ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ 6 ਲੱਖ ਰੁਪਏ ਦੀ ਠੱਗੀ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ 6 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਚਾਰ ਲੋਕਾਂ ਖਿਲਾਫ 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕਿਲਚੇ ਦਾਖਲੀ ਦੁਲਚੀਕੇ ਦੇ ਰਹਿਣ ਵਾਲੇ ਪੂਰਨ ਪੁੱਤਰ ਬਹਾਵਲ ਨੇ ਦੱਸਿਆ ਕਿ ਬਿੱਲਾ ਪੁੱਤਰ ਬੋਹੜਾ, ਸਲੀਮ ਪੁੱਤਰ ਬੋਹੜਾ, ਕਿਰਨਾ ਪਤਨੀ ਬਿੱਲਾ ਵਾਸੀ ਦੁਲਚੀਕੇ ਅਤੇ ਕਸ਼ਮੀਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਕੋਠੀ ਰਾਏ ਸਾਹਿਬ ਨੇ ਉਸ ਨੂੰ ਕਿਹਾ ਸੀ ਕਿ ਉਹ ਪੈਸੇ ਦੁਗਣੇ ਕਰਨ ਦਾ ਕੰਮ ਕਰਦੇ ਹਨ। ਪੂਰਨ ਨੇ ਕਿਹਾ ਕਿ ਉਸ ਨੇ 6 ਲੱਖ ਰੁਪਏ ਉਕਤ ਵਿਅਕਤੀਆਂ ਨੂੰ ਦੁਗਣੇ ਕਰਨ ਲਈ ਦਿੱਤੇ। ਪੂਰਨ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਨੇ ਨਾ ਤਾਂ ਉਸ ਨੂੰ ਪੈਸੇ ਦੁਗਣੇ ਕਰਕੇ ਦਿੱਤੇ ਹਨ ਅਤੇ ਨਾ ਹੀ ਦਿੱਤੇ ਹੋਏ ਪੈਸੇ ਵਾਪਸ ਕਰ ਰਹੇ ਹਨ। ਉਸ ਨੇ ਦੱਸਿਆ ਕਿ ਇਸ ਤਰ•ਾਂ ਉਕਤ ਲੋਕਾਂ ਨੇ ਉਸ ਕੋਲੋਂ 6 ਲੱਖ ਰੁਪਏ ਠੱਗ ਲਏ ਹਨ। ਪੂਰਨ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਪੂਰਨ ਸਿੰਘ ਦੇ ਬਿਆਨਾਂ ਤੇ ਬਿੱਲਾ, ਸਲੀਮ, ਕਿਰਨਾ ਅਤੇ ਕਸ਼ਮੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।