ਪ੍ਰੀਖਿਆ ਦੀ ਤਿਆਰੀ ਲਈ ਠੋਸ ਯੋਜਨਾਬੰਦੀ ਅਤੇ ਸਵੈ ਅਨੁਸ਼ਾਸਨ ਜ਼ਰੂਰੀ : ਡਾ. ਸਤਿੰਦਰ ਸਿੰਘ
ਪ੍ਰੀਖਿਆ ਦੀ ਤਿਆਰੀ ਲਈ ਠੋਸ ਯੋਜਨਾਬੰਦੀ ਅਤੇ ਸਵੈ ਅਨੁਸ਼ਾਸਨ ਜ਼ਰੂਰੀ : ਡਾ. ਸਤਿੰਦਰ ਸਿੰਘ
ਪ੍ਰੀਖਿਆ ਦੋਰਾਨ ਵਿਦਿਆਰਥੀ ਵਰਗ ਵਿੱਚ ਤਨਾਅ ਦਿਨ-ਬ-ਦਿਨ ਵੱੱਧਦਾ ਜਾ ਰਿਹਾ ਹੈ ।ਪ੍ਰੀਖਿਆ ਨੂੰ ਤਨਾਅ ਮੁਕਤ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੰਗੀ ਪਹਿਲ ਕਰਦਿਆਂ ‘ਪਰੀਕਸ਼ਾ ਪੇ ਚਰਚਾ’ ਦੇ 6ਵੇ ਐਡੀਸ਼ਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿੱਚ ਜੁੜੇ ਵਿਦਿਆਰਥੀਆਂ ਨਾਲ 02 ਘੰਟੇ ਤੋਂ ਵੱਧ ਸਮਾਂ ਚਰਚਾ ਕੀਤੀ ਅਤੇ ਮਹੱਤਵਪੂਰਨ ਸੁਝਾਅ ਵੀ ਦਿੱਤੇ। ਵਿਦਿਆਰਥੀਆਂ ਲਈ ਫਾਇਦੇਮੰਦ ਅਜਿਹੇ ਉਪਰਾਲੇ ਸਕੂਲ ਪੱਧਰ ਤੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵੱਲੋਂ ਘਰੇਲੂ ਪੱਧਰ ਤੇ ਵੀ ਕੀਤੇ ਜਾਣ ਤਾਂ ਇਸ ਦੇ ਸਾਰਥਕ ਨਤੀਜੇ ਨਿਕਲ ਸਕਦੇ ਹਨ।
ਵਿਦਿਆਰਥੀਆਂ ਦੇ ਸਾਲਾਨਾ ਪ੍ਰੀਖਿਆਵਾਂ ਨਜ਼ਦੀਕ ਆਉਂਦਿਆਂ ਹੀ ਵਿਦਿਆਰਥੀ ਜਿਥੇ ਤਨਾਅ ਵਿੱਚ ਰਹਿਣ ਲਗਦੇ ਹਨ, ਉਥੇ ਘਰ ਦਾ ਸਮੁੱਚਾ ਮਾਹੌਲ ਵੀ ਬੱਚਿਆਂ ਦੀ ਪੜ੍ਹਾਈ ਉਪਰ ਕੇਂਦਰਿਤ ਹੋ ਜਾਂਦਾ ਹੈ। ਮਾਤਾ ਪਿਤਾ ਵੀ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਪ੍ਰੀਖਿਆ ਦੇ ਦਿਨਾਂ ਵਿੱਚ ਚਿੰਤਤ ਦਿਖਾਈ ਦਿੰਦੇ ਹਨ। ਮੌਜੂਦਾ ਸਮੇਂ ਵਿੱਚ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ , ਉਨ੍ਹਾਂ ਦਾ ਬੱਚਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਲੈ ਕੇ ਪਾਸ ਹੋਵੇ। ਇਸ ਲਈ ਉਹ ਅਕਸਰ ਹੀ ਬੱਚੇ ਉੱਪਰ ਪੜ੍ਹਾਈ ਲਈ ਲੋੜ ਤੋਂ ਵੱਧ ਦਬਾਅ ਬਣਾਉਂਦੇ ਹਨ। ਸਕੂਲ ਪ੍ਰਬੰਧਕਾਂ ਵੱਲੋਂ ਵੀ ਚੰਗੇ ਨਤੀਜੇ ਦੇਣ ਲਈ ਬੱਚੇ ਉੱਪਰ ਹੀ ਦਬਾ ਬਣਾਇਆ ਜਾਂਦਾ ਹੈ ਤਾਂ ਜੋ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਇਸ਼ਤਿਹਾਰ ਦੀ ਸਮੱਗਰੀ ਬਣਾਇਆ ਜਾ ਸਕੇ। ਸ਼ੋਸ਼ਲ ਮੀਡੀਆ ਉਪਰ ਪ੍ਰੀਖਿਆ ਵਿੱਚ ਵਧੀਆ ਅੰਕ ਦੀਆਂ ਪੋਸਟ ਅਤੇ ਹੁਸ਼ਿਆਰ ਵਿਦਿਆਰਥੀਆਂ ਨਾਲ ਤੁਲਨਾ ਕਰਨ ਵਰਗੇ ਹਲਾਤ ਵਿਦਿਆਰਥੀ ਉਪਰ ਪ੍ਰੀਖਿਆ ਦੇ ਦਿਨਾਂ ਵਿੱਚ ਤਣਾਅ ਗ੍ਰਸਤ ਮਾਹੌਲ ਪੈਦਾ ਕਰ ਦਿੰਦੇ ਹਨ। ਜਿਸ ਕਾਰਨ ਵਿਦਿਆਰਥੀ ਸਾਰਥਕ ਨਤੀਜੇ ਨਹੀਂ ਦੇ ਪਾਉਂਦਾ ।ਸਿੱਖਿਆ ਦਾ ਵਪਾਰੀਕਰਨ ਵੱਧਣ ਨਾਲ ਹੀ ਪ੍ਰੀਖਿਆ ਵਿੱਚ ਵੱਧ ਅੰਕ ਲੈਣ ਦੀ ਅੰਨ੍ਹੀ ਦੌੜ ਲੱਗ ਗਈ ਹੈ। ਕਿਸੇ ਸਮੇਂ 60 ਪ੍ਰਤੀਸ਼ਤ ਅੰਕ ਅਰਥਾਤ ਫਸਟ ਡਵੀਜ਼ਨ ਨੂੰ ਵੀ ਮਹੱਤਵਪੂਰਨ ਸਮਝਿਆ ਜਾਂਦਾ ਸੀ। ਪ੍ਰੰਤੂ ਅਜੋਕੇ ਯੁੱਗ ਵਿੱਚ 95 ਪ੍ਰਤੀਸ਼ਤ ਅੰਕ ਵੀ ਕਈ ਵਾਰ ਘੱਟ ਜਾਪਦੇ ਹਨ। ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਹੀ ਨਹੀਂ ਹੈ । ਸਿੱਖਿਆ ਇੱਕ ਵਿਸ਼ਾਲ ਸ਼ਬਦ ਹੈ , ਜੋ ਬੱਚੇ ਨੂੰ ਜੀਵਨ-ਜਾਚ ਸਿਖਾਉਣ ਅਤੇ ਉਸ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੁੰਦੀ ਹੈ।
ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨਾ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਜਰੂਰਤ ਬਣ ਚੁੱਕਿਆ ਹੈ। ਪ੍ਰੀਖਿਆ ਖਾਸ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਲਈ ਬੋਝ ਬਣਦੀ ਹੈ, ਜਿਹੜੇ ਵਿਦਿਆਰਥੀ ਸਿਰਫ ਪ੍ਰੀਖਿਆ ਦੇ ਨਜ਼ਦੀਕ ਆਉਂਣ ਤੇ ਹੀ ਪੜ੍ਹਾਈ ਸ਼ੁਰੂ ਕਰਦੇ ਹਨ । ਪੜ੍ਹਾਈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ । ਜਿਹੜੇ ਵਿਦਿਆਰਥੀ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਸਿਲੇਬਸ ਦੀ ਵੰਡ ਸੁਚੱਜੇ ਢੰਗ ਨਾਲ ਕਰ ਕੇ ਨਿਯਮਤ ਰੂਪ ਵਿੱਚ ਹਰ ਵਿਸ਼ੇ ਦੀ ਤਿਆਰੀ ਕਰਦੇ ਹਨ, ਉਨ੍ਹਾਂ ਨੂੰ ਪ੍ਰੀਖਿਆ ਦੇ ਦਿਨਾਂ ਵਿਚ ਬਹੁਤ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰੀਖਿਆ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਸਭ ਤੋਂ ਮਹੱਤਵਪੂਰਨ ਨੁਕਤਾ ਹੈ ਕਿ
ਵਿਦਿਆਰਥੀ ਪੜ੍ਹਾਈ ਦੀ ਤਿਆਰੀ ਲਈ ਠੋਸ ਯੋਜਨਾਬੰਦੀ ਕਰੇ ਅਤੇ ਸਵੈ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਬਣਾਏ। ਸਭ ਤੋਂ ਪਹਿਲਾਂ ਤਾਂ ਹਰ ਵਿਸ਼ੇ ਦੇ ਸਿਲੇਬਸ ਸਬੰਧੀ ਪੂਰੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਉਸ ਉਪਰੰਤ ਪ੍ਰਸ਼ਨ ਪੱਤਰ ਦਾ ਪੈਟਰਨ, ਚੈਪਟਰ ਅਨੁਸਾਰ ਨੰਬਰਾਂ ਦੀ ਵੰਡ ਅਤੇ ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਨਾਲ ਪ੍ਰੀਖਿਆ ਦੀ ਤਿਆਰੀ ਕਰਨੀ ਆਸਾਨ ਹੋ ਜਾਂਦੀ ਹੈ।
ਪੜ੍ਹਾਈ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ, ਕਿ ਜਿਸ ਤਰੀਕੇ ਨਾਲ ਸਕੂਲ ਵਿੱਚ ਟਾਈਮ ਟੇਬਲ ਬਨਾਇਆ ਜਾਂਦਾ ਹੈ, ਉਸੇ ਹੀ ਤਰਜ਼ ਤੇ ਵਿਦਿਆਰਥੀ ਆਪਣਾ ਖੁਦ ਦਾ ਟਾਈਮ ਟੇਬਲ ਘਰ ਵਿੱਚ ਪੜਾਈ ਲਈ ਵੀ ਬਣਾਏ। ਹਰ ਵਿਸ਼ੇ ਲਈ ਠੋਸ ਯੋਜਨਾਬੰਦੀ ਕਰਦੇ ਹੋਏ, ਜ਼ਰੂਰਤ ਅਨੁਸਾਰ ਸਮਾਂ ਨਿਸ਼ਚਿਤ ਕੀਤਾ ਜਾਏ, ਸ਼ੁਰੂਆਤ ਥੋੜੇ ਸਮੇਂ ਤੋਂ ਕੀਤੀ ਜਾ ਸਕਦੀ ਹੈ। ਕੀ ਕਰਨਾ ਹੈ, ਕਦੋਂ ਕਰਨਾ ਹੈ ਅਤੇ ਕਿੰਨਾ ਪੜ੍ਹਨਾ ਹੈ ਨਿਸ਼ਚਿਤ ਕੀਤਾ ਜਾਵੇ। ਪੜ੍ਹਾਈ ਦੀ ਯੋਜਨਾ ਬਣਾਉਣ ਉਪਰੰਤ ਉਸ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਯਤਨ ਕੀਤੇ ਜਾਣ, ਖੁਦ ਤੇ ਵਿਸ਼ਵਾਸ ਕਰੋ, ਜਿਹੜੀਆਂ ਚੀਜ਼ਾਂ ਜਾਂ ਗਤੀਵਿਧੀਆਂ ਪੜ੍ਹਾਈ ਵਿੱਚ ਰੁਕਾਵਟ ਬਣਦੀਆਂ ਹਨ, ਉਹਨਾਂ ਤੋਂ ਦੂਰ ਰਿਹਾ ਜਾਵੇ। ਪੜ੍ਹਾਈ ਸਬੰਧੀ ਕੀਤੀ ਯੋਜਨਾ ਦਾ ਕੁਝ ਦਿਨ ਬਾਅਦ ਕੰਟਰੋਲ ਪ੍ਰਕਿਰਿਆ ਤਹਿਤ ਵਿਸ਼ਲੇਸ਼ਣ ਜਰੂਰ ਕੀਤਾ ਜਾਵੇ। ਕੀਤੇ ਹੋਏ ਕੰਮ ਦੀ, ਪਹਿਲਾਂ ਨਿਸ਼ਚਿਤ ਕੀਤੇ ਟਾਰਗੈਟ ਨਾਲ ਤੁਲਨਾ ਕੀਤੀ ਜਾਵੇ। ਜੇ ਪੜ੍ਹਾਈ ਯੋਜਨਾ ਅਨੁਸਾਰ ਚੱਲ ਰਹੀ ਹੈ, ਤਾਂ ਖੁਦ ਨੂੰ ਸ਼ਾਬਾਸ਼ ਜਰੂਰ ਦਿਓ। ਲੇਕਿਨ ਜੇ ਮਿਥੇ ਟੀਚੇ ਅਨੁਸਾਰ ਸਿਲੇਬਸ ਪੂਰਾ ਨਹੀਂ ਹੋਇਆ ਤਾਂ ਉਨ੍ਹਾਂ ਕਾਰਨਾਂ ਦਾ ਪਤਾ ਲਗਾਇਆ ਜਾਵੇ, ਜਿਹੜੇ ਪੜਾਈ ਵਿਚ ਰੁਕਾਵਟ ਬਣੇ ਹਨ। ਫਿਰ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਨ। ਇਸ ਤਰੀਕੇ ਨਾਲ ਪੜ੍ਹਾਈ ਕਰਨ ਦੀ ਬਦੌਲਤ ਮੇਰੇ ਅਨੇਕਾਂ ਹੀ ਵਿਦਿਆਰਥੀ ਸਫ਼ਲਤਾ ਦੀਆਂ ਮੰਜ਼ਿਲਾਂ ਸਰ ਕਰ ਚੁਕੇ ਹਨ।
ਸਿੱਖਿਆ ਸਬੰਧੀ ਇੱਕ ਕਹਾਵਤ ਹੈ ਕਿ “ਸਿਖਿਆ ਲਈ ਚੰਗਾ ਵਾਤਾਵਰਨ ਬਣਾਓ, ਬਾਕੀ ਕੰਮ ਵਾਤਾਵਰਨ ਖੁਦ ਹੀ ਕਰ ਦੇਵੇਗਾ” ਇਸ ਲਈ ਪੜ੍ਹਾਈ ਹਮੇਸ਼ਾ ਸ਼ਾਂਤ, ਸਥਿਰ ਅਤੇ ਸੁਚੱਜੇ ਮਾਹੌਲ ਵਿੱਚ ਕਰਨੀ ਚਾਹੀਦੀ ਹੈ। ਇਸ ਦੇ ਹਮੇਸ਼ਾ ਹੀ ਸਾਰਥਕ ਨਤੀਜੇ ਨਿਕਲਦੇ ਹਨ। ਪੜ੍ਹਾਈ ਕਰਦੇ ਸਮੇਂ ਟੀ. ਵੀ., ਕੰਪਿਊਟਰ , ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਮੁਬਾਇਲ ਫੋਨ ਆਦਿ ਤੋਂ ਦੂਰੀ ਬਣਾਉਣੀ ਬੇਹੱਦ ਜ਼ਰੂਰੀ ਹੈ। ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਇੰਟਰਨੈਟ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਸਿਰਫ਼ ਪੜ੍ਹਾਈ ਨਾਲ ਸਬੰਧਤ ਜਾਣਕਾਰੀ ਲੈਣ ਲਈ ਹੀ ਕੀਤੀ ਜਾਵੇ। ਪੜ੍ਹਾਈ ਲਈ ਇਕਾਗਰਤਾ ਦਾ ਹੋਣਾ ਵੀ ਬੇਹੱਦ ਜ਼ਰੂਰੀ ਹੈ । ਪੂਰਾ ਦਿਨ ਕਿਤਾਬ ਲੈ ਕੇ ਬੈਠਣ ਨਾਲੋਂ ਥੋੜ੍ਹਾ ਸਮਾਂ ਮਨ ਲਗਾ ਕੇ ਪੜਨਾਂ ਜ਼ਿਆਦਾ ਲਾਹੇਵੰਦ ਸਾਬਿਤ ਹੁੰਦਾ ਹੈ।
