ਕੰਪਨੀ ਵਿਚ ਵੀ ਕੰਮ ਨਾ ਮਿਲੇ ਉੱਥੇ ਬਿਨਾਂ ਰੋਕ ਟੋਕ ਦੇ ਚੱਲਣ ਵਾਲੀਆਂ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਦੇਣਾ ਕਿੱਥੋਂ ਤਕ ਜਾਇਜ਼ ਹੈ। ਇਹ ਮਸਲਾ ਸੂਬਾ ਤੇ ਕੇਂਦਰ ਸਰਕਾਰਾਂ ਦੀ ਸਭ ਲੋਕਾਂ ਨੂੰ ਇੱਕੋ ਜਿਹੀ ਵਿੱਦਿਆ ਤੇ ਰੁਜ਼ਗਾਰ ਦੇ ਮੌਕੇ ਦੇਣ ਦੇ ਵਾਅਦੇ ਤੇ ਵੀ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦਾ ਹੈ ਇਹ ਸਵਾਲ ਸਾਡੇ ਸਮੁੱਚੇ ਸਿੱਖਿਆ ਤੰਤਰ ਤੇ ਵੀ ਹੈ। ਦੇਸ਼ ਵਿਚ ਪਿੰਡਾਂ ਤੇ ਸ਼ਹਿਰਾਂ ਸਰਕਾਰੀ ਤੇ ਨਿੱਜੀ ਸੰਸਥਾਵਾਂ ਅਤੇ ਅਮੀਰਾਂ ਤੇ ਗ਼ਰੀਬਾਂ ਵਿਚ ਸਿੱਖਿਆ ਸਹੂਲਤਾਂ ਦਾ ਪੈਦਾ ਹੋ ਰਿਹਾ ਪਾੜਾ ਦੇਸ਼ ਵਿਚ ਨਵੀਂ ਕਿਸਮ ਦੇ ਜਾਤੀਵਾਦ ਨੂੰ ਜਨਮ ਦੇ ਰਿਹਾ ਹੈ ਦੇਸ਼ ਵਿਚ ਧਰਮ ਜਾਤਾਂ ਬੋਲੀਆਂ ਅਤੇ ਖ਼ਿੱਤਿਆਂ ਦੇ ਅਧਾਰ ਤੇ ਪਾੜਿਆਂ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਪਰ ਸਿੱਖਿਆ ਸਹੂਲਤਾਂ ਦੇ ਅੰਤਰ ਕਾਰਨ ਸਮਾਜ ਵਿਚ ਇਕ ਨਵੀਂ ਤਰ੍ਹਾਂ ਦੀ ਲੀਕ ਖਿੱਚੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਪੜ੍ਹਾਈ ਬਹੁਗਿਣਤੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਉਹ ਸਮਾਜ ਵਿਚ ਇਕਾਂਗੀ ਵਿਅਕਤੀਤਵ ਵਾਲੇ ਮਨੁੱਖ ਸਿਰਜ ਰਹੀ ਹੈ। ਨਿੱਜੀ ਸੰਸਥਾਵਾਂ ਦਾ ਜੰਗਲ ਉਹ ਸਰਬੰਗੀ ਮਨੁੱਖ ਪੈਦਾ ਨਹੀਂ ਕਰ ਰਿਹਾ ਜਿਸ ਦੀ ਦੇਸ਼ ਸਮਾਜ ਜਾਂ ਕੌਮ ਨੂੰ ਜ਼ਰੂਰਤ ਹੁੰਦੀ ਹੈ ਇਹ ਲੋਕ ਵਿੱਦਿਅਕ ਸੰਸਥਾਵਾਂ ਵਿਚ ਆਉਂਦੇ ਵੱਡੇ ਵੱਡੇ ਸੁਪਨੇ ਲੈ ਕੇ ਹਨ ਪਰ ਜਦੋਂ ਇਹ ਡਿਗਰੀਆਂ ਦੇ ਰੂਪ ਵਿਚ ਕਾਗ਼ਜ਼ਾਂ ਦਾ ਥੱਬਾ ਲੈ ਕੇ ਨਿਕਲਦੇ ਹਨ ਤਾਂ ਇਨ੍ਹਾਂ ਦੇ ਪੱਲੇ ਅਮਲੀ ਤੌਰ ਤੇ ਕੁਝ ਵੀ ਨਹੀਂ ਹੁੰਦਾ ਸਿਵਾਏ ਬੇਰੁਜ਼ਗਾਰ ਜਾਂ ਵਿਹਲੜ ਕਹਾਉਣ ਦੇ ਬੇਰੁਜ਼ਗਾਰੀ ਨਾਲ ਟੱਕਰਾਂ ਮਾਰਨ ਤੋਂ ਬਾਅਦ ਉਹ ਆਪਣੇ ਵਤਨ ਨੂੰ ਅਲਵਿਦਾ ਕਹਿ ਕੇ ਵਿਦੇਸ਼ ਨੂੰ ਮੁਹਾਰ ਮੋੜ ਲੈਂਦੇ ਹਨ। ਇਸ ਚੱਕਰ ਵਿਚ ਉਹ ਮੋਟੀਆਂ ਰਕਮਾਂ ਦੇਣ ਦੇ ਬਾਵਜੂਦ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ ਅਤੇ ਆਪਣਾ ਆਪ ਗੁਆ ਬੈਠਦੇ ਹਨ।