ਪੰਜਾਬੀ ਭਾਸ਼ਾ ਦੇ ਸ਼ੁੱਧ ਸ਼ਬਦ ਜੋੜਾਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ: ਜ਼ਿਲ੍ਹਾ ਭਾਸ਼ਾ ਅਫ਼ਸਰ
ਸ਼ਬਦ ਜੋੜਾਂ ਦੀ ਸ਼ੁੱਧਤਾ ਸੰਬੰਧੀ ਕਮੇਟੀ ਦਾ ਕੀਤਾ ਗਿਆ ਗਠਨ
ਪੰਜਾਬੀ ਭਾਸ਼ਾ ਦੇ ਸ਼ੁੱਧ ਸ਼ਬਦ ਜੋੜਾਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ: ਜ਼ਿਲ੍ਹਾ ਭਾਸ਼ਾ ਅਫ਼ਸਰ
ਸ਼ਬਦ ਜੋੜਾਂ ਦੀ ਸ਼ੁੱਧਤਾ ਸੰਬੰਧੀ ਕਮੇਟੀ ਦਾ ਕੀਤਾ ਗਿਆ ਗਠਨ
ਫਿਰੋਜ਼ਪੁਰ, 19 ਸਤੰਬਰ 2023.
ਪੰਜਾਬ ਸਰਕਾਰ ਵੱਲੋਂ ‘ਰਾਜ ਭਾਸ਼ਾ ਐਕਟ‘ ਤਹਿਤ ਸਮੁੱਚਾ ਦਫ਼ਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਲਈ ਸਮੇਂ- ਸਮੇਂ ‘ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਭਾਸ਼ਾ ਵਿਭਾਗ ਵੱਲੋਂ ਸਮੇਂ – ਸਮੇਂ ‘ਤੇ ਯਤਨ ਕੀਤੇ ਜਾ ਰਹੇ ਹਨ। ਪ੍ਰੰਤੂ ਸ਼ਬਦ ਜੋੜਾਂ ਦੀਆਂ ਬਹੁਤ ਜਿਆਦਾ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਗ਼ਲਤ ਸ਼ਬਦ ਜੋੜਾਂ ਕਾਰਨ ਸੋਸ਼ਲ ਮੀਡੀਆ ਅਤੇ ਹੋਰ ਕਈ ਮੰਚਾਂ ਰਾਹੀਂ ਪੰਜਾਬੀ ਹਿਤੈਸ਼ੀਆਂ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਸਹੀ ਸ਼ਬਦ ਜੋੜ ਲਿਖਣ ਸਬੰਧੀ ਸਮੂਹ ਵਿਭਾਗਾਂ ਨੂੰ ਪੱਤਰ ਲਿਖੇ ਗਏ ਹਨ। ਇਹ ਜਾਣਾਕਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਗ਼ਲਤ ਸ਼ਬਦ ਜੋੜਾਂ ਬਾਰੇ ਸਾਹਿਤਕਾਰਾਂ ਅਤੇ ਆਮ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਜਾਂਦਾ ਰਹਿੰਦਾ ਹੈ, ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਸੜਕਾਂ ਉੱਤੇ ਅੰਕਿਤ ਸੰਕੇਤਕ ਪੱਟੀਆਂ ਅਤੇ ਦਫ਼ਤਰਾਂ/ਅਦਾਰਿਆਂ ਦੇ ਨਾਮ ਆਦਿ ਵਿੱਚ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੁਆਰਾ ਆਪਣੀਆਂ ਗਤੀਵਿਧੀਆਂ ਸੋਸ਼ਲ ਮੀਡੀਆਂ ‘ਤੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਵੀ ਕਿਤੇ-ਕਿਤੇ ਅਜਿਹੀਆਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ, ਉਹ ਲਗਾਤਾਰ ਇਹਨਾਂ ਗ਼ਲਤੀਆਂ ਨੂੰ ਸੋਧ ਕਰਵਾਉਣ ਲਈ ਸੰਬੰਧਤਾਂ ਦੇ ਧਿਆਨ ਵਿੱਚ ਲਿਆ ਰਹੇ ਹਨ ਪ੍ਰੰਤੂ ਹੁਣ ਦਫ਼ਤਰ ਵੱਲੋਂ ਵੀ ਲਿਖਤੀ ਤੌਰ ‘ਤੇ ਸ਼ਬਦ ਜੋੜਾਂ ਦੀ ਸ਼ੁੱਧਤਾ ਪ੍ਰਤੀ ਸੰਜੀਦਗੀ ਦਿਖਾਉਣ ਦੀ ਲੋੜ ਸੰਬੰਧੀ ਪੱਤਰ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਦਫ਼ਤਰਾਂ ਦਾ ਪੰਜਾਬੀ ਪ੍ਰਚਾਲਣ ‘ਰਾਜ ਭਾਸ਼ਾ ਐਕਟ‘ ਅਧੀਨ ਕੀਤਾ ਜਾਂਦਾ ਹੈ। ਨਿਰੀਖਣ ਦੌਰਾਨ ਇਹ ਧਿਆਨ ਵਿੱਚ ਆਇਆ ਹੈ ਕੁਝ ਆਮ ਵਰਤੇ ਜਾਂਦੇ ਸ਼ਬਦ ( ਜ਼ਿਲ੍ਹਾ, ਅਫ਼ਸਰ, ਫ਼ਿਰੋਜ਼ਪੁਰ, ਦਫ਼ਤਰ) ਵਿੱਚ ਬਿੰਦੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਸੰਬੰਧੀ ਮੌਕੇ ‘ਤੇ ਹੀ ਹਦਾਇਤ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਬਦ ਜੋੜਾਂ ਦੀ ਸ਼ੁੱਧਤਾ ਸੰਬੰਧੀ ਅਗਵਾਈ ਦੀ ਲੋੜ ਹੋਵੇ ਤਾਂ ਗਠਨ ਕੀਤੀ ਕਮੇਟੀ ਦੇ ਮੈੰਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕਮੇਟੀ ਵਿੱਚ ਉੱਘੇ ਆਲੋਚਕ ਅਤੇ ਸਾਹਿਤਕਾਰ ਸ੍ਰੀ ਸੁਖਜਿੰਦਰ ਸਿੰਘ (ਲੈਕ. ਪੰਜਾਬੀ) ਸ.ਸ.ਸ.ਸ. ਨੂਰਪੁਰ ਸੇਠਾਂ, ਮਾਤ-ਭਾਸ਼ਾ ਦੇ ਅਣਥੱਕ ਕਾਮੇ ਜਗਤਾਰ ਸਿੰਘ ਸੋਖੀ (ਪੰਜਾਬੀ ਮਾਸਟਰ) ਸ.ਮਿ.ਸ. ਕੱਬਰਵੱਛਾ ਅਤੇ ਰਿਸਰਚ ਸਕਾਲਰ ਸ਼੍ਰੀ ਸੁਰਿੰਦਰ ਕੁਮਾਰ (ਈ.ਟੀ.ਟੀ. ਅਧਿਆਪਕ) ਸ.ਪ੍ਰ.ਸ. ਤੱਲੀ ਸੈਦਾ ਸਾਹੂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਬਦ ਜੋੜਾਂ ਦੀ ਸੰਜੀਦਗੀ ਸੰਬੰਧੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਭਾਵੇ ਉਹ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਹੋਵੇ, ਕੋਈ ਅਦਾਰਾ, ਬੋਰਡ, ਸੰਸਥਾ ਹੋਵੇ ਤੇ ਜਾਂ ਕੋਈ ਵੀ ਆਮ ਵਿਅਕਤੀ ਹੋਵੇ। ਇਹ ਇੱਕ ਸਾਰਥਕ ਉਪਰਾਲਾ ਹੈ ਜਿਸ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ।