ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਪਿੰਡਾਂ ਚ ਵਿਕਾਸ ਦੇ ਕੰਮ ਕਰਵਾਏ ਜਾਣ – ਵਿਧਾਇਕ ਦਹੀਯਾ
ਸਰਪੰਚ ਅਤੇ ਮੈਂਬਰ ਆਪਸੀ ਤਾਲਮੇਲ ਬਣਾ ਕੇ ਰੱਖਣ
ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਪਿੰਡਾਂ ਚ ਵਿਕਾਸ ਦੇ ਕੰਮ ਕਰਵਾਏ ਜਾਣ – ਵਿਧਾਇਕ ਦਹੀਯਾ
• ਸਰਪੰਚ ਅਤੇ ਮੈਂਬਰ ਆਪਸੀ ਤਾਲਮੇਲ ਬਣਾ ਕੇ ਰੱਖਣ
• ਵਿਧਾਇਕ ਰਜਨੀਸ਼ ਦਹੀਯਾ ਨੇ ਘੱਲਖੁਰਦ ਬਲਾਕ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ, ਸੁਣੀਆਂ ਮੁਸ਼ਕਲਾਂ
ਫਿਰੋਜ਼ਪੁਰ 02 ਜਨਵਰੀ, 2025: ਪਿੰਡਾਂ ਵਿੱਚ ਪਾਰਟੀਬਾਜੀ, ਜਾਤ/ਧਰਮ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮ ਕਰਵਾਏ ਜਾਣ, ਕਿਉਂਕਿ ਸਰਪੰਚ ਸਾਰੇ ਪਿੰਡ ਦਾ ਹੁੰਦਾ ਹੈ ਨਾ ਕਿ ਕਿਸੇ ਇੱਕ ਪਾਰਟੀ ਦਾ। ਇਹ ਪ੍ਰਗਟਾਵਾ ਹਲਕਾ ਫਿਰੋਜਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਨੇ ਸਰਕਟ ਹਾਊਸ ਵਿਖੇ ਬਲਾਕ ਘੱਲ ਖੁਰਦ ਦੇ ਸਰਪੰਚਾਂ ਨਾਲ ਮੀਟਿੰਗ ਕਰਨ ਮੌਕੇ ਕੀਤਾ| ਇਸ ਮੌਕੇ ਬੀਡੀਪੀਓ, ਪੰਚਾਇਤ ਸੈਕਟਰੀ, ਪਟਵਾਰੀ ਆਦਿ ਵੀ ਮੌਜੂਦ ਸਨ।
ਵਿਧਾਇਕ ਰਜਨੀਸ਼ ਦਹੀਯਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪਿੰਡਾਂ ਦੇ ਵਿਕਾਸ ਲਈ ਫੰਡ ਜਾਰੀ ਕੀਤੇ ਜਾਣਗੇ ਅਤੇ ਪਿੰਡਾਂ ਵਿੱਚ ਕੰਮਾਂ ਦੇ ਮੁਤਾਬਿਕ ਇਹ ਫੰਡਾ ਦੀ ਵੰਡ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਫੰਡ ਪ੍ਰਾਪਤ ਹੋਣ ਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਪੂਰੀ ਇਮਾਨਦਾਰੀ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਵਾਏ ਜਾਣ ਅਤੇ ਕਿਸੇ ਤਰ੍ਹਾਂ ਦਾ ਕੋਈ ਵੀ ਭੇਦ-ਭਾਵ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਪੰਚ ਕੋਈ ਵੀ ਮੱਤਾ ਪਾਉਣ ਤੋਂ ਪਹਿਲਾਂ ਮੈਂਬਰਾਂ ਅਤੇ ਪਿੰਡਾਂ ਦੇ ਲੋਕਾਂ ਨਾਲ ਸਾਂਝੇ ਤਰੀਕੇ ਨਾਲ ਸਲਾਹ ਕਰਨ ਅਤੇ ਸਾਰਿਆ ਨੂੰ ਨਾਲ ਲੈ ਕੇ ਹੀ ਪਿੰਡਾਂ ਵਿੱਚ ਵਿਕਾਸ ਦੇ ਕੰਮ ਕਰਵਾਉਣ ਕਿਉਂਕਿ ਕਿ ਸਾਰਿਆਂ ਦੇ ਸਾਥ ਨਾਲ ਇੱਕ ਖੁਸ਼ਹਾਲ ਤੇ ਮਜ਼ਬੂਤ ਪਿੰਡ ਬਣਦਾ ਹੈ।
ਵਿਧਾਇਕ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਪਿੰਡਾਂ ਵਿੱਚ ਹੇਠਲੇ ਤਬਕੇ ਦੇ ਰਹਿੰਦੇ ਲੋਕਾਂ ਦੇ ਏਰੀਏ ਵਿੱਚ ਵਿਕਾਸ ਨਹੀਂ ਕਰਵਾਇਆ ਗਿਆ ਜਦਕਿ ਹੁਣ ਇਸ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ ਕਿ ਹਰੇਕ ਵਰਗ ਦਾ ਵਿਕਾਸ ਹੋਵੇ ਅਤੇ ਪਿੰਡ ਦੇ ਹਰ ਏਰੀਏ ਵਿੱਚ ਇੰਟਰਲਾਕ ਟਾਈਲਾਂ, ਲਾਈਟਾਂ ਆਦਿ ਸਾਰੇ ਕੰਮ ਨਿਰਪੱਖ ਤਰੀਕੇ ਨਾਲ ਹੀ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਰਪੰਚ ਪੰਚਾਇਤ ਸਕੱਤਰਾ, ਜੀ.ਆਰ.ਐਸ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਰੱਖਣ ਅਤੇ ਪੂਰੀ ਤਸਲੀ ਨਾਲ ਪਿੰਡਾਂ ਵਿੱਚ ਕੰਮ ਕਰਵਾਉਣ ਅਤੇ ਜੇਕਰ ਕੋਈ ਵੀ ਇਸ ਵਿੱਚ ਅਣਗਹਿਲੀ ਕਰਦਾ ਜਾਂ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਨੂੰ ਬਿੱਲਕੁਲ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਅਤੇ 100 ਫੀਸਦੀ ਵਿਕਾਸ ਦਾ ਕੰਮ ਕਰਵਾਉਣਾ ਹੈ।
ਇਸ ਦੌਰਾਨ ਉਨ੍ਹਾਂ ਸਰਪੰਚਾਂ ਨੂੰ ਪਿੰਡਾਂ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਲਈ ਉਨ੍ਹਾਂ ਤੋਂ ਸੁਝਾਅ ਵੀ ਲਏ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਪੰਚ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਕਿਉਂਕਿ ਉਹ ਹਰ ਵਕਤ ਉਨ੍ਹਾਂ ਦੇ ਸਹਿਯੋਗ ਲਈ ਹਾਜ਼ਰ ਹਨ। ਇਸ ਦੌਰਾਨ ਉਨ੍ਹਾਂ ਮੌਕੇ ਤੇ ਮੋਜੂਦ ਬੀਡੀਪੀਓ, ਪੰਚਾਇਤ ਸਕੱਤਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕਰਨ ਅਤੇ ਸਰਪੰਚਾ ਨੂੰ ਕੰਮਾਂ ਵਿੱਚ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪਿੰਡ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਨਿੱਜੀ ਸਕੱਤਰ ਰੋਬੀ ਸੰਧੂ ਵੀ ਹਾਜ਼ਰ ਸਨ।