ਪ੍ਰੀਖਿਆ ਲਈ ਸਕਾਰਾਤਮਕ ਤਨਾਅ ਜਾਂ ਥੋੜ੍ਹਾ ਜਿਹਾ ਡਰ ਵੀ ਜ਼ਰੂਰ ਹੋਣਾ ਚਾਹੀਦਾ ਹੈ,ਇਸ ਨਾਲ ਹੀ ਤਾਂ ਹੋਰ ਬੇਹਤਰ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪ੍ਰੰਤੂ ਨਕਾਰਾਤਮਕ ਤਨਾਅ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਪ੍ਰੀਖਿਆ ਦੇ ਨਜ਼ਦੀਕ ਵਿਦਿਆਰਥੀਆਂ ਨੂੰ ਸੋਚ ਦਾ ਦਾਇਰਾ ਵਰਤਮਾਨ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਇਸ ਸਮੇਂ ਭੁਤਕਾਲ ਦੀਆਂ ਨਾਕਾਮਯਾਬੀਆ ਅਤੇ ਭਵਿੱਖ ਨੂੰ ਲੈ ਕੇ ਚਿੰਤਿਤ ਹੋਣਾ ਨੁਕਸਾਨਦੇਹ ਸਾਬਿਤ ਹੁੰਦਾ ਹੈ।
ਪ੍ਰੀਖਿਆਵਾਂ ਦੇ ਦੌਰਾਨ ਨਕਾਰਾਤਮਕ ਵਿਚਾਰ ਅਤੇ ਨਕਾਰਾਤਮਕ ਸੋਚ ਵਾਲੇ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਪ੍ਰੀਖਿਆ ਦੀ ਤਿਆਰੀ ਸਬੰਧੀ ਚਰਚਾ ਸਿਰਫ਼ ਸੀਮਤ ਲੋਕਾਂ ਨਾਲ ਹੀ ਕਰਨੀ ਚਾਹੀਦੀ ਹੈ, ਜ਼ਿਆਦਾ ਚਰਚਾ ਵੀ ਹਾਨੀਕਾਰਕ ਹੈ। ਪੜ੍ਹਾਈ ਨਾਲ ਸਬੰਧਤ ਸ਼ੰਕੇ ਜਲਦ ਤੋਂ ਜਲਦ ਦੂਰ ਕਰ ਲੈਣੇ ਚਾਹੀਦੇ ਹਨ।
ਇਸ ਤੋ ਇਲਾਵਾ ਉੱਚਿਤ ਨੀਂਦ, ਸੰਤੁਲਿਤ ਖ਼ੁਰਾਕ, ਥੋੜੇ ਸਮੇਂ ਲਈ ਸਰੀਰਕ ਕਸਰਤ ਜਾਂ ਸੈਰ ਅਤੇ ਕੁਝ ਸਮੇਂ ਲਈ ਰੁਚੀ ਅਨੁਸਾਰ ਕੀਤੀਆਂ ਗਈਆਂ ਮਨੋਰੰਜਨਦਾਇਕ ਗਤੀਵਿਧੀਆਂ ਵਿਦਿਆਰਥੀ ਨੂੰ ਤਰੋਤਾਜਾ ਰੱਖਦੀਆਂ ਹਨ ਅਤੇ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਦੇਣ ਲਈ ਸਹਾਈ ਹੁੰਦੀਆਂ ਹਨ।
ਪ੍ਰੀਖਿਆ ਆਪਣੇ ਆਪ ਦੀ ਕਾਬਲੀਅਤ ਅਤੇ ਮਿਹਨਤ ਨੂੰ ਜਾਨਣ ਦਾ ਇੱਕ ਮੌਕਾ ਹੈ , ਇਹ ਚੁਣੌਤੀ ਨਹੀਂ ਬਲਕਿ ਅਵਸਰ ਹੈ।
ਡਾ. ਸਤਿੰਦਰ ਸਿੰਘ
ਸਟੇਟ ਅਤੇ ਨੈਸ਼ਨਲ ਅਵਾਰਡੀ,
ਪ੍ਰਿੰਸੀਪਲ
ਧਵਨ ਕਲੋਨੀ ਫਿਰੋਜ਼ਪੁਰ।
9815427554